For the best experience, open
https://m.punjabitribuneonline.com
on your mobile browser.
Advertisement

ਬਰਫ਼ਾਂ ’ਚ ਤਪਦੀ ਸੱਸੀ

04:10 AM May 21, 2025 IST
ਬਰਫ਼ਾਂ ’ਚ ਤਪਦੀ ਸੱਸੀ
Advertisement

Advertisement

ਸੁਰਿੰਦਰ ਸਿੰਘ ਮੱਤਾ

Advertisement
Advertisement

ਕਹਾਣੀ

ਅਸੀਂ ਇਸ ਸ਼ਹਿਰ ’ਚ ਨਵੇਂ ਸਾਂ। ਭਾਵੇਂ ਸਾਡੇ ਇੱਕ ਦੋ ਰਿਸ਼ਤੇਦਾਰ ਵੀ ਇੱਥੇ ਰਹਿੰਦੇ ਸਨ, ਜਿਨ੍ਹਾਂ ਨੇ ਸਾਨੂੰ ਕੁੱਝ ਦਿਨ ਆਪਣੇ ਕੋਲ ਰੱਖਿਆ ਵੀ ਸੀ ਅਤੇ ਸਾਡੀ ਅਪਾਰਟਮੈਂਟ ਲੱਭਣ ’ਚ ਮਦਦ ਵੀ ਕੀਤੀ ਸੀ। ਇਸ ਮੁਲਕ ਵਿੱਚ ਰਿਸ਼ਤੇਦਾਰਾਂ ਵੱਲੋਂ ਇੰਨੀ ਕੁ ਮਦਦ ਕਰ ਦੇਣਾ ਵੀ ਬਹੁਤ ਹੁੰਦਾ ਹੈ।
ਅਸੀਂ ਦੋਵਾਂ ਜੀਆਂ ਨੇ ਇਸ ਮੁਲਕ ਦੇ ਪੂਰਬੀ ਸੂਬੇ, ਜਿੱਥੇ ਅਸੀਂ ਪਿਛਲੇ ਦੋ ਸਾਲਾਂ ਤੋਂ ਵਾਲਮਾਰਟ ਦੇ ਕਰਮਚਾਰੀ ਸਾਂ, ਤੋਂ ਆਪਣੀ ਬਦਲੀ ਉੱਤਰ-ਪੱਛਮੀ ਸੂਬੇ ਦੇ ਇਸ ਸ਼ਹਿਰ ’ਚ ਕਰਵਾਉਣ ਲਈ ਅਰਜ਼ੀਆਂ ਪਾ ਦਿੱਤੀਆਂ ਸਨ। ਨਵੇਂ ਥਾਂ ’ਤੇ ਨਵੀਂ ਨੌਕਰੀ ਲੱਭਣ ਨਾਲੋਂ ਵਾਲਮਾਰਟ ਦੀ ਨੌਕਰੀ ਕਰਦਿਆਂ ਨਵੀਂ ਜੌਬ ਲੱਭਣੀ ਹੀ ਠੀਕ ਸਮਝੀ। ਖੈਰ ਥੋੜ੍ਹੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਸਾਨੂੰ ਦੋਨਾਂ ਨੂੰ ਇੱਕੋ ਲੋਕੇਸ਼ਨ ’ਤੇ ਪਹੁੰਚਣ ਦੇ ਹੁਕਮ ਮਿਲ ਗਏ ਸਨ। ਸਾਡਾ ਕੰਮ ਸਟੋਰ ਵਿੱਚ ਵੱਖ ਵੱਖ ਰੈਕਾਂ ਵਿੱਚ ਘਟਦੇ ਸਾਮਾਨ ਦੀ ਪੂਰਤੀ ਕਰਨਾ ਸੀ। ਸਟੋਰ ਦੇ ਅੰਦਰ ਪਿੱਛੇ ਬਣੇ ਗੁਦਾਮ ਤੋਂ ਮੋਟਰ ਕਾਰਟ ’ਤੇ ਸਾਮਾਨ ਦੇ ਡੱਬੇ ਲਿਆਉਣਾ ਤੇ ਰੈਕਾਂ ਵਿੱਚ ਤਰਤੀਬਵਾਰ ਟਿਕਾ ਦੇਣਾ।
ਸਿੰਥੀਆ ਸਾਨੂੰ ਵਾਲਮਾਰਟ ਹੀ ਮਿਲੀ ਸੀ। ਉਹ ਇੱਕ ਸਪਲਾਈ ਕੰਪਨੀ ਨਾਲ ਜੁੜੀ ਹੋਈ ਸੀ ਤੇ ਗਰੌਸਰੀ ਦੇ ਆਰਡਰ ਭੁਗਤਾਉਂਦੀ ਸੀ। ਉਹ ਆਰਡਰ ਦੀਆਂ ਵਸਤਾਂ ਰੈਕਾਂ ’ਚੋਂ ਲੱਭ ਕੇ ਇਕੱਠੀਆਂ ਕਰ ਰਹੀ ਸੀ ਤੇ ਮੇਰੀ ਪਤਨੀ ਸਤਵੰਤ ਤੇ ਮੈਂ ਰੈਕਾਂ ਵਿੱਚ ਸਾਮਾਨ ਟਿਕਾ ਰਹੇ ਸਾਂ। ਉਸ ਨੂੰ ਕੋਈ ਚੀਜ਼ ਲੱਭ ਨਹੀਂ ਸੀ ਰਹੀ। ਉਸ ਨੇ ਮੇਰੀ ਪਤਨੀ ਨੂੰ ਸਹਾਇਤਾ ਲਈ ਬੇਨਤੀ ਕੀਤੀ। ਖੈਰ! ਸਾਮਾਨ ਮਿਲਣ ’ਤੇ ਉਸ ਨੇ ਮੇਰੀ ਪਤਨੀ ਦਾ ਧੰਨਵਾਦ ਕੀਤਾ, ਫਿਰ ਆਪਣੇ ਕੰਮ ’ਚ ਮਸ਼ਰੂਫ ਹੋ ਗਈ। ਸਤਵੰਤ ਨੇ ਮੇਰੇ ਕੋਲ ਆ ਕੇ ਉਹਦੇ ਬਾਰੇ ਦੱਸਿਆ ਕਿ ਉਸ ਗੋਰੀ ਔਰਤ ਨੇ ਕੜਾ ਪਾਇਆ ਹੋਇਆ ਸੀ। ਫਿਰ ਅਕਸਰ ਉਹ ਸਾਨੂੰ ਵਾਲਮਾਰਟ ਮਿਲਦੀ ਰਹਿੰਦੀ। ਉਹ ਮੇਰੀ ਪਤਨੀ ਨਾਲ ਘੁਲ ਮਿਲ ਗਈ। ਮੇਰੀ ਪਤਨੀ ਦੇ ਪਹਿਰਾਵੇ ਨੂੰ ਵੇਖ ਕੇ ਹੀ ਉਸ ਨੇ ਪੁੱਛ ਲਿਆ ਕਿ ਕੀ ਅਸੀਂ ਸਿੱਖ ਹਾਂ? ਉਸ ਨੇ ਮੇਰੀ ਪਤਨੀ ਨਾਲ ਇਹ ਗੱਲ ਵੀ ਬੜੇ ਮਾਣ ਨਾਲ ਸਾਂਝੀ ਕੀਤੀ ਕਿ ਉਸ ਨੇ ਇੱਕ ਸਿੱਖ ਨਾਲ ਸ਼ਾਦੀ ਕੀਤੀ ਹੈ, ਪਰ ਉਹ ਬਹੁਤੀ ਖ਼ੁਸ਼ ਨਹੀਂ ਸੀ ਲੱਗਦੀ। ਉਦਾਸੀ ਉਸ ਦੇ ਚਿਹਰੇ ਤੋਂ ਸਾਫ਼ ਝਲਕਦੀ ਸੀ।
