ਬਰਨਾਲਾ-ਬਾਜਾਖਾਨਾ ਸੜਕ ’ਤੇ ਪਏ ਖੱਡੇ ਹਾਦਸਿਆ ਨੂੰ ਦੇ ਰਹੇ ਨੇ ਸੱਦਾ
ਰਾਜਿੰਦਰ ਵਰਮਾ
ਭਦੌੜ 9 ਜੂਨ
ਕਸਬਾ ਭਦੌੜ ਦੀ ਮੁੱਖ ਸੜਕ ਬਰਨਾਲਾ-ਬਾਜਾਖਾਨਾ ਸੜਕ ’ਤੇ ਪਿਛਲੇ ਦੋ ਤਿੰਨ ਸਾਲ ਤੋਂ ਨਿਕਾਸੀ ਨਾਲੇ ਦਾ ਗੰਦਾ ਪਾਣੀ ਭਰਨ ਕਾਰਨ ਬਰਨਾਲਾ ਸੜਕ ਬੁਰੀ ਤਰ੍ਹਾਂ ਟੁੱਟਣ ਕਾਰਨ ਇੱਥੇ ਕਈ ਹਾਦਸੇ ਵਾਪਰਨ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਲਧਰੋਈਆ, ਅਮਰਜੀਤ ਸਿੰਘ ਮੀਕਾ, ਰਾਜਵੀਰ ਸਿੰਗਲਾ, ਮੱਖਣ ਸਿੰਘ ਨੈਣੇਵਾਲੀਆ ਅਤੇ ਗੁਰਮੇਲ ਸਿੰਘ ਭੁਟਾਲ ਨੇ ਕਿਹਾ ਕਿ ਇਹ ਸੜਕ ਪਿਛਲੇ ਤਿੰਨ ਸਾਲ ਤੋ ਟੁੱਟਣ ਕਾਰਨ ਥਾਂ-ਥਾਂ ’ਤੇ ਡੂੰਘੇ ਖੱਡੇ ਪੈ ਚੁੱਕੇ ਹਨ ਤੇ ਇਸ ਥਾਂ ’ਤੇ ਰਾਤ ਵੇਲੇ ਕਈ ਗੱਡੀਆਂ ਵੀ ਹਾਦਸੇ ਦਾ ਸ਼ਿਕਾਰ ਹੋ ਚੁੱਕੀਆ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਉੱਚਾ ਕਰ ਕੇ ਬਣਾਇਆ ਜਾਵੇ। ਪੀਡਬਲਿਊਡੀ ਦੇ ਐਕਸੀਅਨ ਦਵਿੰਦਰਪਾਲ ਸਿੰਘ ਨੇ ਕਿਹਾ, ‘ਅਸੀਂ ਕਈ ਵਾਰ ਇਸ ਸੜਕ ਦੀ ਰਿਪੇਅਰ ਕਰਵਾ ਚੁੱਕੇ ਹਾਂ ਪਰ ਇੱਥੇ ਪਿੰਡ ਪੱਤੀ ਬੀਰ ਸਿੰਘ ਦੇ ਘਰਾਂ ਦਾ ਪਾਣੀ ਪੈਣ ਕਾਰਨ ਸੜਕ ਟੁੱਟਦੀ ਹੈ ਅਸੀਂ ਉਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਕੱਢੇ ਹਨ ਪਾਣੀ ਦੀ ਨਿਕਾਸੀ ਦਾ ਹੱਲ ਪੰਚਾਇਤ ਨੇ ਕਰਨਾ ਹੈ।’’
ਸਾਡੇ ਕੋਲ ਪਾਣੀ ਦੇ ਹੱਲ ਲਈ ਕੋਈ ਫੰਡ ਨਹੀਂ ਆਇਆ: ਸਰਪੰਚ
ਪੱਤੀ ਬੀਰ ਸਿੰਘ ਦੀ ਸਰਪੰਚ ਪਰਮਿੰਦਰ ਕੌਰ ਨੇ ਕਿਹਾ, ‘ਸਾਡੇ ਕੋਲ ਹਾਲੇ ਤੱਕ ਕੋਈ ਫੰਡ ਨਹੀਂ ਆਇਆ ਤੇ ਅਸੀਂ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕਰ ਸਕਦੇ। ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਧਿਆਨ ਵਿੱਚ ਵੀ ਇਹ ਮਸਲਾ ਲਿਆ ਚੁੱਕੇ ਹਾਂ।’