ਜੰਗ ਬਹਾਦਰ ਸਿੰਘ ਸੇਖੋਂ/ਜੋਗਿੰਦਰ ਕੁੱਲੇਵਾਲਗੜ੍ਹਸ਼ੰਕਰ, 28 ਜੂਨਇੱਥੇ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਨਵੇਂ ਬਣੇ ਚੇਅਰਮੈਨ ਬਲਦੀਪ ਸਿੰਘ ਸੈਣੀ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਦਾ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਮਾਨ ਨੇ ਬਲਦੀਪ ਸਿੰਘ ਸੈਣੀ ਨੂੰ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।ਇਸ ਮੌਕੇ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਬਲਦੀਪ ਸਿੰਘ ਨੇ ਲੰਮੇ ਸਮੇਂ ਤੋਂ ਪਾਰਟੀ ਦੇ ਵਰਕਰ ਵਜੋਂ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਉਨ੍ਹਾਂ ਦੇ ਲੋਕ ਹਿੱਤ ਦੇ ਕੰਮਾਂ ਨੂੰ ਦੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਮਾਰਕਿਟ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਮ ਵਰਕਰ ਤੋਂ ਚੇਅਰਮੈਨ ਤੱਕ ਦਾ ਸਫਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸੰਭਵ ਹੋਇਆ ਹੈ ਕਿਉਂਕਿ ਇਹ ਸਰਕਾਰ ਸਿਰਫ ਆਮ ਲੋਕਾਂ ਦੀ ਹੈ ਜਿਨਾਂ ਨੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਲਈ ਸੱਚੇ ਦਿਲੋਂ ਕੰਮ ਕੀਤੇ ਹਨ। ਇਸ ਮੌਕੇ ਚੇਅਰਮੈਨ ਬਲਦੀਪ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਤੇ ਓਐੱਸਡੀ ਚਰਨਜੀਤ ਸਿੰਘ ਚੰਨੀ ਸਮੇਤ ‘ਆਪ’ ਆਗੂ ਮੌਜੂਦ ਸਨ।