ਉਮਰ ਦੇ ਉਹ ਪੈਂਤੀਆਂ ਦੇ ਗੇੜ ’ਚ ਲੱਗਦੀ ਸੀ, ਪਰ ਉਮਰ ਖਾਣੀ, ਦਿਸਦੀ ਪੱਚੀਆਂ ਤੀਹਾਂ ਦੀ ਹੀ ਸੀ। ਸਕਾਟਿਸ਼ ਬਾਪ ਤੇ ਮੈਕਸੀਕਨ ਮਾਂ ਦੀ ਇੱਕ ਹੀ ਔਲਾਦ ਸੀ ਉਹ। ਮੈਕਸੀਕਨ ਔਰਤਾਂ ਦਾ ਮੜੰਗਾ ਭਾਰਤੀ ਔਰਤਾਂ ਨਾਲ ਮਿਲਦਾ ਜੁਲਦਾ ਹੈ। ਕਾਲੇ ਸ਼ਾਹ ਵਾਲ, ਲੰਬਾ ਕੱਦ ਤੇ ਨੈਣ ਨਕਸ਼ ਬਿਲਕੁਲ ਭਾਰਤੀਆਂ ਵਾਂਗ। ਉਸ ਨੇ ਆਪਣੇ ਫੋਨ ’ਚ ਆਪਣੇ ਵਿਆਹ ਵੇਲੇ ਪਹਿਨੇ ਪੰਜਾਬੀ ਸੂਟ ’ਚ ਖਿੱਚੀਆਂ ਤਸਵੀਰਾਂ ਵਿਖਾਈਆਂ ਤਾਂ ਕਿਧਰੇ ਵੀ ਪੰਜਾਬਣਾਂ ਤੋਂ ਘੱਟ ਨਹੀਂ ਸੀ ਲੱਗਦੀ। ਗੱਲ ਕੀ ਉਹ ਗਲਾਕੜ ਸੀ ਜਾਂ ਉਸ ਨੂੰ ਚੰਗਾ ਲੱਗਦਾ ਸੀ ਕਿ ਕੋਈ ਉਸ ਨੂੰ ਪੁੱਛਦਾ ਦਸਦਾ ਰਹੇ।
ਹਾਲੇ ਉਹ ਉਨੀਵੇਂ ਸਾਲ ਵਿੱਚ ਹੀ ਸੀ, ਜਦੋਂ ਉਸ ਨੇ ਡੇਵਿਡ ਨਾਲ ਸ਼ਾਦੀ ਕਰ ਲਈ ਸੀ। ਉਹ ਉਸ ਨੂੰ ਅੰਤਾਂ ਦਾ ਪਿਆਰ ਕਰਦੀ ਸੀ। ਜਿਸ ਤੋਂ ਉਸ ਦੀ ਇੱਕ ਬੇਟੀ ਕੈਮੀ ਹੈ ਜੋ ਪਿਤਾ ਦੀ ਮੌਤ ਸਮੇਂ ਦੋ ਕੁ ਸਾਲ ਦੀ ਸੀ। ਕੋਈ ਦਸ ਕੁ ਸਾਲ ਪਹਿਲਾਂ ਡੇਵਿਡ ਦੀ ਇੱਕ ਹਾਦਸੇ ’ਚ ਹੋਈ ਮੌਤ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਫਿਰ ਬੱਚੀ ਦੇ ਮੋਹ ’ਚ ਪਰਚ ਕੇ ਉਸ ਨੇ ਆਪਣੇ ਆਪ ਨੂੰ ਕੁੱਝ ਹੱਦ ਤੱਕ ਸੰਭਾਲ ਲਿਆ ਸੀ। ਉਸ ਦੀ ਮਾਂ ਜੋ ਆਪਣੇ ਘਰਵਾਲੇ ਤੋਂ ਅਲਹਿਦਾ ਹੋ ਚੁੱਕੀ ਸੀ, ਉਸ ਦੇ ਨਾਲ ਰਹਿਣ ਲੱਗ ਪਈ। ਮਾਂ ਬੱਚੀ ਨੂੰ ਸਾਂਭਦੀ ਤੇ ਸਿੰਥੀਆ ਇੰਸਟਾਕਾਰਟ ਦੀ ਗਰੋਸਰੀ ਸਪਲਾਈ ਦੇ ਆਰਡਰ ਭੁਗਤਾ ਕੇ ਘਰ ਦਾ ਤੋਰਾ ਤੋਰਦੀ ਸੀ। ਦਿਨ ਕਟੀ ਹੋ ਰਹੀ ਸੀ। ਉਹ ਦੋ ਕਮਰਿਆਂ ਵਾਲੇ ਅਪਾਰਟਮੈਂਟ ਵਿੱਚ ਰਹਿ ਰਹੇ ਸਨ। ਸਿੰਥੀਆ ਨੂੰ ਪੰਜਾਬੀ ਖਾਣਿਆਂ ਦਾ ਸ਼ੌਕ ਸੀ ਜਾਂ ਡੇਵਿਡ ਨਾਲ ਵਿਆਹ ਤੋਂ ਬਾਅਦ ਉਸ ਨੇ ਇਹ ਸ਼ੌਕ ਪੈਦਾ ਕਰ ਲਿਆ। ਉਹ ਦਸਦੀ ਰਹਿੰਦੀ ਕਿ ਉਸ ਨੇ ਪੰਜਾਬੀ ਰਸੋਈ ਦਾ ਜ਼ਿਆਦਾ ਕੰਮ ਆਪਣੇ ਘਰਵਾਲੇ ਤੋਂ ਹੀ ਸਿੱਖਿਆ ਹੈ।
