ਬਸੰਤ ਪੰਚਮੀ: ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਨਤਮਸਤਕ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਫਰਵਰੀ
ਬਸੰਤ ਪੰਚਮੀ ਮੌਕੇ ਅੱਜ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ, ਗੁਰਦੁਆਰਾ ਮੋਤੀ ਬਾਗ਼ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀ ਬਹਾਦਰਗੜ੍ਹ ਸਣੇ ਹੋਰ ਗੁਰੂ ਘਰਾਂ ਵਿੱਚ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਹੋਣ ਕਰ ਕੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ। ਇਸ ਦੌਰਾਨ ਜਿੱਥੇ ਸੰਗਤ ਨੇ ਸਰੋਵਰ ’ਚ ਆਸਥਾ ਦੀ ਡੁਬਕੀ ਲਗਾਈ, ਉਥੇ ਹੀ ਬਸੰਤ ਰਾਗ ਸੰਮੇਲਨ, ਕੀਰਤਨ ਅਤੇ ਢਾਡੀ ਜਥਿਆਂ ਵੱਲੋਂ ਸੁਣਾਈਆਂ ਵਾਰਾਂ ਰਾਹੀਂ ਗੁਰਬਾਣੀ ਦਾ ਆਨੰਦ ਵੀ ਮਾਣਿਆ। ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਮਨਦੀਪ ਸਿੰਘ ਵੱਲੋਂ ਆਸਾ ਕੀ ਵਾਰ ਦਾ ਕੀਰਤਨ ਕੀਤਾ ਗਿਆ ਤੇ ਉਪਰੰਤ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਦੀਵਾਨ ਹਾਲ ਵਿੱਚ ਕਵੀ ਦਰਬਾਰ ਵੀ ਹੋਇਆ। ਇਸ ਮੌਕੇ ਸਿੱਖ ਸਭਾਵਾਂ, ਸੁਸਇਟੀਆਂ ਅਤੇ ਜਥੇਬੰਦੀਆਂ ਨੇ ਲੰਗਰ ਅਤੇ ਧਾਰਮਿਕ ਸਾਹਿਤ ਦੀ ਸਟਾਲ ਵੀ ਲਗਾਈ। ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਦੀ ਅਗਵਾਈ ਹੇਠ ਬਾਬਾ ਇੰਦਰ ਸਿੰਘ ਨੇ ਲੰਗਰ ਦੀ ਸੇਵਾ ਜਾਰੀ ਰੱਖੀ। ਜਾਣਕਾਰੀ ਅਨੁਸਾਰ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਦੀ ਅਗਵਾਈ ਹੇਠ ਹੋਏ ਇਨ੍ਹਾਂ ਸਮਾਗਮਾਂ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਕੁਲਦੀਪ ਕੌਰ ਟੌਹੜਾ ਤੇ ਨਿਰਮੈਲ ਸਿੰਘ ਜੌਲਾ ਆਦਿ ਨੇ ਹਾਜ਼ਰੀ ਭਰੀ। ਇਸ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਅਕਾਲੀ ਆਗੂ ਸੁਖਜੀਤ ਸਿੰਘ ਬਘੌਰਾ ਹਾਜ਼ਰ ਸਨ।
ਡਕਾਲਾ (ਮਾਨਵਜੋਤ ਭਿੰਡਰ): ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਅੱਜ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ। ਭਾਵੇਂ ਹਰ ਐਤਵਾਰ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਸੰਗਤ ਦੀ ਆਮਦ ਹੁੰਦੀ ਹੈ ਪਰ ਅੱਜ ਬਸੰਤ ਪੰਚਮੀ ਹੋਣ ਕਰ ਕੇ ਸੰਗਤ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ।