ਬਸੰਤ ਆਈ, ਬਹਾਰ ਆਈ
ਲੋਕ ਨਾਥ ਸ਼ਰਮਾ
ਫੁੱਲ ਕਿੰਨੇ ਵੀ ਖੂਬਸੂਰਤ ਕਿਉਂ ਨਾ ਹੋਣ ਆਖਿਰ ਨੂੰ ਮੁਰਝਾ ਜਾਂਦੇ ਹਨ, ਪ੍ਰੰਤੂ ਕੁਦਰਤ ਦੇ ਅਲੌਕਿਕ ਕ੍ਰਿਸ਼ਮੇ ਤੇ ਸਮੇਂ ਦੇ ਨਿਰੰਤਰ ਚੱਲ ਰਹੇ ਚੱਕਰ ਵੱਲ ਦੇਖੋ ਕਿ ਬਸੰਤ ਦੀ ਆਮਦ ’ਤੇ ਪੱਤਝੜ ’ਚ ਲੋਪ ਹੋਏ ਫੁੱਲ-ਫੁੱਲ ’ਤੇ ਨਵੀਂ ਬਹਾਰ ਅਤੇ ਕਲੀ-ਕਲੀ ’ਤੇ ਨਵਾਂ ਨਿਖਾਰ ਆ ਜਾਂਦਾ ਹੈ। ਉਹ ਮੁੜ ਟਹਿਕਣ-ਮਹਿਕਣ ਤੇ ਸੁਗੰਧੀਆਂ ਬਿਖੇਰਨ ਲੱਗ ਪੈਂਦੇ ਹਨ। ਕੁਦਰਤ ਦੇ ਬਲਿਹਾਰੇ ਜਾਈਏ। ਸਾਡਾ ਦੇਸ਼ ਰੰਗਾਂ, ਰੋਸ਼ਨੀਆਂ, ਰੁੱਤਾਂ, ਮੇਲਿਆਂ, ਖੁਸ਼ੀਆਂ ਤੇ ਖੇੜਿਆਂ ਦਾ ਦੇਸ਼ ਹੈ। ਰੁੱਤਾਂ ਦੇ ਵਖਰੇਵੇਂ ਤੇ ਸਹਿਜ ਪਰਿਵਰਤਨ ਵਿੱਚ ਸਾਡਾ ਇਨ੍ਹਾਂ ਸਾਰੀਆਂ ਰੁੱਤਾਂ ਦਾ ਆਪੋ-ਆਪਣਾ ਮਹੱਤਵ ਹੈ। ਹਰ ਮੌਸਮ ਦੀ ਝਲਕ ਬੜੀ ਖੂਬਸੂਰਤ ਤੇ ਦਿਲਕਸ਼ ਹੁੰਦੀ ਹੈ। ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਕਿਸੇ ਵੀ ਰੁੱਤ ਨੂੰ ਠਹਿਰਨ ਦੀ ਜਾਂਚ ਨਹੀਂ ਆਉਂਦੀ। ਠੀਕ ਕਹਿ ਰਿਹਾ ਏ ਸ਼ਾਇਰ:
ਅੰਤ ਦਾ ਵੀ ਅੰਤ ਹੁੰਦੈ,
ਕੁਝ ਵੀ ਕਿੱਥੇ ਅਨੰਤ ਹੁੰਦੈ,
ਪੱਤਝੜ ਵੀ ਇੱਕ ਘਟਨਾ ਹੈ,
ਬਾਰਾਂ ਮਹੀਨੇ ਕਿੱਥੇ ਬਸੰਤ ਹੁੰਦੈ।
ਜਿਵੇਂ ਦੀਵਾਲੀ ਤਿਉਹਾਰਾਂ ਦੀ ਰਾਣੀ ਹੈ ਤੇ ਰੰਗਾਂ, ਰੋਸ਼ਨੀਆਂ ਦਾ ਤਿਉਹਾਰ ਹੈ। ਠੀਕ ਉਸੇ ਤਰ੍ਹਾਂ ਬਸੰਤ ਵੀ ਰੁੱਤਾਂ ਦੀ ਰਾਣੀ ਹੈ। ਮਹਿਕ, ਚਹਿਕ ਤੇ ਖੁਸ਼ਹਾਲੀ ਨਾਲ ਓਤ-ਪ੍ਰੇਤ ਇਸ ਨਿਆਰੀ, ਪਿਆਰੀ, ਸੁਨਹਿਰੀ ਤੇ ਸੁਹਾਵਣੀ ਰੁੱਤ ਨੂੰ ‘ਰਿਤੂ ਰਾਜ’ ਬਸੰਤ ਪੰਚਮੀ ਤੇ ਬਹਾਰ ਦਾ ਨਾਂ ਦਿੱਤਾ ਜਾਂਦਾ ਹੈ। ਇਸ ਦਿਨ ਸਰਸਵਤੀ ਦੇਵੀ ਤੇ ਕਾਮ ਦੇਵ ਦੀ ਪੂਜਾ ਦੇ ਨਾਲ ਲਕਸ਼ਮੀ ਤੇ ਵਿਸ਼ਨੂੰ ਦੀ ਪੂਜਾ ਵੀ ਕੀਤੀ ਜਾਂਦੀ ਹੈ। ਲੋਕ ਬਸੰਤੀ ਰੰਗ ਦੇ ਕੱਪੜੇ ਪਹਿਨਦੇ ਹਨ। ਇਉਂ ਜਾਪਦਾ ਹੈ ਜਿਵੇਂ ਕੁਦਰਤ ਨੇ ਸਮੁੱਚੇ ਵਾਤਾਵਰਨ ਨੂੰ ਹੀ ਬਸੰਤੀ ਰੰਗ ਵਿੱਚ ਰੰਗ ਦਿੱਤਾ ਹੋਵੇ। ਸੂਰਜ ਦੀ ਧੁੱਪ ਨਾਲ ਬਰਫ਼ ਤੁਪਕਾ-ਤਪਕਾ ਦਰਿਆਵਾਂ ਵਿੱਚ ਵਹਿ ਕੇ ਖੇਤ-ਖਲਿਆਨ ਤੱਕ ਅਪੜਦੀ ਹੈ, ਧਰਤੀ ਗਾ ਉੱਠਦੀ ਹੈ ਅਤੇ ਕੁਦਰਤ ਦਾ ਵਿਕਾਸ ਤੇ ਖੁਸ਼ਹਾਲੀ ਦਾ ਖੂਬਸੂਰਤ ਸੁਨੇਹਾ ਵੀ ਹਾਸਲ ਹੋ ਜਾਂਦਾ ਹੈ।
ਅੱਜ ਦੇ ਪਦਾਰਥਵਾਦੀ ਦੌਰ ਵਿੱਚ ਮਨੁੱਖ ਯਥਾਰਥ ਤੋਂ ਮੂੰਹ ਮੋੜ ਰਿਹਾ ਹੈ। ਸਵਾਰਥੀ ਮਨੁੱਖ ਪੰਛੀਆਂ ਦੇ ਆਲ੍ਹਣੇ ਢਾਹ ਰਿਹਾ ਹੈ, ਰੁੱਖ ਤੇ ਮਨੁੱਖ ਦੇ ਪੁਰਾਣੇ ਤੇ ਡੂੰਘੇ ਰਿਸ਼ਤੇ ਨੂੰ ਖ਼ਤਮ ਕਰਦਾ ਹੋਇਆ, ਧਰਤੀ ਨੂੰ ਮੈਲੀ ਕਰਨ ਤੇ ਉਜਾੜਨ ਲਈ ਕੁਹਾੜਾ ਚੁੱਕੀ ਫਿਰਦਾ ਹੈ। ਕੌੜੀ ਤੇ ਸੌੜੀ ਸੋਚ ਵਾਲੇ, ਰੁੱਖਾਂ ਦੀ ਕਟਾਈ ਕਰਕੇ, ਧਰਤੀ ਨੂੰ ਗੰਜੀ ਹੀ ਨਹੀਂ, ਨਿਰਵਸਤਰ ਕਰਨ ’ਤੇ ਤੁਲੇ ਹੋਏ ਹਾਂ। ਇਹ ਸੌਦਾ ਬਹੁਤ ਹੀ ਮਹਿੰਗਾ ਪੈਣ ਵਾਲਾ ਹੈ। ਮਨੁੱਖ ਨੂੰ ਰੁੱਖ ਤੇ ਕੁੱਖ ਦੀ ਰਾਖੀ ਕਰਨੀ ਚਾਹੀਦੀ ਹੈ।
ਰੁੱਖ ਸਾਡੇ ਜੀਵਨਦਾਤੇ ਤੇ ਪਾਲਣ ਹਾਰੇ ਹਨ। ਉਨ੍ਹਾਂ ਦੀ ਸਹਿਣਸ਼ੀਲਤਾ ਅੱਗੇ ਸਿਰ ਝੁਕਦਾ ਹੈ। ਰੁੱਖ ਸਿਰ ’ਤੇ ਵੱਟੇ ਪੈਣ ’ਤੇ ਵੀ ਬਦਲੇ ਵਿੱਚ ਫਲ-ਫੁੱਲ ਪ੍ਰਦਾਨ ਕਰਦੇ ਹਨ। ਕੱਟੇ-ਵੱਢੇ, ਛਿੱਲੇ ਕੁਝ ਨਹੀਂ ਬੋਲਦੇ, ਕੇਵਲ ਅੱਥਰੂ ਕੇਰਦੇ ਹਨ। ਉਨ੍ਹਾਂ ਦਾ ਰੁਦਨ ਸੁਣੋ;