ਉਸ ਦਾ ਸਾਥੀ ਹਰਦੇਵ ਸਿੰਘ ਉਬਰ ਟੈਕਸੀ ਚਲਾਉਂਦਾ ਸੀ। ਪਤਾ ਲੱਗਿਆ ਕਿ ਉਹ ਪਹਿਲਾਂ ਬਰੈਂਪਟਨ ਕਿਸੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਸੇਵਾ ਲਈ ਕਿਸੇ ਜਥੇ ਨਾਲ ਕੈਨੇਡਾ ਆਇਆ ਸੀ। ਗੁਰਦੁਆਰੇ ਦਾ ਸਕੱਤਰ ਉਸ ਦੇ ਪਿੰਡਾਂ ਵੱਲ ਦਾ ਹੀ ਸੀ। ਕੀਰਤਨੀ ਜਥੇ ਨਾਲ ਆਇਆ ਤੇ ਦੋ ਕੁ ਦਿਨ ਨਾਲ ਰਿਹਾ ਤੇ ਫਿਰ ਇਸ ਸ਼ਹਿਰ ’ਚ ਉਡਾਰੀ ਮਾਰ ਆਇਆ। ਬਰੈਂਪਟਨ ਨਾਲੋਂ ਇਸ ਸ਼ਹਿਰ ਵਿੱਚ ਵਰਕ ਪਰਮਿਟ ਦਾ ਜੁਗਾੜ ਜਲਦੀ ਹੋ ਸਕਦਾ ਸੀ ਤੇ ਇੱਥੇ ਉਸ ਦਾ ਜਾਣੂ ਨਿਰਮਲ ਸਿੰਘ ਵੀ ਸੀ ਜੋ ਆਪਣੀ ਪਤਨੀ ਤੇ ਬੇਟੀ ਨਾਲ ਸਿੰਥੀਆ ਦੇ ਸਾਹਮਣੇ ਵਾਲੇ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਦੋ ਕਮਰਿਆਂ ਦਾ ਅਪਾਰਟਮੈਂਟ ਸੀ। ਇਸ ਲਈ ਇੱਕ ਕਮਰੇ ਵਿੱਚ ਸ਼ੇਅਰਿੰਗ ਵਿੱਚ ਰਹਿਣ ਲੱਗ ਪਿਆ।
ਜਦ ਤੱਕ ਵਰਕ ਪਰਮਿਟ ਦੀ ਗੱਲ ਬਣਦੀ, ਉਹ ਕੈਸ਼ ’ਤੇ ਕਿਸੇ ਲਿਕਰ ਸ਼ਾਪ ’ਚ ਕੰਮ ਕਰਨ ਲੱਗ ਪਿਆ- ਸ਼ਾਮ ਨੂੰ ਚਾਰ ਵਜੇ ਤੋਂ ਦਸ ਵਜੇ ਤੱਕ। ਖ਼ਰਚਾ ਨਿਕਲ ਜਾਂਦਾ। ਐੱਲਐੱਮਆਈਏ ਦੇਣ ਵਾਲਿਆਂ ਦੇ ਮੂੰਹ ਇੱਥੇ ਵੀ ਬਹੁਤ ਟੱਡੇ ਹੋਏ ਸਨ। ਤੀਹ-ਪੈਂਤੀ ਹਜ਼ਾਰ ਡਾਲਰਾਂ ਤੋਂ ਘੱਟ ਕੋਈ ਪੱਲਾ ਹੀ ਨਹੀਂ ਸੀ ਫੜਾ ਰਿਹਾ। ਮਹੀਨਾ ਨਿਕਲ ਗਿਆ ਸੀ। ਉਸ ਦੇ ਮਿੱਤਰ ਦੀ ਬੇਟੀ ਅਵਨੀਤ ਤੇ ਸਿੰਥੀਆ ਦੀ ਬੇਟੀ ਕੈਮਿਲਾ ਜਿਸ ਨੂੰ ਨਿੱਕ ਨੇਮ ਕੈਮੀ ਬੁਲਾਉਂਦੇ ਸਨ, ਨੇੜੇ ਦੇ ਸਕੂਲ ਵਿੱਚ ਇੱਕੋ ਜਮਾਤ ਵਿੱਚ ਪੜ੍ਹਦੀਆਂ ਸਨ। ਦੋਨਾਂ ਬੱਚੀਆਂ ਨੂੰ ਇੱਕ ਵਜੇ ਛੁੱਟੀ ਹੁੰਦੀ ਸੀ। ਸਵੇਰੇ ਸਿੰਥੀਆ ਕੰਮ ’ਤੇ ਜਾਣ ਵੇਲੇ ਛੱਡ ਆਉਂਦੀ ਤੇ ਦੁਪਹਿਰ ਨੂੰ ਹਰਦੇਵ ਦੋਨਾਂ ਨੂੰ ਲੈ ਆਉਂਦਾ। ਜਦ ਤੱਕ ਹਰਦੇਵ ਦਾ ਕੰਮ ਚਾਰ ਤੋਂ ਦਸ ਸੀ। ਬਾਅਦ ਵਿੱਚ ਉਨ੍ਹਾਂ ਨੇ ਸੋਚਿਆ ਕਿ ਸਕੂਲ ਬੱਸ ਲਵਾ ਲਵਾਂਗੇ। ਇਸ ਤਰ੍ਹਾਂ ਦੋਵਾਂ ਪਰਿਵਾਰਾਂ ਦਾ ਮੇਲ ਜੋਲ ਬਣਿਆ ਹੋਇਆ ਸੀ।
ਕੈਮੀ ਦੇ ਜਨਮ ਦਿਨ ’ਤੇ ਉਨ੍ਹਾਂ ਨੇ ਹਰਦੇਵ ਨੂੰ ਵੀ ਸੱਦ ਲਿਆ। ਹਰਦੇਵ ਆਪਣੇ ਵੱਲੋਂ ਕੈਮੀ ਵਾਸਤੇ ਤੋਹਫੇ ਲੈ ਗਿਆ। ਸਿੰਥੀਆ ਨੂੰ ਉਹ ਭਰ ਜੁਆਨ ਸੰਗਾਊ ਜਿਹਾ ਮੁੰਡਾ ਚੰਗਾ ਚੰਗਾ ਲੱਗਣ ਲੱਗ ਗਿਆ। ਲੰਘਦੇ ਟੱਪਦੇ ਹੈਲੋ ਹਾਏ ਹੋਣ ਲੱਗ ਪਈ। ਹਰਦੇਵ ਭਾਵੇਂ ਗ੍ਰੈਜੂਏਟ ਸੀ, ਪਰ ਅੰਗਰੇਜ਼ੀ ’ਚ ਹੱਥ ਤੰਗ ਹੀ ਸੀ। ਹਾਂ, ਉਸ ਦਾ ਕੰਮ ’ਤੇ ਗਾਹਕਾਂ ਨਾਲ ਬੋਲਣ ਕਰਕੇ ਝਾਕਾ ਖੁੱਲ੍ਹ ਗਿਆ। ਸਮਝਣ ਵੀ ਲੱਗ ਗਿਆ ਤੇ ਬੋਲਣ ਦੀ ਰਾੜ ਬੀੜ ਕਰਨ ਲੱਗ ਪਿਆ। ਇੱਕ ਦਿਨ ਉਹ ਨੇੜੇ ਪੈਂਦੇ ਵਾਲਮਾਰਟ ਤੋਂ ਦੁੱਧ, ਬ੍ਰੈਡ ਤੇ ਹੋਰ ਨਿੱਕ ਸੁੱਕ ਲੈਣ ਚਲਾ ਗਿਆ। ਵਾਲਮਾਰਟ ਦੇ ਅੰਦਰਵਾਰ ਸੱਜੇ ਹੱਥ ਟਿਮ ਹਾਰਟਨ ਬਣਿਆ ਹੋਇਆ ਹੈ। ਹਰਦੇਵ ਨੇ ਵੇਖਿਆ ਸਿੰਥੀਆ ਸਾਹਮਣੇ ਬੈਠੀ ਕੌਫ਼ੀ ਦੇ ਮੀਡੀਅਮ ਕੱਪ ’ਚੋਂ ਚੁਸਕੀਆਂ ਲੈ ਰਹੀ ਸੀ। ਉਸ ਨੇ ਹਰਦੇਵ ਨੂੰ ਆਵਾਜ਼ ਮਾਰ ਲਈ। ਉਹ ਉੱਥੇ ਬੈਠੀ ਮੋਬਾਈਲ ਐਪ ’ਤੇ ਇੰਸਟਾਕਾਰਟ ਦੇ ਆਰਡਰ ਲੱਭਦੀ ਰਹਿੰਦੀ। ਹਰਦੇਵ ਲਈ ਉਸ ਨੇ ਮੱਲੋ ਮੱਲੀ ਕੌਫ਼ੀ ਲੈ ਲਈ। ਉਹ ਗੱਲੀਂ ਪੈ ਗਏ।
ਹਰਦੇਵ ਨੇ ਇਹ ਵੀ ਦੱਸਿਆ ਕਿ ਉਹ ਵਰਕ ਪਰਮਿਟ ਲਈ ਸੰਘਰਸ਼ ਕਰ ਰਿਹਾ ਹੈ। ਪੰਦਰਾਂ ਵੀਹ ਮਿੰਟ ਬੈਠੇ ਰਹੇ ਤੇ ਫਿਰ ਸਿੰਥੀਆ ਨੂੰ ਆਰਡਰ ਮਿਲ ਗਿਆ ਤੇ ਹਰਦੇਵ ਆਪਣਾ ਸਾਮਾਨ ਲੈ ਕੇ ਘਰ ਆ ਗਿਆ। ਹੁਣ ਹਰਦੇਵ ਅਕਸਰ ਸਿੰਥੀਆ ਬਾਰੇ ਸੋਚਣ ਲੱਗ ਪਿਆ। ਉਸ ਨੇ ਆਪਣੇ ਮਿੱਤਰ ਨਾਲ ਵੀ ਗੱਲ ਸਾਂਝੀ ਕੀਤੀ ਭਾਵੇਂ ਉਸ ਨੇ ਹੁੰਗਾਰਾ ਘੱਟ ਭਰਿਆ, ਪਰ ਨਾਂਹ ਵੀ ਨਾ ਕੀਤੀ। ਕੋਸ਼ਿਸ਼ ਕਰਨ ’ਚ ਵੀ ਕੋਈ ਹਰਜ਼ ਨਹੀਂ। ਫਿਰ ਉਹ ਦੂਜੇ ਤੀਜੇ ਦਿਨ ਵਾਲਮਾਰਟ ਜਾਂਦਾ ਰਹਿੰਦਾ। ਜੇਕਰ ਸਿੰਥੀਆ ਮਿਲ ਜਾਂਦੀ ਤਾਂ ਟਿਮ ਹਾਰਟਨ ’ਚ ਬਹਿ ਜਾਂਦੇ। ਇੱਕ ਦਿਨ ਇਸ ਤਰ੍ਹਾਂ ਬੈਠੇ ਸਿੰਥੀਆ ਨੂੰ ਸੁਪਰ ਸਟੋਰ ਦਾ ਆਰਡਰ ਮਿਲਿਆ ਗਿਆ।
ਹਰਦੇਵ ਉਸ ਦੇ ਨਾਲ ਹੀ ਉਸ ਦੀ ਗੱਡੀ ਆ ਕੇ ਬੈਠ ਗਿਆ। ਸਿੰਥੀਆ ਨੇ ਗੱਡੀ ਵਾਲਮਾਰਟ ਦੀ ਪਾਰਕਿੰਗ ’ਚੋਂ ਨਿਕਾਲ ਕੇ ਕੈਨੇਡੀਅਨ ਸੁਪਰ ਸਟੋਰ ਵੱਲ ਗੱਡੀ ਮੋੜ ਲਈ। ਉਹ ਗੱਲਾਂ ਕਰਦੇ ਹੋਏ ਸੁਪਰ ਸਟੋਰ ਪਹੁੰਚ ਗਏ। ਸਿੰਥੀਆ ਨੂੰ ਉਸ ਦਾ ਨਾਲ ਬੈਠਣਾ ਚੰਗਾ ਲੱਗਿਆ। ਉਹ ਆਪਣੀ ਕੋਈ ਪੁਰਾਣੀ ਟੋਇਟਾ ਖਿੱਚੀ ਜਾ ਰਹੀ ਸੀ। ਪਾਰਕਿੰਗ ’ਚ ਉਤਰ ਕੇ ਹਰਦੇਵ ਨੇ ਹੱਥ ਮਿਲਾਉਣ ਸਮੇਂ ਉਸ ਦਾ ਹੱਥ ਆਪਣੇ ਹੱਥ ਵਿੱਚ ਘੁੱਟ ਲਿਆ। ਉਹ ਬੋਲੀ ਨਹੀਂ ਮੁਸਕਰਾ ਕੇ ਹੱਥ ਛੁਡਾ ਕੇ ਸਟੋਰ ਅੰਦਰ ਚਲੀ ਗਈ ਤੇ ਹਰਦੇਵ ਨੇ ਸਟੋਰ ਦੇ ਮੂਹਰੇ ਬਣੇ ਸਟਾਪ ਤੋਂ ਘਰ ਨੂੰ ਜਾਣ ਲਈ ਬੱਸ ਫੜ ਲਈ। ਬੱਸ ’ਚ ਬੈਠੇ ਆਉਂਦੇ ਨੇ ਇੱਕ ਫ਼ੈਸਲਾ ਕਰ ਲਿਆ। ਉਸ ਨੂੰ ਪੂਰੀ ਉਮੀਦ ਸੀ। ਜੇ ਸਾਰਾ ਕੁੱਝ ਠੀਕ ਰਿਹਾ ਤਾਂ ਤੀਹ ਪੈਂਤੀ ਹਜ਼ਾਰ ਦੇ ਖ਼ਰਚੇ ਤੋਂ ਵੀ ਬਚ ਜਾਵੇਗਾ। ਹੁਣ ਉਹ ਆਨੀਂ ਬਹਾਨੀ ਸਿੰਥੀਆ ਨੂੰ ਮਿਲਣ ਦੀ ਕੋਸ਼ਿਸ਼ ਕਰਦਾ। ਉਸ ਦਾ ਮਿੱਤਰ ਨਿਰਮਲ ਤੇ ਉਸ ਦੀ ਪਤਨੀ ਇਹ ਸਭ ਕੁੱਝ ਵੇਖ ਰਹੇ ਸਨ।
ਇੱਕ ਦਿਨ ਗੱਲ ਖੁੱਲ੍ਹ ਹੀ ਗਈ। ਹਰਦੇਵ ਨੇ ਉਨ੍ਹਾਂ ਨੂੰ ਭਰੋਸੇ ’ਚ ਲੈ ਲਿਆ। ਇਹ ਤਸੱਲੀ ਦਵਾਈ ਕਿ ਸਿੰਥੀਆ ਉਸ ਨੂੰ ਬਹੁਤ ਚੰਗੀ ਲੱਗਦੀ ਹੈ। ਨਿਰਮਲ ਦੀ ਘਰਵਾਲੀ ਨੇ ਕਿਹਾ ਕਿ ਉਮਰ ਖਾਣੀ ਫੱਬਦੀ ਬਹੁਤ ਹੈ। ਮੰਨ ਜੇ ਤਾਂ ਜੋੜੀ ਜਚ ਜਾਊਗੀ। ਆਉਂਦੇ ਲੌਂਗ ਵੀਕ ਐਂਡ ’ਤੇ ਹਰਦੇਵ ਨੇ ਸਿੰਥੀਆ ਨੂੰ ਬੈਂਫ, ਗੋਲਡਨ ਆਦਿ ਦੀ ਫੇਰੀ ਲਈ ਮਨਾ ਲਿਆ। ਉਸ ਦਾ ਲਾਇਸੈਂਸ ਵੀ ਆ ਗਿਆ ਸੀ ਤੇ ਉਸ ਨੇ ਪੰਜ ਕੁ ਸਾਲ ਪੁਰਾਣੀ ਟੋਇਟਾ ਕਰੋਲਾ ਖ਼ਰੀਦ ਲਈ। ਸ਼ਨਿੱਚਰਵਾਰ ਦੀ ਸਵੇਰ ਨੂੰ ਨਿਰਮਲ ਤੇ ਉਸ ਦਾ ਪਰਿਵਾਰ ਅਤੇ ਹਰਦੇਵ ਦੀ ਗੱਡੀ ਵਿੱਚ ਸਿੰਥੀਆ ਦੀ ਮਾਂ ਤੇ ਬੇਟੀ ਦੋਵੇਂ ਗੱਡੀਆਂ ਹਵਾ ਨਾਲ ਗੱਲਾਂ ਕਰਦੀਆਂ ਜਾ ਰਹੀਆਂ ਸਨ। ਦੋ ਦਿਨ ਸਾਰੇ ਜਣੇ ਖੂਬ ਘੁੰਮੇ। ਗੋਲਡਨ ਦੀਆਂ ਪਹਾੜੀਆਂ ਦਾ ਆਨੰਦ, ਫਿਰ ਬੈਂਫ ਤੇ ਲੇਕ ਲੂਈਜ਼ ਦੇ ਨਜ਼ਾਰੇ। ਗੱਲ ਕੀ ਹਰਦੇਵ ਨੇ ਸਿੰਥੀਆ ਦੇ ਪਰਿਵਾਰ ’ਤੇ ਖੁੱਲ੍ਹ ਕੇ ਖ਼ਰਚਾ ਕੀਤਾ। ਤੀਜੇ ਦਿਨ ਦੁਪਹਿਰ ਨੂੰ ਖੁਸ਼ੀ ਖੁਸ਼ੀ ਘਰ ਆ ਵੜੇ ਤੇ ਫਿਰ ਇੱਕ ਦਿਨ ਹੌਸਲਾ ਕਰਕੇ ਟਿਮ ਹਾਰਟਨ ਦੀ ਕੌਫ਼ੀ ਪੀਂਦਿਆਂ ਹਰਦੇਵ ਨੇ ਆਪਣੇ ਦਿਲ ਦੀ ਗੱਲ ਸਿੰਥੀਆ ਨਾਲ ਸਾਂਝੀ ਕਰ ਲਈ।
ਉਸ ਨੇ ਆਪਣੇ ਮਿੱਤਰ ਨਿਰਮਲ ਨਾਲ ਮਿਲ ਕੇ ਵਕੀਲ ਰਾਹੀਂ ਕੋਰਟ ਮੈਰਿਜ ਦੀ ਤਾਰੀਖ ਲੈ ਲਈ। ਨਿਰਮਲ ਦੀ ਵਹੁਟੀ ਨੂੰ ਨਾਲ ਲੈ ਕੇ ਚੌਂਤੀ ਐਵੇਨਿਊ ’ਤੇ ਬਣੀ ਪੰਜਾਬੀ ਸੂਟਾਂ ਦੀ ਦੁਕਾਨ ਤੋਂ ਤਿੰਨ ਪੰਜਾਬੀ ਸੂਟ ਲੈ ਕੇ ਉੱਥੇ ਹੀ ਸਿਲਾਈ ਲਈ ਦੇ ਦਿੱਤੇ। ਤੇ ਹੋਰ ਨਿੱਕ ਸੁੱਕ ਜੋ ਚਾਹੀਦਾ ਸੀ, ਚਾਈਂ ਚਾਈਂ ਲੈ ਲਿਆ। ਵਿਆਹ ਦੀ ਤਾਰੀਖ ਦੋ ਜੁਲਾਈ ਦੀ ਮਿਲੀ ਸੀ। ਹਾਲੇ ਵੀਹ ਦਿਨ ਬਾਕੀ ਸਨ। ਅਗਲੀ ਗੱਲ ਜੋ ਹਰਦੇਵ ਨੇ ਕੀਤੀ ਉਹ ਸੀ ਨਾਰਥ ਸਾਈਡ ’ਤੇ ਇੱਕ ਪੁਰਾਣਾ ਟਾਊਨ ਹਾਊਸ ਜਿਸ ਦੀ ਚੰਗੀ ਸਾਂਭ ਸੰਭਾਲ ਰੱਖੀ ਹੋਈ ਸੀ, ਅਪਾਰਟਮੈਂਟ ਤੋਂ ਥੋੜ੍ਹੇ ਵੱਧ ਕਿਰਾਏ ’ਤੇ ਲੈ ਲਿਆ। ਲੀਜ਼ ਸਿੰਥੀਆ ਦੇ ਨਾਂ ਬਣਵਾ ਦਿੱਤੀ, ਪੇਸ਼ਗੀ ਰਕਮ ਤੇ ਪਹਿਲੇ ਮਹੀਨੇ ਦਾ ਕਿਰਾਇਆ ਹਰਦੇਵ ਨੇ ਆਪਣੇ ਕੋਲੋਂ ਜਮਾਂ ਕਰਵਾ ਦਿੱਤਾ।
ਤੀਹ ਜੂਨ ਨੂੰ ਚਾਬੀ ਲੈ ਕੇ ਪਹਿਲੀ ਜੂਨ ਨੂੰ ਉਹ ਯੂ ਹਾਲ ਦਾ ਵੱਡਾ ਟਰੱਕ ਲੈ ਆਇਆ। ਉਸ ਨੇ ਲਿਕਰ ਸ਼ਾਪ ’ਤੇ ਕੰਮ ਕਰਦੇ ਮੁੰਡੇ ਨੂੰ ਨਾਲ ਲੈ ਲਿਆ ਸੀ, ਜਿਸ ਕੋਲ ਟਰੱਕ ਚਲਾਉਣ ਦਾ ਕਲਾਸ ਫਾਈਵ ਲਾਇਸੈਂਸ ਵੀ ਸੀ ਤੇ ਲੋਡਿੰਗ ਅਣ ਲੋਡਿੰਗ ਲਈ ਵੀ ਮਦਦ ਦੀ ਲੋੜ ਸੀ। ਗੱਲ ਕੀ ਪਹਿਲੀ ਜੂਨ ਦੀ ਸ਼ਾਮ ਤੱਕ ਉਨ੍ਹਾਂ ਨੇ ਟਾਊਨ ਹਾਊਸ ਸਜਾ ਲਿਆ। ਨਿਰਮਲ ਤੇ ਉਸ ਦੀ ਵਹੁਟੀ ਨੂੰ ਦੋ ਜੂਨ ਦੀ ਛੁੱਟੀ ਲਈ, ਉਸ ਨੇ ਪਹਿਲਾਂ ਹੀ ਕਹਿ ਦਿੱਤਾ ਸੀ।
