ਬਸੰਤ ਪੰਚਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਹਤਿੰਦਰ ਮਹਿਤਾ
ਜਲੰਧਰ, 2 ਫਰਵਰੀ
ਜ਼ਿਲ੍ਹੇ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਹਿਰ ਸਮੇਤ ਪੇਂਡੂ ਖੇਤਰ ਵਿੱਚ ਪਤੰਗਬਾਜ਼ੀ ਦੇ ਸ਼ੌਕੀਨ ਪਤੰਗ ਚੜ੍ਹਾਉਂਦੇ ਨਜ਼ਰ ਆਏ।
ਬਸੰਤ ਦੀ ਆਮਦ ਨੂੰ ਦਰਸਾਉਂਦੇ ਹੋਏ ਅਤੇ ਦੇਵੀ ਸਰਸਵਤੀ ਨੂੰ ਸਮਰਪਿਤ ਤਿਉਹਾਰ, ਪੂਰੇ ਜ਼ਿਲ੍ਹੇ ਵਿੱਚ ਜਸ਼ਨਾਂ ਵਿੱਚ ਇੱਕ ਬਿਲਕੁਲ ਉਲਟ ਨਜ਼ਰ ਆਇਆ। ਰੈਣਕ ਬਾਜ਼ਾਰ, ਸ਼ੇਖਾ ਬਾਜ਼ਾਰ, ਭਾਰਗੋ ਕੈਂਪ ਅਤੇ ਗਾਂਧੀ ਕੈਂਪ, ਆਦਮਪੁਰ, ਨਕੋਦਰ, ਨੂਰਮਹਿਲ, ਜਡਿਆਲਾ, ਅਲਾਵਲਪੁਰ. ਜਮਸ਼ੇਰ, ਕਠਾਰ ਸਮੇਤ ਹੋਰੇ ਖੇਤਰਾਂ ਵਿੱਚ, ਅਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰਿਆ ਦਿਖਾਈ ਦੇ ਰਿਹਾ ਸੀ। ਜਿਵੇਂ ਹੀ ਕਿਸੇ ਦੀ ਪਤੰਗ ਕੱਟੀ ਜਾਂਦੀ ਤਾਂ ‘ਆਈ ਬੋ-ਕਾਟਾ’ ਆਵਾਜ਼ ਆਉਂਦੀ। ਇਸ ਦੌਰਾਨ ਲੋਕਾਂ ਨੇ ਘਰਾਂ ’ਤੇ ਡੀਜੇ ਲਾਏ ਹੋਏ ਸਨ। ਤਿਉਹਾਰ ਦੀ ਧੂਮ-ਧਾਮ ਵਿੱਚ ਵਾਧਾ ਕਰਦੇ ਹੋਏ ਨਗਰ ਕੌਂਸਲਰ ਸ਼ੈਰੀ ਚੱਢਾ ਨੇ ਵਾਰਡ 27 ਅਤੇ 28 ਵਿੱਚ ਬਸੰਤ ਪੰਚਮੀ ਦਾ ਵਿਸ਼ੇਸ਼ ਸਮਾਗਮ ਕਰਵਾਇਆ, ਜਿੱਥੇ ਵਸਨੀਕਾਂ ਨੇ ਇਕੱਠੇ ਹੋ ਕੇ ਛੱਤਾਂ ’ਤੇ ਪਤੰਗ ਉਡਾ ਕੇ ਅਤੇ ਨੱਚ ਕੇ ਖੁਸ਼ੀ ਮਨਾਈ। ਭਾਰਗੋ ਕੈਂਪ ਵਿੱਚ ਜਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਸਥਾਨਕ ਨਿਵਾਸੀ ਅਨਿਲ ਸ਼ਰਮਾ ਨੇ ਕਿਹਾ, “ਬਸੰਤ ਪੰਚਮੀ ਸਿਰਫ ਪਤੰਗਾਂ ਬਾਰੇ ਨਹੀਂ ਹੈ, ਇਹ ਕੁਦਰਤ ਅਤੇ ਇੱਕਜੁਟਤਾ ਨੂੰ ਮਨਾਉਣ ਬਾਰੇ ਹੈ।’’
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਗੁਰਦੁਆਰਾ ਜਾਹਰਾ ਜਹੂਰ ਪੁਰਹੀਰਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਆਖੰਡ ਪਾਠ ਦੇ ਭੋਗ ਉਪਰੰਤ ਸਜਾਏ ਕੀਰਤਨ ਦੀਵਾਨ ਦੌਰਾਨ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਇਕਬਾਲ ਸਿੰਘ ਹੁਸ਼ਿਆਰਪੁਰ, ਢਾਡੀ ਭਾਈ ਜਸਵੀਰ ਸਿੰਘ ਮੋਹਲਕੇ, ਢਾਡੀ ਭਾਈ ਸੁਲੱਖਣ ਸਿੰਘ ਚੌਧਰਪੁਰ, ਪ੍ਰੋਫੈਸਰ ਤਰਨਜੀਤ ਸਿੰਘ ਗੁਰਮਤ ਸੰਗੀਤ ਅਕੈਡਮੀ, ਭਾਈ ਬਲਵੀਰ ਸਿੰਘ ਕਵੀਸ਼ਰ, ਭਾਈ ਮਲੂਕ ਸਿੰਘ ਕਵੀਸ਼ਰ, ਭਾਈ ਜਗਵੀਰ ਸਿੰਘ ਰਾਜਪੁਰ ਭਾਈਆਂ ਕਵੀਸ਼ਰ, ਭਾਈ ਕਰਮਜੀਤ ਸਿੰਘ ਪਧਿਆਣਾ, ਭਾਈ ਬਲਵੀਰ ਸਿੰਘ ਹੁਸੈਨਪੁਰੀ ਕਵੀਸ਼ਰ, ਭਾਈ ਹਰਦੀਪ ਸਿੰਘ ਹਜ਼ੂਰੀ ਰਾਗੀ, ਭਾਈ ਨਰਿੰਦਰ ਸਿੰਘ ਸ਼ੇਖ ਮਿਸ਼ਨਰੀ ਕਾਲਜ, ਭਾਈ ਸਰਬਜੀਤ ਸਿੰਘ ਗੁਰਦੁਆਰਾ ਸਿੰਘ ਸਭਾ ਹੁਸ਼ਿਆਰਪੁਰ, ਗੁਰਮਤਿ ਸੰਗੀਤ ਅਕੈਡਮੀ ਗੁਰਦੁਆਰਾ ਜਾਹਰਾ ਜਹੂਰ ਦੇ ਵਿਦਿਆਰਥੀ ਬਲਵਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ।
ਸਿੰਘ ਸਾਹਿਬ ਭਾਈ ਰਾਜਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਸਿੰਘ ਰਾਏ, ਧੰਨ ਗੁਰੂ ਰਾਮਦਾਸ ਲੰਗਰ ਸੇਵਾ ਅਸਥਾਨ ਪੁਰਹੀਰਾਂ ਦੇ ਮੁੱਖ ਪ੍ਰਬੰਧਕ ਗੁਰ ਲਿਆਕਤ ਸਿੰਘ ਬਰਾੜ, ਪਰਮਿੰਦਰ ਸਿੰਘ ਹੀਰ, ਸੰਤ ਬਲਬੀਰ ਸਿੰਘ ਟਿੱਬਾ ਸਾਹਿਬ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਆਦਿ ਵੀ ਸ਼ਾਮਲ ਸਨ। ਮੰਚ ਸੰਚਾਲਨ ਭਾਈ ਤਰਨਜੀਤ ਸਿੰਘ ਨੇ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਚੀਫ਼ ਖਾਲਸਾ ਦੀਵਾਨ ਦੇ ਪ੍ਰਬੰਧਾਂ ਅਧੀਨ ਚਲਦੇ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਵਿਦਿਆਰਥੀ ਪੀਲੇ ਰੰਗ ਦੇ ਵਸਤਰਾਂ ਵਿੱਚ ਸੱਜੇ ਇੱਕ ਵਿਲੱਖਣ ਦ੍ਰਿਸ਼ ਪੇਸ਼ ਕਰ ਰਹੇ ਸਨ| ਵਿਦਿਆਰਥੀਆਂ ਵੱਲੋਂ ਰੂਪ ਬਸੰਤ ਨਾਲ ਸਬੰਧਤ ਕਵੀਸ਼ਰੀ ਦਾ ਗਾਇਨ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਪ੍ਰਿੰਸੀਪਲ ਸਤਵੰਤ ਸਿੰਘ ਬੈਂਸ ਤੋਂ ਇਲਾਵਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਚਾਰਜ ਰਣਦੀਪ ਸਿੰਘ, ਹਰਜੀਤ ਸਿੰਘ, ਗੁਰਿੰਦਰ ਸਿੰਘ ਅਤੇ ਨਵਜੋਤ ਸਿੰਘ ਨੇ ਬਸੰਤ ਦੇ ਆਉਣ ’ਤੇ ਮੌਸਮ ਵਿੱਚ ਹੋ ਰਹੀ ਤਬਦੀਲੀ ਨੂੰ ਸਵਾਗਤ ਯੋਗ ਕਿਹਾ| ਉਨ੍ਹਾਂ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਲਈ ਚਾਈਨਾ ਡੋਰ ਨਾ ਵਰਤਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਡੋਰ ਪੰਛੀਆਂ, ਮਨੁੱਖਾਂ ਅਤੇ ਵਾਤਾਵਰਨ ਲਈ ਖਤਰਨਾਕ ਹੈ।