ਬਰਾਈਟ ਫਿਊਚਰ ਅਕੈਡਮੀ ਵੱਲੋਂ ਆਰਟ ਮੁਕਾਬਲੇ

ਕਾਦੀਆਂ: ਬਰਾਈਟ ਫਿਊਚਰ ਅਕੈਡਮੀ ਰਾਜਪੁਰਾ ਵਿੱਚ ਵਿਦਿਆਰਥੀਆਂ ਦੇ ਆਰਟ ਮੁਕਾਬਲੇ ਕਰਵਾਏ ਗਏ। ਅਕੈਡਮੀ ਦੇ ਪ੍ਰਬੰਧਕ ਸੰਦੀਪ ਧਾਰੀਵਾਲ ਭੋਜਾ ਅਤੇ ਪ੍ਰਿੰਸੀਪਲ ਗੁਰਸੇਵਕ ਰਿਆੜ ਨੇ ਦੱਸਿਆ ਮੁਕਾਬਲੇ ਦਾ ਥੀਮ ‘ਸਾਡਾ ਸੁਪਨਿਆਂ ਦਾ ਸੰਸਾਰ’ ਸੀ। ਸਕੂਲ ਦਫ਼ਤਰ ਸਹਾਇਕ ਜਤਿਨ ਬਾਵਾ ਨੇ ਸਾਰੇ ਪ੍ਰਬੰਧ ਕੀਤੇ। ਪ੍ਰਿੰਸੀਪਲ ਗੁਰਸੇਵਕ ਰਿਆੜ ਨੇ ਦੱਸਿਆ ਵਿਦਿਆਰਥੀਆਂ ਨੇ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਨਾ ਸਿਰਫ ਆਪਣੀ ਪ੍ਰਤਿਭਾ ਦਿਖਾਈ, ਸਗੋਂ ਸਮਾਜ ਪ੍ਰਤੀ ਆਪਣੀ ਸੰਵੇਦਨਸੀਲਤਾ ਅਤੇ ਜ਼ਿੰਮੇਵਾਰੀ ਨੂੰ ਵੀ ਪ੍ਰਗਟ ਕੀਤਾ। ਸਕੂਲ ਪ੍ਰਬੰਧਕ ਸੰਦੀਪ ਧਾਰੀਵਾਲ ਭੋਜਾ ਨੇ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਨਿਸ਼ਾ ਬਾਵਾ, ਅਨੂੰ ਮੁਕੇਰੀਆਂ, ਨੇਹਾ ਸ਼ਰਮਾ, ਅਕਾਂਕਸਾ ਠਾਕੁਰ, ਜਸਬੀਰ ਸ਼ੀਂਹ ਭੱਟੀ, ਮਨਦੀਪ ਕੌਰ, ਨਵਨੀਤ ਆਦਿ ਅਧਿਆਪਕਾਂ ਦਾ ਧੰਨਵਾਦ ਕੀਤਾ। ਮੁਕਾਬਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਆ ਗਿਆ। -ਨਿੱਜੀ ਪੱਤਰ ਪ੍ਰੇਰਕ
ਮੁਲਜ਼ਮ ਨਾਜਾਇਜ਼ ਸ਼ਰਾਬ ਸਣੇ ਕਾਬੂ
ਤਰਨ ਤਾਰਨ: ਥਾਣਾ ਸਰਹਾਲੀ ਦੇ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਸਰਹਾਲੀ ਕਲਾਂ ਪਿੰਡ ਦੀ ਪੱਤੀ ਭਰਾਈਪੁਰਾ ਵਾਸੀ ਅਕਾਸ਼ਦੀਪ ਸਿੰਘ ਆਕਾਸ਼ ਦੇ ਘਰੋਂ 11,250 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| -ਪੱਤਰ ਪ੍ਰੇਰਕ
ਸਮਰ ਨੇ ਤਲਵਾਰਬਾਜ਼ੀ ਵਿੱਚ ਤਿੰਨ ਤਗ਼ਮੇ ਜਿੱਤੇ
ਗੁਰਦਾਸਪੁਰ: ਸ੍ਰੀ ਨੰਗਲੀ ਅਕੈਡਮਿਕਸ ਪਬਲਿਕ ਸਕੂਲ, ਗੁਰਦਾਸਪੁਰ ਦੇ ਤੀਜੀ ਜਮਾਤ ਦੇ ਵਿਦਿਆਰਥੀ ਸਮਰ ਨੇ ਜ਼ਿਲ੍ਹੇ ਪੱਧਰ ’ਤੇ ਹੋਏ ਤਲਵਾਰਬਾਜ਼ੀ ਮੁਕਾਬਲੇ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ ਹਨ। ਇਹ ਮੁਕਾਬਲੇ ਇੱਥੋਂ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏ। ਸਮਰ ਨੂੰ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਚੁਣਿਆ ਗਿਆ ਹੈ। ਇਸ ਮੌਕੇ ਚੇਅਰਮੈਨ ਮੋਹਿਤ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ, ਡਾਇਰੈਕਟਰ ਰਾਘਵ ਮਹਾਜਨ ਅਤੇ ਪ੍ਰਿੰਸੀਪਲ ਸ਼ਿਖਾ ਮਦਾਨ ਨੇ ਖ਼ੁਸ਼ੀ ਜਤਾਈ। -ਨਿੱਜੀ ਪੱਤਰ ਪ੍ਰੇਰਕ
