ਪੱਤਰ ਪ੍ਰੇਰਕਦੇਵੀਗੜ੍ਹ, 14 ਅਪ੍ਰੈਲਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਦਫ਼ਤਰ ਇੰਚਾਰਜ ਬਲਜੀਤ ਸਿੰਘ ਝੁੱਗੀਆਂ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਟਾਂਗਰੀ ਪਾਰ ਇਲਾਕੇ ਦੇ ਕਈ ਪਿੰਡਾਂ ਪੱਤੀ ਕਰਤਾਰਪੁਰ, ਝੂੰਗੀਆਂ, ਬਲੌਂਗੀ, ਗਣੇਸ਼ਪੁਰ, ਬੀਬੀਪੁਰ, ਖਤੌਲੀ, ਖਰਾਬਗੜ ਅਤੇ ਰੌਹੜ ਜਗੀਰ ਆਦਿ’ਚ ਕਿਸਾਨ ਬਰਸੀਨ ਦੀ ਖੇਤੀ ਕਰਦੇ ਹਨ। ਉਨ੍ਹਾਂ ਬਿਜਲੀ ਸੀਐੱਮਡੀ ਅਜੋਏ ਕੁਮਾਰ ਸਿਨਹਾ ਨੂੰ ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਟਾਂਗਰੀ ਪਾਰ ਇਲਾਕੇ ਦੀ ਬਰਸੀਨ ਦੀ ਫਸਲ ਨੂੰ ਪਾਣੀ ਦੀ ਸਖ਼ਤ ਲੋੜ ਹੈ ਪਰ ਬਿਜਲੀ ਸਿਰਫ ਚਾਰ ਘੰਟਿਆਂ ਲਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਪਲਾਈ ਦੋ ਫੀਡਰਾਂ ਗਣੇਸ਼ ਪੁਰ ਅਤੇ ਝੂੰਗੀਆਂ ਫੀਡਰ ਰਾਹੀਂ ਦਿੱਤੀ ਜਾਂਦੀ ਹੈ ਜੋ ਕਿ ਵਾਰੀ ਵਾਰੀ ਚਲਾਏ ਜਾਂਦੇ ਹਨ। ਉਨ੍ਹਾਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਦਾ ਸਮਾਂ ਰਾਤ ਇੱਕ ਵਜੇ ਦੀ ਥਾਂ ਸ਼ਾਮ ਸੱਤ ਵਜੇ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਪੂਰੇ ਅੱਠ ਘੰਟੇ ਬਿਜਲੀ ਮਿਲ ਸਕੇ। ਇਸ ਤਰ੍ਹਾਂ ਦੂਜੇ ਫੀਡਰ ਨੂੰ ਵੀ ਅਗਲੇ ਅੱਠ ਘੰਟਿਆਂ ਲਈ ਚਲਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਮੰਗ ਨਾ ਮੰਨੀ ਤਾਂ ਇਲਾਕੇ ਦੀ ਬਰਸੀਨ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਫਸਲ ਨੂੰ ਨਿਰੰਤਰ ਪਾਣੀ ਦੀ ਲੋੜ ਹੁੰਦੀ ਹੈ ਅਤੇ ਗਰਮੀ ਕਾਰਨ ਇਹ ਜਲਦੀ ਮੁਰਝਾ ਜਾਂਦੀ ਹੈ।