ਬਲੈਕਮੇਲਿੰਗ ਤੋਂ ਦੁਖੀ ਹੋ ਕੇ ਜ਼ਹਿਰ ਪੀਣ ਵਾਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 10 ਜੂਨ
ਥਾਣਾ ਸਹਿਣਾ ਦੇ ਪਿੰਡ ਜੰਡਸਰ ਵਿੱਚ 24 ਦਿਨ ਪਹਿਲਾਂ ਇੱਕ ਨੌਜਵਾਨ ਨੇ ਬਲੈਕ ਮੇਲਿੰਗ ਤੋਂ ਤੰਗ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਸੀ ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਇਸ ਕੇਸ ’ਚ ਕਤਲ ਦੀਆਂ ਧਰਾਵਾਂ ਜੋੜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 24 ਦਿਨ ਪਹਿਲਾਂ ਬਲਾਕ ਸ਼ਹਿਣਾ ਦੇ ਪਿੰਡ ਜੰਡਸਰ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ। ਗੁਰਪ੍ਰੀਤ ਸਿੰਘ ਜਿਮ ਵਿੱਚ ਜਾਂਦਾ ਸੀ ਅਤੇ ਉਸ ਦੀ ਦੋਸਤੀ ਇੱਕ ਲੜਕੀ ਨਾਲ ਹੋ ਗਈ। ਲੜਕੀ ਉਸ ਨੂੰ ਬਲੈਕਮੇਲ ਕਰਨ ਲੱਗੀ। ਲੜਕੀ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਅਤੇ ਬਲੈਕ ਮੇਲ ਕਰਨ ਲਈ ਲੱਗ ਗਈ। ਲੜਕੀ ਨੇ ਗੁਰਪ੍ਰੀਤ ਸਿੰਘ ਤੋਂ 20 ਲੱਖ ਰੁਪਏ ਨਗਦੀ ਦੀ ਮੰਗ ਕੀਤੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਸੀ।
ਪੁਲੀਸ ਨੇ ਉਕਤ ਲੜਕੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੜਕੀ ਦਾ ਰਿਮਾਂਡ ਲਿਆ ਹੋਇਆ ਹੈ ਅਤੇ ਜਾਂਚ ਜਾਰੀ ਹੈ। ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਗੁਰਪ੍ਰੀਤ ਸਿੰਘ ਤੋਂ ਹਥਿਆਈ ਜ਼ਮੀਨ ਵਿੱਚ ਕੌਣ ਕੌਣ ਸ਼ਾਮਲ ਸਨ। ਦੂਸਰੇ ਪਾਸੇ ਗੁਰਪ੍ਰੀਤ ਸਿੰਘ ਦੀ ਮੌਤ ਪਿੱਛੋਂ ਪਿੰਡ ਵਿੱਚ ਹਾਹਾਕਾਰ ਮੱਚ ਗਈ ਹੈ। ਨੌਜਵਾਨ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਪਤਨੀ ਅਤੇ ਇੱਕ ਬੇਟਾ ਹੈ।