ਹਮ ਛਾਇਆਦਾਰ ਪੇੜ, ਜ਼ਮਾਨੇ ਕੇ ਕਾਮ ਆਏ,
ਜਬ ਸੂਕ ਗਏ ਤਬ ਭੀ, ਜਲਾਨੇ ਕੇ ਕਾਮ ਆਏ।
ਸ਼ਿਵ ਕੁਮਾਰ ਬਟਾਲਵੀ ਰੁੱਖਾਂ ਨੂੰ ਸਲਾਮ ਕਰਦਾ ਹੋਇਆ ਕਹਿੰਦਾ ਹੈ;
ਮੇਰਾ ਵੀ ਇਹ ਦਿਲ ਕਰਦਾ ਏ, ਰੁੱਖ ਦੀ ਜੂਨੇ ਆਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਊਣ ਰੁੱਖਾਂ ਦੀਆਂ ਛਾਵਾਂ।
ਨਿਦਾ ਫਾਜਲੀ ਨੇ ਬਸੰਤ-ਬਹਾਰ ਦੇ ਵੈਰੀਆਂ ਦੀ ਗੱਲ੍ਹ ’ਤੇ ਕਰਾਰੀ ਚਪੇੜ ਮਾਰਦਿਆਂ ਲਿਖਿਆ ਹੈ;
ਹਰਾ ਪੇੜ ਨਾ ਸਹੀ ਧਰਤੀ ਪੇ, ਘਾਸ ਤੋਂ ਰਹਿਨੇ ਦੋ,
ਅਪਨੀ ਮਾਂ ਕੇ ਜਿਸਮ ਪਰ ਕੋਈ ਲਿਬਾਸ ਤੋਂ ਰਹਿਨੇ ਦੋ।
ਬਸੰਤ ਰੁੱਤ ਦੀ ਆਮਦ ’ਤੇ ਕਰੂੰਬਲਾਂ ਫੁੱਟਦੀਆਂ ਹਨ, ਫੁੱਲ ਬੂਟੇ ਮੁਸਕਰਾਉਂਦੇ ਹਨ। ਹਵਾ ਸੁਗੰਧੀਆਂ ਬਿਖੇਰਦੀ ਹੈ। ਭੰਵਰੇ ਦੇ ਗੀਤ ਤੇ ਝਰਨੇ ਦੇ ਸੰਗੀਤ ਵਿੱਚ ਬਸੰਤ ਦੀ ਬਹਾਰ ਦੇ ਦਰਸ਼ਨ ਹੋਣ ਲੱਗਦੇ ਹਨ। ਸਮੁੱਚੇ ਵਾਤਾਵਰਨ ਦੀ ਝਲਕ ਤੋਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕੁਦਰਤ ਨੇ ਆਪਣੇ ਹਰ ਅੰਗ ਨੂੰ ਬਸੰਤੀ ਰੰਗ ਵਿੱਚ ਰੰਗ ਦਿੱਤਾ ਹੋਵੇ। ਬਸੰਤੀ ਚੀਰੇ ਤੇ ਪੀਲੀਆਂ ਚੁੰਨੀਆਂ ਬਸੰਤ ਬਹਾਰ ਦੇ ਜੀਵੰਤ ਤੇ ਰੂਪਵੰਤ ਹੋਣ ਦੀ ਬਾਤ ਪਾਉਂਦੀਆਂ ਹਨ। ਨਵੀਂ ਪੁਸ਼ਾਕ ਪਹਿਨ ਕੇ ਆਈ ਬਸੰਤ ਦੇ ਬਾਕਮਾਲ, ਦਿਲਕਸ਼ ਤੇ ਖੂਬਸੂਰਤ ਜੋਬਨ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾ ਹੈ।
ਮੌਸਮ ਦੇ ਪਰਿਵਰਤਨ ਦਾ ਸੁਨੇਹਾ ਲੈ ਕੇ ਆਈ ਬਸੰਤ ਰੁੱਤ ਸਾਡਾ ਧਿਆਨ ਅਨੇਕਾਂ ਹਕੀਕਤਾਂ ਵੱਲ ਖਿੱਚਦੀ ਹੈ। ਸਭ ਤੋਂ ਪਹਿਲਾਂ ਇਸ ਰੁੱਤ ਵਿੱਚ ਨਾ ਸਰਦੀ ਹੁੰਦੀ ਹੈ, ਨਾ ਗਰਮੀ। ਖੇਤਾਂ ਵਿੱਚ ਸਰ੍ਹੋਂ ਦੇ ਪੀਲੇ ਪੀਲੇ ਫੁੱਲ ਖਿੜ ਜਾਂਦੇ ਹਨ। ਸੁੰਦਰ ਫੁੱਲਾਂ ਸੰਗ ਨਜ਼ਰ ਆਉਂਦਾ ਨਜ਼ਾਰਾ ਬੜਾ ਦਿਲਕਸ਼ ਦ੍ਰਿਸ਼ ਪੇਸ਼ ਕਰਦਾ ਹੈ। ਬਸੰਤ ਪੰਚਮੀ ਵਾਲੇ ਦਿਨ ਕਈ ਥਾਵੀਂ ਮੇਲੇ ਲੱਗਦੇ ਹਨ। ਸਿੱਖ ਰਵਾਇਤ ਅਨੁਸਾਰ ਅੰਮ੍ਰਿਤਸਰ ਵਿੱਚ ਬਸੰਤ ਦਾ ਪਹਿਲੀ ਵਾਰ ਮੇਲਾ 1599 ਨੂੰ ਲੱਗਿਆ ਸੀ, ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਡਾਲੀ ਤੋਂ ਲਿਆਂਦਾ ਗਿਆ ਸੀ। ਇਸ ਰੁੱਤ ਵਿੱਚ ਕਈ ਦੁੱਖਦ ਘਟਨਾਵਾਂ ਵੀ ਦਿਲ ਨੂੰ ਉਦਾਸ ਕਰਦੀਆਂ ਹਨ। ਨਾਮਧਾਰੀ ਬਾਬਾ ਰਾਮ ਸਿੰਘ ਜੀ ਦਾ ਜਨਮ ਬਸੰਤ ਪੰਚਮੀ ਨੂੰ ਹੋਇਆ ਅਤੇ ਭੈੜੀ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਇਸੇ ਦਿਨ ਦੇਸ਼ ਨਿਕਾਲਾ ਦੇ ਦਿੱਤਾ ਸੀ। ਦੂਜੀ ਕੌੜੀ ਘਟਨਾ ਹੈ ਵੀਰ ਹਕੀਕਤ ਰਾਇ ਨੂੰ ਮੁਗ਼ਲ ਰਾਜ ਵਿੱਚ ਬਸੰਤ ਪੰਚਮੀ ਦੇ ਦਿਨ ਸ਼ਹੀਦ ਕੀਤਾ ਜਾਣਾ।
ਮੇਰੀ ਜਾਚੇ, ਜਿੰਨੀਆਂ ਕਹਾਵਤਾਂ ਇਸ ਰੁੱਤ ਨਾਲ ਜੁੜੀਆਂ ਹਨ, ਕਿਸੇ ਹੋਰ ਰੁੱਤ ਨਾਲ ਨਹੀਂ ਜਿਵੇਂ ‘ਅੰਨ੍ਹਾ ਕੀ ਜਾਣੇ ਬਸੰਤ ਦੀ ਬਹਾਰ’, ‘ਬਸੰਤ ਆਈ, ਬਹਾਰ ਆਈ’, ‘ਆਈ ਬਸੰਤ, ਪਾਲਾ ਉਡੰਤ’, (ਮੇਰਾ ਰੰਗ ਦੇ ਬਸੰਤੀ ਚੋਲਾ, ਦੇਸ਼ ਭਗਤਾਂ ਨੇ ਜੋਸ਼ੀਲਾ ਗੀਤ ਗਾਇਆ) ਉਹ ਗੱਲ ਵੱਖਰੀ ਹੈ ਕਿ ਬਸੰਤ ਆਉਣ ਨਾਲ ਪਾਲਾ ਕਦੇ ਉਡੰਤ, ਕਦੇ ਪੜੰਤ ਤੇ ਕਦੇ ਘਟੰਤ ਹੋ ਜਾਂਦੈ।
