ਬਰਸਾਲਪੁਰ ਟੱਪਰੀਆਂ ਦਾ ਸਕੂਲ ਚਾਲੂ ਕਰਨ ਦੀ ਮੰਗ
ਮਿਹਰ ਸਿੰਘ
ਕੁਰਾਲੀ, 15 ਅਪਰੈਲ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਹਲਕਾ ਖਰੜ ਵਿੱਚ ਪੈਂਦੇ ਪਿੰਡ ਬਰਸਾਲਪੁਰ ਟੱਪਰੀਆਂ ਦੇ ਕਈ ਸਾਲਾਂ ਤੋਂ ਬੰਦ ਪਏ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਸਕੂਲ ਚਾਲੂ ਕਰਨ ਦੀ ਮੰਗ ਕੀਤੀ ਹੈ। ਸ੍ਰੀ ਪਡਿਆਲਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਸਰਕਾਰ ਬਣੀ ਹੈ, ਉਦੋਂ ਤੋਂ ਹੀ ਇਹ ਪ੍ਰਾਇਮਰੀ ਸਕੂਲ ਬੰਦ ਪਿਆ ਹੈ। ਇਸ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਲਾਏ ਜਾ ਰਹੇ ਹਨ ਅਤੇ ਪ੍ਰਚਾਰ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਦੂਜੇ ਪਾਸੇ ਅਧਿਆਪਕਾਂ ਦੀ ਘਾਟ ਕਾਰਨ ਸਕੂਲਾਂ ਨੂੰ ਜਿੰਦੇ ਲਾਏ ਜਾ ਰਹੇ ਹਨ।
ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਸਿੰਘ ਨੇ ਬਰਸਾਲਪੁਰ ਟੱਪਰੀਆਂ ਦਾ ਸਕੂਲ ਬੱਚੇ ਨਾ ਹੋਣ ਕਾਰਨ ਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਲੋੜੀਂਦੀ ਗਿਣਤੀ ਵਿੱਚ ਬੱਚੇ ਹੋਣ ਤਾਂ ਇਸ ਬਾਰੇ ਵਿਭਾਗ ਨਵੇਂ ਸਿਰੇ ਤੋਂ ਫ਼ੈਸਲਾ ਲੈ ਸਕਦਾ ਹੈ।