ਬਸੰਤ ਪੰਚਮੀ ਜੋੜ ਮੇਲ ਅੱਜ ਤੋਂ
ਸਰਬਜੀਤ ਸਿੰੰਘ ਭੰਗੂ
ਪਟਿਆਲਾ, 30 ਜਨਵਰੀ
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ 2 ਫਰਵਰੀ ਨੂੰ ਹੋਣ ਬਸੰਤ ਪੰਚਮੀ ਮੌਕੇ ’ਤੇ ਹੋਣ ਵਾਲੇ ਜੋੜ ਮੇਲ ਸਬੰਧੀ 31 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੀ ਸਮਾਗਮ ਦੀ ਆਰੰਭਤਾ ਵੀ ਹੋ ਜਾਵੇਗੀ। ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਅੰਦਰ ਸਜਾਵਟੀ ਦੀਪਮਾਲਾ ਕੀਤੀ ਗਈ ਹੈ ਤੇ ਸਮਾਗਮ ਵਿੱਚ ਫੁੱਲਾਂ ਦੀ ਸਜਾਵਟ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਉੱਧਰ, ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਇੱਥੋਂ ਦੇ ਸਮੂਹ ਮੁਲਾਜ਼ਮਾਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਕਵੀ ਦਰਬਾਰ, ਗੁਰਮਤਿ ਸਮਾਗਮ ਅਤੇ ਢਾਡੀ ਦਰਬਾਰ ਵੀ ਹੋਵੇਗਾ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਤੇ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਤੇ ਹੋਰਾਂ ਨੇ ਗੁਰਦੁਆਰਾ ਕੰਪਲੈਕਸ ਅੰਦਰ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਵੱਖ-ਵੱਖ ਸਿੱਖ ਸਭਾਵਾਂ ਅਤੇ ਸੁਸਾਇਟੀਆਂ ਸਮੇਤ ਹੋਰ ਸ਼ਰਧਾਲੂਆਂ ਵੱਲੋਂ ਸੰਗਤਾਂ ਲਈ ਅਤੁੱਟ ਲਗਾਏ ਜਾਣਗੇ ਜਿਨ੍ਹਾਂ ਨੂੰ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਦੌਰਾਨ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮਨਦੀਪ ਸਿੰਘ ਭਲਵਾਨ, ਰਿਕਾਰਡ ਕੀਪਰ ਸਰਬਜੀਤ ਸਿੰਘ, ਸਹਾਇਕ ਰਿਕਾਰਡ ਕੀਪਰ ਹਜੂਰ ਸਿੰਘ ਸਮਾਣਾ ਤੇ ਹਰਵਿੰਦਰ ਸਿੰਘ ਕਾਲਵਾ ਸਮੇਤ ਹੋਰ ਪਤਵੰਤੇ ਮੌਜੂਦ ਸਨ।