ਬਸਪਾ ਨੇ ਰਾਜਪਾਲ ਦੇ ਨਾਂ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ

ਬਹੁਜਨ ਸਮਾਜ ਪਾਰਟੀ ਦੇ ਆਗੂ ਤਹਿਸੀਲਦਾਰ ਲਹਿਰਾਗਾਗਾ ਨੂੰ ਮੰਗ ਪੱਤਰ ਦਿੰਦੇ ਹੋਏ।

ਪੱਤਰ ਪ੍ਰੇਰਕ
ਰਾਜਪੁਰਾ, 21 ਮਈ
ਬਹੁਜਨ ਸਮਾਜ ਪਾਰਟੀ ਦੇ ਸੂਬਾਈ ਸੱਦੇ ’ਤੇ ਅੱਜ ਇੱਥੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ, ਜ਼ਿਲ੍ਹਾ ਪ੍ਰਧਾਨ ਕੇਸਰ ਸਿੰਘ ਬਖ਼ਸ਼ੀਵਾਲਾ ਅਤੇ ਸੀਨੀਅਰ ਆਗੂ ਸਾਹਿਬ ਸਿੰਘ ਨੈਣਾਂ ਦੀ ਅਗਵਾਈ ਵਿੱਚ ਵਫ਼ਦ ਨੇ ਐੱਸਡੀਐੱਮ ਰਾਜਪੁਰਾ ਟੀ ਬਿਨਿੱਥ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ। ਵਫ਼ਦ ਨੇ ਲੋੜਵੰਦ ਪਰਿਵਾਰਾਂ ਦੇ ਰੱਦ ਕੀਤੇ ਗਏ ਨੀਲੇ ਕਾਰਡ ਬਹਾਲ ਕਰਨ, ਕੱਚੇ ਵਰਕਰਾਂ ਨੂੰ ਰੈਗੂਲਰ ਕਰਨ, 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਛੋਟੇ ਕਾਰੋਬਾਰੀਆਂ ਦਾ ਕਰਜ਼ਾ ਤੇ ਬਿਜਲੀ ਬਿੱਲ ਮੁਆਫ਼ ਕਰਨ ਸਮੇਤ ਹੋਰ ਮੰਗਾਂ ਮੰਨੇ ਜਾਣ ਦੀ ਮੰਗ ਕੀਤੀ ਗਈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਹਲਕਾ ਪ੍ਰਧਾਨ ਭੂਰਾ ਸਿੰਘ ਲਹਿਲ ਦੀ ਅਗਵਾਈ ’ਚ ਵਰਕਰਾਂ ਨੇ ਇੱਥੇ ਐੱਸਡੀਐੱਮ ਦਫ਼ਤਰ ’ਚ ਪੰਜਾਬ ਦੇ ਰਾਜਪਾਲ ਦੇ ਨਾਮ ਇਕ ਮੰਗ ਪੱਤਰ ਐੱਸਡੀਐੱਮ ਨੂੰ ਸੌਂਪਿਆ। ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਕਰੋਨਾਵਾਇਰਸ ਮਹਾਮਾਰੀ ਦੌਰਾਨ ਸੂਬੇ ਦੀ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਢੁੱਕਵੀਂ ਕਾਰਵਾਈ ਕਰਨ, ਗਰੀਬ ਤੇ ਮੱਧ ਵਰਗ ਨੂੰ ਲੌਕਡਾਊਨ ਲਈ ਘੱਟੋ ਘੱਟ ਪੰਜ ਹਜ਼ਾਰ ਰੁਪਏ ਦੇਣਾ ਯਕੀਨੀ ਬਣਾਉਣ, ਗਰੀਬਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ, ਸਾਜਿਸ਼ੀ ਤਰੀਕੇ ਨਾਲ ਕੱਟੇ ਨੀਲੇ ਕਾਰਡ ਤੁਰੰਤ ਬਹਾਲ ਕਰਨ, ਲੌਕਡਾਊਨ ਦੌਰਾਨ ਘੱਟ ਗਿਣਤੀਆਂ ਚਪੜੋਦਾ, ਠੂਠਿਆਂਵਾਲੀ ਖ਼ਿਲਾਫ਼ ਗੁੰਡਾਗਰਦੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਲਘੂ ਉਦਯੋਗਾਂ, ਛੋਟੇ ਦੁਕਾਨਦਾਰਾਂ ਤੇ ਘਰੇਲੂ ਬਿਜਲੀ ਬਿੱਲ ਅਤੇ ਬੈਂਕ ਦੀਆਂ ਕਿਸ਼ਤਾਂ ’ਚ ਛੋਟ ਦੇਣ ਆਦਿ ਮੰਗਾਂ ਦਾ ਜ਼ਿਕਰ ਕੀਤਾ ਗਿਆ।