ਅਟਾਰਨੀ ਜਸਪ੍ਰੀਤ ਸਿੰਘ ‘ਪ੍ਰੋਫੈਸਰ ਆਫ ਐਮੀਨੈਂਸ’ ਨਿਯੁਕਤ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਮਰੀਕਾ ਦੇ ਪ੍ਰਸਿੱਧ ਇਮੀਗ੍ਰੇਸ਼ਨ ਅਟਾਰਨੀ ਜਸਪ੍ਰੀਤ ਸਿੰਘ ਨੂੰ ‘ਪ੍ਰੋਫੈਸਰ ਆਫ ਐਮੀਨੈਂਸ’ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਯੂਨੀਵਰਸਿਟੀ ਦੀ ਕੌਮਾਂਤਰੀ ਪਹੁੰਚ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਮਾਹਿਰਾਂ ਨਾਲ ਸਿੱਖਣ ਦਾ ਮੌਕਾ ਪ੍ਰਾਪਤ ਹੋਵੇਗਾ। ਜਸਪ੍ਰੀਤ ਸਿੰਘ, ਜੋ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਕਾਨੂੰਨ ਦੇ ਮਾਹਿਰ ਹਨ, ਨੂੰ ਯੂਨੀਵਰਸਿਟੀ ਦੇ ਕਾਨੂੰਨੀ ਸਿੱਖਿਆ ਅਤੇ ਕੌਮਾਂਤਰੀ ਕਾਨੂੰਨ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਚੁਣਿਆ ਗਿਆ ਹੈ। -ਪੱਤਰ ਪ੍ਰੇਰਕ
ਹਵਾਰਾ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਪੱਤਰ
ਅੰਮ੍ਰਿਤਸਰ: ਹਵਾਰਾ ਕਮੇਟੀ ਨੇ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਦੁਹਰਾਈ ਹੈ। ਇਹ ਪੱਤਰ ਹਵਾਰਾ ਕਮੇਟੀ ਦੇ ਪ੍ਰੋ. ਬਲਜਿੰਦਰ ਸਿੰਘ, ਗੁਰਚਰਨ ਸਿੰਘ ਪਟਿਆਲਾ, ਬੇਅੰਤ ਸਿੰਘ, ਮਹਾਂਵੀਰ ਸਿੰਘ ਤੇ ਹੋਰਨਾਂ ਵੱਲੋਂ ਭੇਜਿਆ ਗਿਆ ਹੈ। ਪੱਤਰ ਵਿੱਚ ਹਵਾਰਾ ਕਮੇਟੀ ਦੇ ਆਗੂਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ‘ਆਪ’ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਕਿ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਬਣਿਆਂ ਸਾਢੇ ਤਿੰਨ ਸਾਲ ਹੋ ਚੁੱਕੇ ਹਨ, ਪਰ ਇਸ ਦਿਸ਼ਾ ਵੱਲ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਵਾਅਦੇ ਦੇ ਮੁਤਾਬਕ ਦੋਵਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ। -ਟ੍ਰਿਬਿਉੂਨ ਨਿਉੂਜ਼ ਸਰਵਿਸ
ਨਿਗਮ ਵੱਲੋਂ ਲੋਕਾਂ ਦੀ ਸਹੂਲਤ ਲਈ ਕੈਂਪ
ਅੰਮ੍ਰਿਤਸਰ: ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਜਲ, ਸੀਵਰੇਜ ਤੇ ਪ੍ਰਾਪਰਟੀ ਟੈਕਸ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਵਿੱਚ ਸ਼ਹਿਰ ਵਾਸੀਆਂ ਵੱਲੋਂ ਨਾਜਾਇਜ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਰੈਗੂਲਰ ਕਰਵਾਏ ਜਾ ਰਹੇ ਹਨ ਤੇ ਸਰਕਾਰ ਵੱਲੋਂ ਐਲਾਨੇ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪਿਛਲੇ ਸਾਲਾਂ ਦਾ ਪ੍ਰਾਪਰਟੀ ਟੈਕਸ ਭਰ ਕੇ ਵਿਆਜ ਅਤੇ ਜੁਰਮਾਨੇ ਦੀ ਮੁਆਫ਼ੀ ਦਾ ਲਾਭ ਪ੍ਰਾਪਤ ਕੀਤਾ ਜਾ ਰਿਹਾ ਹੈ ਸਹਾਇਕ ਕਮਿਸ਼ਨਰ ਦਿਲਜੀਤ ਸਿੰਘ ਨੇ ਦੱਸਿਆ ਕਿ 1 ਤੋਂ 4 ਜੁਲਾਈ ਤੱਕ 150 ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਰੈਗੂਲਰ ਕੀਤੇ ਗਏ ਹਨ ਤੇ 625 ਵਿਅਕਤੀਆਂ ਵੱਲੋਂ ਪ੍ਰਾਪਰਟੀ ਟੈਕਸ ਦੀਆਂ ਰਿਟਰਨਾਂ ਫਾਈਲ ਕੀਤੀਆਂ ਹਨ। -ਟਨਸ
ਅਦਾਕਾਰ ਸੁਰੇਸ਼ ਪੰਡਿਤ ਦਾ ਦਿਹਾਂਤ
ਅੰਮ੍ਰਿਤਸਰ: ਸ਼ਹਿਰ ਦੇ ਬਜ਼ੁਰਗ ਰੰਗਕਰਮੀ, ਨਾਟ ਨਿਰਦੇਸ਼ਕ ਅਤੇ ਅਦਾਕਾਰ ਸੁਰੇਸ਼ ਪੰਡਿਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਸਿਹਤ ਕੁਝ ਮਹੀਨਿਆਂ ਤੋਂ ਢਿੱਲੀ ਚੱਲ ਰਹੀ ਸੀ। ਉਨ੍ਹਾਂ ਬੀਤੀ ਰਾਤ ਆਪਣੇ ਘਰ ’ਚ ਦਮ ਤੋੜ ਦਿੱਤਾ। ਅੱਜ ਉਨ੍ਹਾਂ ਦਾ ਸਸਕਾਰ ਲੇਖਕਾਂ, ਕਲਾਕਾਰਾਂ ਅਤੇ ਰੰਗਕਰਮੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਵਿਭੂ ਪੰਡਿਤ ਨੇ ਦਿਖਾਈ। ਦੀਪ ਦੇਵਿੰਦਰ ਸਿੰਘ, ਕੇਵਲ ਧਾਲੀਵਾਲ ਅਤੇ ਡਾ. ਜਗਦੀਸ਼ ਸਚਦੇਵਾ ਨੇ ਦੱਸਿਆ ਕਿ 1945 ਨੂੰ ਜਨਮੇ ਸੁਰੇਸ਼ ਪੰਡਿਤ ਨੇ ਕਈ ਨਾਟਕਾਂ ਤੇ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਮੌਕੇ ਅਦਾਕਾਰਾ ਜਤਿੰਦਰ ਕੌਰ, ਹਰਦੀਪ ਗਿੱਲ, ਏਐੱਸ ਚਮਕ, ਨਰਿੰਦਰ ਸਾਂਘੀ, ਅਮਰਪਾਲ, ਅੰਗਰੇਜ਼ ਸਿੰਘ ਵਿਰਦੀ, ਯੁਗੇਸ਼ ਕਪੂਰ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