ਬਰਾਮਦ ਲਈ ਭਾਰਤੀ ਹਵਾਈ ਅੱਡੇ ਅਤੇ ਬੰਦਰਗਾਹਾਂ ਨਹੀਂ ਵਰਤ ਸਕੇਗਾ ਬੰਗਲਾਦੇਸ਼
ਨਵੀਂ ਦਿੱਲੀ, 9 ਅਪਰੈਲ
ਭਾਰਤ ਨੇ ਮੱਧ ਪੂਰਬ, ਯੂਰਪ ਸਮੇਤ ਹੋਰ ਦੇਸ਼ਾਂ ਨੂੰ ਸਾਮਾਨ ਭੇਜਣ ਲਈ ਬੰਗਲਾਦੇਸ਼ ਨੂੰ ਦਿੱਤੀ ਗਈ ਟਰਾਂਸਸ਼ਿਪਮੈਂਟ (ਭਾਰਤੀ ਟਰਾਂਸਪੋਰਟ ਸਟੇਸ਼ਨਾਂ ਦੀ ਵਰਤੋਂ) ਦੀ ਸਹੂਲਤ ਵਾਪਸ ਲੈ ਲਈ ਹੈ। ਨੇਪਾਲ ਤੇ ਭੂਟਾਨ ਨੂੰ ਬਰਾਮਦ ਲਈ ਹਾਲਾਂਕਿ ਇਹ ਸਹੂਲਤ ਬਰਕਰਾਰ ਰਹੇਗੀ।
ਭਾਰਤ ਨੇ ਇਹ ਕਦਮ ਢਾਕਾ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਵੱਲੋਂ ਪਿਛਲੇ ਦਿਨੀਂ ਚੀਨ ’ਚ ਕੀਤੀ ਗਈ ਉਸ ਟਿੱਪਣੀ ਮਗਰੋਂ ਚੁੱਕਿਆ ਗਿਆ ਹੈ ਜਿਸ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਰਤ ਦੇ ਉਤਰ-ਪੂਰਬੀ ਸੂਬਿਆਂ ਦੀ ਬੰਗਲਾਦੇਸ਼ ਨਾਲ ਲਗਦੀ 1600 ਕਿਲੋਮੀਟਰ ਲੰਮੀ ਸਰਹੱਦ ਪੂਰੀ ਤਰ੍ਹਾਂ ਬੰਦ ਹੈ ਅਤੇ ਹਿੰਦ ਮਹਾਸਾਗਰ ਤੱਕ ਪਹੁੰਚਣ ਦਾ ਇੱਕੋ-ਇੱਕ ਜ਼ਰੀਆ ਬੰਗਲਾਦੇਸ਼ ਹੈ। ਇਸ ਟਿੱਪਣੀ ਦਾ ਨਵੀਂ ਦਿੱਲੀ ਨੇ ਸਖ਼ਤ ਨੋਟਿਸ ਲਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਬੰਗਲਾਦੇਸ਼ ਤੱਕ ਵਧਾਈ ਗਈ ਟਰਾਂਸਸ਼ਿਪਮੈਂਟ ਸਹੂਲਤ ਕਾਰਨ ਪਿਛਲੇ ਕੁਝ ਸਮੇਂ ਤੋਂ ਸਾਡੇ ਹਵਾਈ ਅੱਡਿਆਂ ਤੇ ਬੰਦਰਗਾਹਾਂ ’ਤੇ ਕਾਫੀ ਭੀੜ ਹੋ ਗਈ ਸੀ।’ ਉਨ੍ਹਾਂ ਕਿਹਾ, ‘ਢੋਆ-ਢੁਆਈ ’ਚ ਦੇਰੀ ਅਤੇ ਇਸ ਦਾ ਖਰਚਾ ਵਧਣ ਕਾਰਨ ਸਾਡੀ ਆਪਣੀ ਬਰਾਮਦ ਪ੍ਰਭਾਵਿਤ ਹੋ ਰਹੀ ਸੀ ਅਤੇ ਮਾਲ ਇਕੱਠਾ ਹੁੰਦਾ ਜਾ ਰਿਹਾ ਸੀ।’ ਉਨ੍ਹਾਂ ਕਿਹਾ ਕਿ ਟਰਾਂਸਸ਼ਿਪਮੈਂਟ ਦੀ ਸਹੂਲਤ 8 ਅਪਰੈਲ ਤੋਂ ਵਾਪਸ ਲੈ ਲਈ ਗਈ ਹੈ। ਬੰਗਲਾਦੇਸ਼ ਮੱਧ ਪੂਰਬ, ਯੂਰਪ ਤੇ ਕਈ ਹੋਰ ਮੁਲਕਾਂ ਨੂੰ ਆਪਣਾ ਸਾਮਾਨ ਭੇਣ ਲਈ ਭਾਰਤ ਦੇ ਕਈ ਹਵਾਈ ਅੱਡਿਆਂ ਤੇ ਬੰਦਰਗਾਹਾਂ ਦੀ ਵਰਤੋਂ ਕਰ ਰਿਹਾ ਹੈ। -ਪੀਟੀਆਈ