ਆਖਰ ਦੋ ਜੂਨ ਵੀ ਆ ਗਈ। ਸਿੰਥੀਆ ਨੂੰ ਨਿਰਮਲ ਦੀ ਵਹੁਟੀ ਨੇ ਸਜਾ ਸੰਵਾਰ ਦਿੱਤਾ ਸੀ। ਹਲਕੇ ਗੁਲਾਬੀ ਸੂਟ ਵਿੱਚ ਲੰਬੀ ਲੰਝੀ ਮੈਕਸੀਕਨ ਕੁੜੀ ਮਝੈਲਣਾਂ ਨੂੰ ਟੱਕਰ ਦਿੰਦੀ ਲੱਗਦੀ ਸੀ। ਸਰੀਰਕ ਬਣਤਰ ਤੋਂ ਉਹ ਕਿਸੇ ਵੀ ਤਰ੍ਹਾਂ ਇੱਕ ਬਾਰਾਂ ਸਾਲ ਦੀ ਬੱਚੀ ਦੀ ਮਾਂ ਨਹੀਂ ਸੀ ਲੱਗਦੀ। ਮੈਰਿਜ ਰਜਿਸਟ੍ਰੇਸ਼ਨ ਤੋਂ ਵਿਹਲੇ ਹੋ ਕੇ ਉਹ ਸਾਰੇ ਜਣੇ ਗੁਰਦੁਆਰੇ ਪਹੁੰਚ ਗਏ। ਸੇਵਾ ਦੀ ਪਰਚੀ ਕਟਵਾ ਕੇ ਉਨ੍ਹਾਂ ਨੇ ਭਾਈ ਸਾਹਿਬ ਨੂੰ ਅਰਦਾਸ ਲਈ ਬੇਨਤੀ ਕੀਤੀ, ਫਿਰ ਲੰਗਰ ਪ੍ਰਸ਼ਾਦਾ ਛਕ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਆਏ।
ਵਾਲਮਾਰਟ ਵਿੱਚ ਉਹ ਵਾਹ ਲੱਗਦੀ ਮੇਰੀ ਪਤਨੀ ਨਾਲ ਗੱਲਾਂ ਕਰਨ ਦਾ ਸਮਾਂ ਕੱਢ ਲੈਂਦੀ। ਉਸ ਨੇ ਆਪਣੇ ਵਾਲ ਵੀ ਲੰਬੇ ਕਰ ਲਏ ਤੇ ਹੱਥ ਕੜਾ ਪਾ ਕੇ ਰੱਖਦੀ। ਉਹ ਦੱਸਦੀ ਕਿ ਹਰਦੇਵ ਨੇ ਗੁਰਦੁਆਰੇ ਤੋਂ ਕੜਾ ਲੈ ਕੇ ਆਪਣੇ ਹੱਥੀਂ ਉਸ ਨੂੰ ਪਹਿਨਾਇਆ ਸੀ। ਹਰ ਐਤਵਾਰ ਉਹ ਗੁਰੂ ਘਰ ਜ਼ਰੂਰ ਜਾਂਦੇ। ਵਿਹਲੇ ਹੋ ਕੇ ਟਿਮ ਹਾਰਟਨ ਦੀ ਚਾਹ ਕੌਫ਼ੀ ਦੀਆਂ ਚੁਸਕੀਆਂ ਲੈਂਦੇ। ਉਹ ਸਤਵੰਤ ਨਾਲ ਕਾਫ਼ੀ ਕੁੱਝ ਸਾਂਝਾ ਕਰ ਲੈਂਦੀ। ਕਈ ਵਾਰ ਉਦਾਸ ਹੋ ਜਾਂਦੀ। ਬੇਮਾਲੂਮ ਜਿਹਾ ਹਉਕਾ ਲੈਂਦੀ ਤੇ ਫਿਰ ਲੜੀ ਤੋਰ ਲੈਂਦੀ। ਉਹ ਦੱਸਦੀ ਹਰਦੇਵ ਉਸ ਦਾ ਤੇ ਉਸ ਦੀ ਬੇਟੀ ਦਾ ਬਹੁਤ ਖ਼ਿਆਲ ਰੱਖਦੈ। ਉਹ ਟੈਕਸੀ ਚਲਾਉਂਦਾ ਹੈ, ਪਰ ਸਮੇਂ ਸਿਰ ਘਰ ਆ ਜਾਂਦਾ ਹੈ। ਕੈਮੀ ਦਾ ਸਕੂਲ ਬਦਲਣਾ ਪਿਆ ਸੀ। ਹਰਦੇਵ ਨੇ ਸਕੂਲ ਛੱਡਣ ਤੇ ਲਿਆਉਣ ਦੀ ਜ਼ਿੰਮੇਵਾਰੀ ਲੈ ਲਈ। ਪਤਾ ਹੀ ਨਹੀਂ ਲੱਗਿਆ ਕਦੋਂ ਸਾਲ ਲੰਘ ਗਿਆ। ਹੁਣ ਉਸ ਨੂੰ ਪੀਆਰ ਮਿਲ ਗਈ ਸੀ। ਜਿਸ ਦਿਨ ਉਸ ਦੀ ਪੀਆਰ ਆਈ, ਉਸ ਨੇ ਨਿਰਮਲ ਤੇ ਉਸ ਦੇ ਪਰਿਵਾਰ ਨੂੰ ਡਿਨਰ ’ਤੇ ਬੁਲਾਇਆ। ਉਹ ਬਹੁਤ ਖ਼ੁਸ਼ ਸੀ। ਅਕਤੂਬਰ ਦੇ ਪਹਿਲੇ ਹਫ਼ਤੇ ਹਰਦੇਵ ਦੇ ਪਿੰਡੋਂ ਫੋਨ ਆਇਆ ਕਿ ਉਸ ਦੀ ਮਾਂ ਬਹੁਤ ਬਿਮਾਰ ਹੈ। ਤੁਰੰਤ ਪਹੁੰਚਣ ਦੀ ਤਾਕੀਦ ਕੀਤੀ ਸੀ। ਉਸ ਨੇ ਕਈ ਵਾਰ ਗੱਲ ਕੀਤੀ ਸੀ ਕਿ ਸਿੰਥੀਆ ਨੂੰ ਉਹ ਪੰਜਾਬ ਲੈ ਕੇ ਜਾਵੇਗਾ ਤੇ ਸਭ ਨੂੰ ਮਿਲਾਏਗਾ। ਉਂਝ ਉਸ ਨੇ ਕਦੇ ਫੋਨ ’ਤੇ ਗੱਲ ਨਹੀਂ ਸੀ ਕਰਵਾਈ। ਬੋਲੀ ਦਾ ਫ਼ਰਕ ਸੀ ਤੇ ਨਾਲੇ ਉਹ ਕਹਿੰਦਾ ਹੁੰਦਾ ਕਿ ਜਦੋਂ ਤੇਰੇ ਵਰਗੀ ਹੂਰ ਨੂੰ ਮਾਂ ਸਾਹਮਣੇ ਲਿਜਾ ਕੇ ਖੜ੍ਹੀ ਕਰੇਗਾ ਤਾਂ ਉਹ ਹੈਰਾਨ ਰਹਿ ਜਾਵੇਗੀ, ਪਰ ਜਦੋਂ ਜਾਣ ਦਾ ਦਿਨ ਆਇਆ ਸੀ ਤਾਂ ਸਾਰਾ ਕੁੱਝ ਕਾਹਲੀ ਕਾਹਲੀ ਹੋ ਗਿਆ ਸੀ ਤੇ ਨਾਲੇ ਸਿੰਥੀਆ ਦਾ ਵੀਜ਼ਾ ਵੀ ਨ੍ਹੀ ਸੀ ਲੱਗਿਆ। ਫਿਰ ਉਹ ਚੁੱਪ ਕਰ ਗਈ।