ਬਸੰਤ ਰੁੱਤ ਦੀ ਬਸੰਤੀ ਝਲਕ, ਬਸੰਤੀ ਪਤੰਗਾਂ ਸੰਗ ਪਤੰਗਬਾਜ਼ੀ ਦੇ ਰੂਪ ਵਿੱਚ ਰੂਪਮਾਨ ਹੁੰਦੀ ਹੈ। ਬੱਚੇ ਅਤੇ ਬੜੇ ਉਤਸ਼ਾਹ ਨਾਲ ਬਸੰਤੀ ਡੋਰਾਂ ਲੈ ਕੇ ਗੁੱਡੀਆਂ/ਪਤੰਗਾਂ ਉਡਾਉਣ ਲਈ ਮੈਦਾਨਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਸੂਰਜ ਛਿਪਣ ਤੱਕ ਡਟੇ ਰਹਿੰਦੇ ਹਨ। ਪਤੰਗਬਾਜ਼ੀ ਦੇ ਮੁਕਾਬਲੇ ਬੜੇ ਰੋਚਕ ਤੇ ਰੌਣਕੀ ਹੋ ਨਿੱਬੜਦੇ ਹਨ। ਅੱਜਕੱਲ੍ਹ ਚਾਈਨਾ ਡੋਰ ਜਿਸ ਨੂੰ ਹੁਣ ਡਰੈਗਨ ਡੋਰ ਤੇ ਪਲਾਸਟਿਕ ਡੋਰ ਕਿਹਾ ਜਾਂਦਾ ਹੈ, ਜਾਨਲੇਵਾ ਸਾਬਤ ਹੋ ਰਹੀ ਹੈ।
ਆਓ, ਬਸੰਤ ਦੀ ਬਹਾਰ ਨੂੰ ਬਰਕਰਾਰ ਰੱਖਣ ਲਈ ਮਹਾਨ ਦਿਵਸਾਂ ਅਤੇ ਜਨਮ-ਦਿਹਾੜਿਆਂ ਮੌਕੇ ਵੱਧ ਤੋਂ ਵੱਧ ਪੌਦੇ ਲਗਾਈਏ ਤੇ ਪੌਦਿਆਂ ਦਾ ਆਦਾਨ-ਪ੍ਰਦਾਨ ਕਰੀਏ। ਜੇ ਰੁੱਖਾਂ, ਜੰਗਲ ਬੇਲਿਆਂ ਦੀ ਕੱਟ-ਵੱਢ ਇਉਂ ਹੀ ਜਾਰੀ ਰਹੀ ਤਾਂ ਧਰਤੀ ਗੰਜੀ ਹੋ ਜਾਵੇਗੀ ਤੇ ਧਰਤੀ ਦਾ ਸੰਤੁਲਨ ਵਿਗੜ ਜਾਵੇਗਾ ਅਤੇ ਆਪਾਂ ਪੰਛੀਆਂ ਦੀਆਂ ਆਵਾਜ਼ਾਂ ਤੋਂ ਵਾਂਝੇ ਹੋ ਜਾਵਾਂਗੇ। ਜੇ ਆਪਾਂ ਹਰਿਆਵਲ ਦੀ ਅਹਿਮੀਅਤ ਨੂੰ ਸਮਝਾਂਗੇ, ਤਾਹੀਓਂ ਜੰਗਲੀ ਜੀਵਾਂ ਤੇ ਪਸ਼ੂ-ਪੰਛੀਆਂ ਦੀ ਦੁਨੀਆ ਆਬਾਦ ਰਹੇਗੀ, ਧਰਤੀ ’ਤੇ ਫੁੱਲ ਖਿੜਦੇ ਰਹਿਣਗੇ, ਪਾਂਧੀਆਂ ਲਈ ਰੁੱਖਾਂ ਦੀਆਂ ਛਾਵਾਂ ਕਾਇਮ ਰਹਿਣਗੀਆਂ ਅਤੇ ਬਸੰਤ ਬਹਾਰਾਂ ਦਾ ਆਗਮਨ ਹੁੰਦਾ ਰਹੇਗਾ।
ਸੰਪਰਕ: 94171-76877