ਬਲੈਕਮੇਲ ਕਰ ਕੇ ਨਕਦੀ ਹਥਿਆਉਣ ਵਾਲੀ ਲੜਕੀ ਗ੍ਰਿਫਤਾਰ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 9 ਜੂਨ
ਥਾਣਾ ਸ਼ਹਿਣਾ ਦੇ ਪਿੰਡ ਜੰਡਸਰ ਵਿੱਚ ਇੱਕ ਨੌਜਵਾਨ ਨੂੰ ਬਲੈਕਮੇਲ ਕਰਕੇ ਨਕਦੀ ਅਤੇ ਜਾਇਦਾਦ ਹਥਿਆਉਣ ਦੇ ਦੋਸ਼ ਹੇਠ ਸ਼ਹਿਣਾ ਪੁਲੀਸ ਨੇ ਇੱਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿੰਡ ਜੰਡਸਰ ਦੀ ਸਿਮਰਜੀਤ ਕੌਰ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਜਿੰਮ ਆਦਿ ਵਿੱਚ ਵੀ ਜਾਂਦਾ ਸੀ। ਉੱਥੇ ਉਸ ਦੀ ਇੱਕ ਲੜਕੀ ਸੁਖਪ੍ਰੀਤ ਕੌਰ ਉਰਫ ਸੁਖੀ ਨਾਲ ਮੁਲਾਕਾਤ ਹੋ ਗਈ। ਉਸ ਲੜਕੀ ਨੇ ਉਸ ਦੇ ਪਤੀ ਦੀਆਂ ਅਸ਼ਲੀਲ ਤਸਵੀਰਾਂ ਬਣਾ ਲਈਆਂ। ਇਸ ਘਟਨਾ ਪਿੱਛੋਂ ਉਸਦਾ ਪਤੀ ਪ੍ਰੇਸ਼ਾਨ ਰਹਿਣ ਲੱਗਿਆ। ਉਕਤ ਔਰਤ ਨੇ ਉਸ ਦੇ ਪਤੀ ਤੋਂ ਪਲਾਟ ਅਤੇ ਨਕਦੀ ਵੀ ਹਥਿਆ ਲਈ ਅਤੇ ਹੁਣ 20 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਪੀੜਤ ਗੁਰਪ੍ਰੀਤ ਸਿੰਘ ਜ਼ੇਰੇ ਇਲਾਜ ਹੈ। ਥਾਣਾ ਸ਼ਹਿਣਾ ਦੀ ਐੱਸਐੱਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਸੁਖੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲੀਸ ਸੁਖਪ੍ਰੀਤ ਕੌਰ ਸੁੱਖੀ ਦਾ ਰਿਮਾਂਡ ਲੈਕੇ ਹੋਰ ਪੁਛ-ਪੜਤਾਲ ਕਰ ਰਹੀ ਹੈ।