ਬਲਾਕ ਪੱਖੋਵਾਲ, ਸੁਧਾਰ ਅਤੇ ਰਾਏਕੋਟ ਨੂੰ ਤੋੜਨ ਵਿਰੁੱਧ ਚਿਤਾਵਨੀ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 9 ਜੂਨ
ਜਮਹੂਰੀ ਕਿਸਾਨ ਸਭਾ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਸੂਬਾ ਸਰਕਾਰ ਵੱਲੋਂ ਇਕ ਹਲਕਾ ਇੱਕ ਬਲਾਕ ਤਹਿਤ ਬਲਾਕ ਪੱਖੋਵਾਲ, ਸੁਧਾਰ ਅਤੇ ਰਾਏਕੋਟ ਨੂੰ ਤੋੜ ਕੇ ਸਿਧਵਾਂ ਬੇਟ ਨਾਲ ਜੋੜਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੇ ਬਲਾਕ ਤੋੜ ਕੇ 40 ਤੋਂ 50 ਕਿੱਲੋਮੀਟਰ ਦੂਰ ਦੇ ਬਲਾਕਾਂ ਨਾਲ ਜੋੜਨਾ ਕਿਸੇ ਤਰ੍ਹਾਂ ਉਚਿਤ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਿਹੜੀ ਸਰਕਾਰ ਹਰ ਸਹੂਲਤ ਲੋਕਾਂ ਦੇ ਦੁਆਰ ਤੱਕ ਪਹੁੰਚਾਉਣ ਦਾ ਦਾਅਵਾ ਕਰਦੀ ਸੀ, ਉਹ ਸਰਕਾਰ ਹੁਣ ਲੋਕਾਂ ਨੂੰ ਖੱਜਲ ਕਰਨ ਦੇ ਰਾਹ ਪੈ ਗਈ ਹੈ। ਉੱਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਸੰਗਠਨ ਸਕੱਤਰ ਚਰਨਜੀਤ ਸਿੰਘ ਫੱਲੇਵਾਲ ਅਤੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਫੱਲੇਵਾਲ ਨੇ ਵੀ ਬਲਾਕ ਪੱਖੋਵਾਲ ਨੂੰ ਤੋੜ ਕੇ ਸਿਧਵਾਂ ਬੇਟ ਨਾਲ ਜੋੜਨ ਦੀ ਨਿਖੇਧੀ ਕਰਦਿਆਂ ਲੋਕ ਵਿਰੋਧੀ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਖੋਵਾਲ 44 ਪਿੰਡਾਂ ਦੇ ਲੋਕਾਂ ਦੀ ਖੱਜਲ-ਖ਼ੁਆਰੀ ਬਰਦਾਸ਼ਤ ਯੋਗ ਨਹੀਂ ਹੈ, ਉਨ੍ਹਾਂ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।