ਬੇ-ਜ਼ਮੀਨਿਆਂ ਦੇ ਕਾਰਡ ਕੱਟਣ ਵਿਰੁੱਧ ਪ੍ਰਦਰਸ਼ਨ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪਿੰਡ ਬਾਦਸ਼ਾਹਪੁਰ ਦੇ ਬੇ-ਜ਼ਮੀਨੇ ਗਰੀਬਾਂ ਦੇ ਨੀਲੇ ਕਾਰਡ ਕੱਟੇ ਜਾਣ ਤੇ ਬਹੁਤ ਸਾਰੇ ਲੋਕਾਂ ਦੇ ਕਾਰਡ ਨਾ ਬਣਨ ਵਿਰੁੱਧ ਗਰੀਬ ਪਰਿਵਾਰਾਂ ਨੇ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਐੱਸਡੀਐੱਮ ਪਾਤੜਾਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਗਰੀਬ ਪਰਵਾਰਾਂ ਨੇ ਮੁੱਖ ਮੰਤਰੀ ਪੰਜਾਬ, ਸਕੱਤਰ ਖੁਰਾਕ ਸਪਲਾਈ ਵਿਭਾਗ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦੋ ਵਾਰ ਈ-ਮੇਲ ਕੀਤੀ ਹੈ ਪਰ ਕਾਰਵਾਈ ਨਾ ਹੋਣ ਉਤੇ ਰੋਹ ਵਿਚ ਆਏ ਗਰੀਬ ਪਰਿਵਾਰਾਂ ਨੇ ਸਰਕਾਰ ਖਿਲਾਫ਼ ਅੱਜ ਨਾਅਰੇਬਾਜ਼ੀ ਕੀਤੀ। ਉਪਰੰਤ ਐੱਸਡੀਐੱਮ ਪਾਤੜਾਂ ਨੂੰ ਮੰਗ ਪੱਤਰ ਦਿੱਤਾ। ਐੱਸਡੀਐੱਮ ਪਾਤੜਾਂ ਨੇ 35 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੰਦਿਆਂ ਕਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਪਿੰਡ ਬਾਦਸ਼ਾਹਪੁਰ, ਬਲਾਕ ਸਮਾਣਾ ਦੇ 35 ਦੇ ਕਰੀਬ ਬੇ-ਜ਼ਮੀਨੇ ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਤੇ ਮਰਦਾਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਕੁਝ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਤੇ ਬਹੁਤਿਆਂ ਦੇ ਕਾਰਡ ਨਹੀਂ ਬਣਾਏ ਗਏ ਹਨ। ਐੱਸਡੀਐੱਮ ਪਾਤੜਾਂ ਪਾਲਿਕਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਉਕਤ 35 ਪਰਿਵਾਰਾਂ ਨੂੰ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਆਈਆਂ ਰਾਸ਼ਨ ਕਿੱਟਾਂ ਦੇ ਦਿਤੀਆਂ ਹਨ। ਜਿਨ੍ਹਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੀ ਸੂਚੀ ਮਿਲਣ ਉਤੇ ਪੜਤਾਲ ਕਰਵਾਈ ਜਾਵੇਗੀ।

Tags :