ਸਤਵੰਤ ਨੇ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਗਏ ਨੂੰ। ‘‘ਨੌਂ ਮਹੀਨੇ ਹੋ ਗਏ। ਕਹਿੰਦਾ ਮਾਂ ਦੇ ਠੀਕ ਹੋਣ ’ਤੇ ਹੀ ਆਏਗਾ। ਹੁਣ ਤਾਂ ਫੋਨ ’ਤੇ ਗੱਲ ਨੂੰ ਵੀ ਮਹੀਨਾ ਮਹੀਨਾ ਲੰਘ ਜਾਂਦੈ। ਘਰ ਦੇ ਕੰਮਾਂ ਵਿੱਚ ਉਲਝਿਆ ਹੋਇਐ।’’, ਉਹ ਦੱਸਦੀ ਅਤੇ ਹਉਕਾ ਲੈ ਕੇ ਚੁੱਪ ਕਰ ਗਈ। ਸਤਵੰਤ ਨੇ ਉਸ ਦਾ ਹੱਥ ਆਪਣੇ ਹੱਥ ’ਚ ਲੈ ਕੇ ਦਿਲਾਸਾ ਦਿੱਤਾ ਕਿ ਫਿਕਰ ਨਾ ਕਰੇ, ਉਹ ਜਲਦੀ ਆ ਜਾਵੇਗਾ। ਉਸ ਨੇ ਸਤਵੰਤ ਵੱਲ ਹੌਸਲਾਮਈ ਅੱਖਾਂ ਨਾਲ ਵੇਖਿਆ ਤੇ ਆਪਣੀ ਕਾਰਟ ਲੈ ਕੇ ਸਾਮਾਨ ਇਕੱਠਾ ਕਰਨ ਤੁਰ ਪਈ।
ਸਮਾਂ ਬੀਤਦਿਆਂ ਪਤਾ ਨਹੀਂ ਲੱਗਦਾ। ਅਸੀਂ ਦੋਵਾਂ ਨੇ ਹੀ ਵਾਲਮਾਰਟ ਦੀ ਨੌਕਰੀ ਛੱਡ ਦਿੱਤੀ ਸੀ। ਸਤਵੰਤ ਨੂੰ ਕਿਸੇ ਨਾਮੀ ਕੰਪਨੀ ਵਿੱਚ ਚੰਗੇ ਪੇ ਰੇਟ ’ਤੇ ਐਡਮਨਿਸਟਰੇਸ਼ਨ ’ਚ ਜੌਬ ਮਿਲ ਗਈ ਸੀ ਤੇ ਮੈਨੂੰ ਵੀ ਆਪਣੀ ਲਾਈਨ ’ਚ ਟੈਲੱਸ ਵਿੱਚ ਮਨਪਸੰਦ ਦੀ ਨੌਕਰੀ ਮਿਲ ਗਈ। ਕੰਮ ਦੇ ਨੇੜੇ ਹੋਣ ਕਰਕੇ ਸਾਨੂੰ ਨਾਰਥ ਸਾਈਡ ਤੋਂ ਸਾਊਥ ਸਾਈਡ ਵੱਲ ਤਬਦੀਲ ਹੋਣਾ ਪਿਆ। ਇਸ ਕਰਕੇ ਸਾਊਥ ਕਾਮਨ ਵਾਲਮਾਰਟ ਜਾਣ ਦੀ ਬਜਾਏ ਅਸੀਂ ਘਰ ਦੇ ਨੇੜੇ ਪੈਂਦੇ ਸਟੋਰਾਂ ਤੋਂ ਆਪਣੀਆਂ ਲੋੜਾਂ ਦੀ ਪੂਰਤੀ ਕਰ ਲੈਂਦੇ। ਇਸ ਲਈ ਸਿੰਥੀਆ ਨਾਲ ਕਦੇ ਮੁਲਾਕਾਤ ਹੀ ਨਹੀਂ ਹੋਈ। ਗੁਰਦੁਆਰਾ ਛਿਆਹਟ ਰੋਡ ’ਤੇ ਨਵਾਂ ਬਣਿਆ ਸੀ। ਹਫ਼ਤੇ ਬਾਅਦ ਇਸੇ ਗੁਰਦੁਆਰੇ ਅਸੀਂ ਆਪਣੀ ਇਬਾਦਤ ਕਰ ਆਉਂਦੇ। ਗੱਲ ਕੀ ਨਾਰਥ ਸਾਈਡ ਜਾਣਾ ਘਟ ਗਿਆ ਤੇ ਸਿੰਥੀਆ ਵੀ ਸਾਡੇ ਚੇਤਿਆਂ ’ਚੋਂ ਮਨਫੀ ਹੋ ਗਈ।
ਸਾਨੂੰ ਇੱਧਰ ਆਇਆਂ ਨੂੰ ਦੋ ਸਾਲ ਦੇ ਨੇੜੇ ਹੋ ਗਏ ਸਨ। ਪੰਜਾਬ ਤੋਂ ਇੱਕ ਨਾਮਵਰ ਕਥਾਵਾਚਕ ਸਿੰਘ ਸਭਾ ਗੁਰਦੁਆਰੇ ਆਏ ਹੋਏ ਸਨ। ਜਿਨ੍ਹਾਂ ਦੀ ਕਥਾ ਅਸੀਂ ਟੈਲੀਵਿਜ਼ਨ ’ਤੇ ਸੁਣਦੇ ਰਹਿੰਦੇ ਸੀ। ਅਸੀਂ ਸ਼ਨਿੱਚਰਵਾਰ ਸ਼ਾਮ ਅਤੇ ਐਤਵਾਰ ਦੁਪਹਿਰ ਦਾ ਦੀਵਾਨ ਸੁਣਨ ਦਾ ਮਨ ਬਣਾ ਲਿਆ। ਸ਼ਨਿੱਚਰਵਾਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਅਸੀਂ ਬੇਸਮੈਂਟ ’ਚ ਬਣੇ ਲੰਗਰ ਹਾਲ ’ਚ ਪਹੁੰਚ ਗਏ। ਸੰਗਤ ਬਹੁਤ ਸੀ। ਹਾਲ ਭਰਿਆ ਹੋਇਆ ਸੀ। ਅਸੀਂ ਥਾਲੀਆਂ ਵਿੱਚ ਪ੍ਰਸ਼ਾਦੇ ਦਾਲ ਸਬਜ਼ੀ ਪੁਆ ਕੇ ਹਾਲ ਦੀ ਦੀਵਾਰ ਨਾਲ ਬੈਠ ਗਏ। ਸਾਡੇ ਬਿਲਕੁਲ ਸਾਹਮਣੇ ਭਾਂਡੇ ਸਾਫ਼ ਕਰਨ ਵਾਲਾ ਬਰਾਂਡਾ ਨੁਮਾ ਕਮਰਾ ਸੀ। ਸਾਫ਼ ਕਰਨ ਵਾਲੇ ਸੇਵਾਦਾਰ/ ਸੇਵਾਦਾਰਨੀਆਂ ਸਾਹਮਣੇ ਨਜ਼ਰ ਆਉਂਦੇ ਸਨ। ਸਤਵੰਤ ਨੇ ਮੈਨੂੰ ਸਾਹਮਣੇ ਵੇਖਣ ਨੂੰ ਕਿਹਾ ਤਾਂ ਸਾਨੂੰ ਪਛਾਨਣ ’ਚ ਦੇਰ ਨਾ ਲੱਗੀ। ਜੋ ਗੋਰੀ ਔਰਤ ਭਾਂਡੇ ਮਾਂਜਣ ਦੀ ਸੇਵਾ ਕਰ ਰਹੀ ਸੀ, ਉਹ ਸਿੰਥੀਆ ਹੀ ਸੀ। ਸਿਰ ਪੀਲੇ ਪਟਕੇ ਨਾਲ ਢਕਿਆ ਹੋਇਆ ਸੀ ਤੇ ਪਟਕੇ ’ਤੇ ਛਪਿਆ ਕਾਲੇ ਰੰਗ ਦਾ ਖੰਡੇ ਦਾ ਨਿਸ਼ਾਨ ਜ਼ਿਆਦਾ ਉੱਘੜਿਆ ਦਿਸਦਾ ਸੀ ਕਿਉਂਕਿ ਪੀਲੇ ਰੰਗ ਦਾ ਪਟਕਾ ਤਾਂ ਉਸ ਦੇ ਗੋਰੇ ਰੰਗ ’ਚ ਮਿਲ ਗਿਆ ਜਾਪਦਾ ਸੀ।
ਪ੍ਰਸ਼ਾਦਾ ਛਕਣ ਤੋਂ ਬਾਅਦ ਭਾਂਡੇ ਮਾਂਜਣ ਵਾਲੀ ਸ਼ੈਲਫ ’ਤੇ ਭਾਂਡੇ ਟਿਕਾਉਂਦੇ ਸਮੇਂ ਉਸ ਨੂੰ ਨੇੜੇ ਤੋਂ ਦੇਖਿਆ ਤਾਂ ਇੱਕ ਉਦਾਸ ਤੇ ਮੁਰਝਾਏ ਚਿਹਰੇ ’ਤੇ ਸੁੰਨੀਆਂ ਖੁਸ਼ਕ, ਗੁਆਚੀਆਂ ਅੱਖਾਂ ਨੇ ਉਸ ਦੀ ਖ਼ੂਬਸੂਰਤੀ ਨੂੰ ਲੁਕੋਇਆ ਲੱਗਦਾ ਸੀ। ਉਸ ਨੇ ਸਾਡੇ ਵੱਲ ਵੇਖਿਆ ਨਹੀਂ ਸੀ। ਉਹ ਧੋਤੇ ਹੋਏ ਭਾਂਡੇ ਕੱਪੜੇ ਨਾਲ ਸੁਕਾ ਕੇ ਟਰਾਲੀ ’ਚ ਟਿਕਾ ਰਹੀ ਸੀ। ਸਤਵੰਤ ਨੇ ਅੱਗੇ ਹੋ ਕੇ ਉਸ ਨੂੰ ਆਵਾਜ਼ ਮਾਰੀ ਤਾਂ ਉਹ ਸਾਡੇ ਵੱਲ ਝਾਕੀ, ਮਿੰਨਾ ਜਿਹਾ ਮੁਸਕਰਾ ਕੇ ਸਾਡੇ ਕੋਲ ਆ ਗਈ। ਅਸੀਂ ਲੰਗਰ ਹਾਲ ’ਚ ਪਿੱਛੇ ਲੱਗੀਆਂ ਕੁਰਸੀਆਂ ’ਤੇ ਬੈਠ ਗਏ। ਸਾਡੇ ਕੁੱਝ ਪੁੱਛਣ ਤੋਂ ਪਹਿਲਾਂ ਹੀ ਮਨ ਭਰ ਆਈ। ਉਸ ਨੇ ਦੱਸਿਆ ਕਿ ਹਰਦੇਵ ਤਾਂ ਆਇਆ ਹੀ ਨਹੀਂ। ਪਤਾ ਨਹੀਂ ਉਸ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤੀ। ਡੇਵਿਡ ਤੋਂ ਮਗਰੋਂ ਉਹੀ ਸੀ ਜਿਸ ਨੂੰ ਮੈਂ ਦਿਲੋਂ ਚਾਹਿਆ ਸੀ। ਉਹ ਹੁਬਕੀਆਂ ਲੈ ਰਹੀ ਸੀ। ਮੈਂ ਹੈਰਾਨ ਸਾਂ ਕਿ ਗੋਰੀਆਂ ਕੁੜੀਆਂ ਵੀ ਮੁਹੱਬਤ ’ਚ ਇਸ ਤਰ੍ਹਾਂ ਹੋ ਸਕਦੀਆਂ ਸਨ।
ਉਸ ਨੇ ਦੱਸਿਆ ਕਿ ਛੇ ਕੁ ਮਹੀਨੇ ਪਹਿਲਾਂ ਉਸ ਨੂੰ ਕਰਾਊਨ ਕੋਰਟ ਵਿੰਡਸਰ ਤੋਂ ਡਾਇਵੋਰਸ ਨੋਟਿਸ ਆਇਆ ਸੀ ਜਿਸ ਨੂੰ ਉਸ ਨੇ ਇਗਨੋਰ ਕਰ ਦਿੱਤਾ। ਇਕਤਰਫਾ ਫ਼ੈਸਲਾ ਹੋ ਗਿਆ ਹੋਵੇਗਾ। ਅਸੀਂ ਜਦੋਂ ਕਾਰਨ ਪੁੱਛਿਆ ਤਾਂ ਭਰੇ ਗਲ ਨਾਲ ਕਹਿਣ ਲੱਗੀ, ‘‘ਨਹੀਂ ਮੈਂ ਨਹੀਂ ਸੀ ਚਾਹੁੰਦੀ ਕੁੱਝ ਵੀ ਜਦ ਉਸ ਦੀ ਮੁਹੱਬਤ ਹੀ ਨਹੀਂ ਮਿਲੀ।’’ ਫਿਰ ਕੁੱਝ ਸੰਭਲ ਕੇ ਕਹਿਣ ਲੱਗੀ, ‘‘ਬਸ ਇੱਥੇ ਹਰ ਹਫ਼ਤੇ ਆਉਂਦੀ ਹਾਂ, ਸੇਵਾ ਕਰਦੀ ਹਾਂ, ਮਨ ਨੂੰ ਸਕੂਨ ਮਿਲਦਾ ਹੈ। ਉਸ ਨੇ ਹੀ ਇਹ ਸੇਵਾ ਕਰਨ ਦਾ ਵੱਲ ਦੱਸਿਆ ਸੀ। ਉਸ ਵਰਗੇ ਕਈ ਚਿਹਰੇ ਇੱਥੇ ਵੇਖਦੀ ਹਾਂ ਪਤਾ ਨਹੀਂ ਕਿਉਂ ਮੈਨੂੰ ਇਉਂ ਲੱਗਦੈ ਕਿ ਗੁਰੂ ਉਸ ਨੂੰ ਸੁਮੱਤ ਬਖ਼ਸ਼ੇਗਾ, ਸ਼ਾਇਦ ਉਸ ਦਾ ਮੂੰਹ ਮੇਰੇ ਵੱਲ ਹੋ ਜਾਵੇ। ਮੈਂ ਉਸ ਨੂੰ ਸੱਚੀ ਮੁਹੱਬਤ ਕੀਤੀ ਹੈ।’’ ਤੇ ਮੂੰਹ ਭੁਆ ਕੇ ਉੱਠੀ ਅਤੇ ਆਪਣਾ ਹੈਂਡ ਬੈਗ ਚੁੱਕਿਆ ਤੇ ਬਿਨਾਂ ਸਾਡੇ ਵੱਲ ਵੇਖੇ ਲੰਗਰ ਹਾਲ ’ਚੋਂ ਬਾਹਰ ਨਿਕਲ ਗਈ।
ਸੰਪਰਕ: +17807293615

Advertisement
Author Image

Balwinder Kaur

View all posts

Advertisement