ਬਰਨਾਲਾ ਕਲੱਬ ਦੀ 50 ਸਾਲ ਤੋਂ ਨਹੀਂ ਹੋਈ ਚੋਣ
ਰਵਿੰਦਰ ਰਵੀ
ਬਰਨਾਲਾ, 13 ਅਪੈਰਲ
ਸ਼ਹਿਰ ’ਚ ਬਣੇ ਅਮੀਰਾਂ ਦੇ ਬਰਨਾਲਾ ਕਲੱਬ ਦੇ ਸਕੱਤਰ ਨੂੰ ਚੁਣਨ ਲਈ ਕਦੇ ਲੋਕਤੰਤਰ ਢੰਗ ਚੋਣ ਹੀ ਨਹੀਂ ਹੋਈ, ਸਗੋਂ ਕਲੱਬ ਦਾ ਸਕੱਤਰ ਮੌਜੂਦਾ ਸਰਕਾਰ ਦੇ ਸਥਾਨਕ ਰਾਜਸੀ ਆਗੂ ਵੱਲੋਂ ਆਪਣੇ ਕਿਸੇ ਨੇੜਲੇ ਵਿਅਕਤੀ ਨੂੰ ਲਾ ਦਿੱਤਾ ਜਾਦਾ ਹੈ। ਨਿਯਮਾਂ ਅਨੁਸਾਰ ਕਲੱਬ ਦਾ ਪ੍ਰਧਾਨ ਮੌਜੂਦਾ ਡਿਪਟੀ ਕਮਿਸ਼ਨਰ ਹੁੰਦਾ ਹੈ। ਕਲੱਬ ਦੇ ਸੀਨੀਅਰ ਮੈਂਬਰ ’ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ’ਤੇ ਕਈ ਹੋਰ ਮੈਂਬਰਾਂ ਨੇ ਕਿਹਾ ਕਿ ਜਦੋਂ ਦਾ ਕਲੱਬ ਹੋਂਦ ’ਚ ਆਇਆ ਹੈ, ਇਸ ਦੇ ਸਕੱਤਰ ਦੀ ਕਦੇ ਚੋਣ ਹੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਕਲੱਬ ਦਾ ਮੈਂਬਰ ਬਣਨ ਲਈ ਲੱਖਾਂ ਰੁਪਏ ਦੀ ਫੀਸ ਤਾਰਨੀ ਪੈਂਦੀ ਹੈ। ਬਰਨਾਲਾ ਕਲੱਬ ਦੇ ਮੈਂਬਰਾਂ ਦੀ ਗਿਣਤੀ 890 ਦੇ ਕਰੀਬ ਪਹੁੰਚ ਚੁੱਕੀ ਹੈ ਅਤੇ ਸਾਲਾਨਾ ਹਰ ਮੈਂਬਰ ਨੂੰ ਹਜ਼ਾਰਾਂ ਰੁਪਏ ਫੀਸ ਮੈਂਬਰਸ਼ਿਪ ਕਾਇਮ ਰੱਖਣ ਲਈ ਤਾਰਨੀ ਪੈਂਦੀ ਹੈ। ਪਿਛਲੇ 50 ਸਾਲਾਂ ਤੋਂ ਇਸ ਕਲੱਬ ਦੀ ਕਦੇ ਲੋਕਤੰਤਰਿਕ ਢੰਗ ਨਾਲ ਕਦੇ ਚੋਣ ਹੀ ਨਹੀਂ ਹੋਈ। ਸਕੱਤਰ ਵੱਲੋਂ ਆਪਣੇ ਮੁਤਾਬਕ ਹੀ ਕਲੱਬ ਦੇ ਬਾਕੀ ਅਹੁਦੇਦਾਰ ਅਤੇ ਕਾਰਜਕਰਨੀ ਕਮੇਟੀ ਬਣਾਈ ਜਾਂਦੀ ਹੈ। ਸਾਲ 1975 ’ਚ ਬਰਨਾਲਾ ਵਿੱਚ ਸਪੋਰਟਸ ਕਲੱਬ ਬਣਾਇਆ ਗਿਆ ਸੀ ਅਤੇ ਇੱਥੇ ਮੈਂਬਰਾਂ ਦੇ ਖੇਡਣ ਲਈ ਵੱਖਰੇ ਵੱਖਰੇ ਹਾਲ ਬਣਾਏ ਗਏ ਸਨ। ਸਾਲ 2006 ’ਚ ਬਰਨਾਲਾ ਦੇ ਐੱਸਡੀਐੱਮ ਜ਼ੋਰਾ ਸਿੰਘ ਥਿੰਦ ਦੀ ਅਗਵਾਈ ’ਚ ਸਪੋਰਟਸ ਕਲੱਬ ਦਾ ਨਾਂ ਬਦਲ ਕੇ ਬਰਨਾਲਾ ਕਲੱਬ ਰੱਖ ਦਿੱਤਾ ਗਿਆ ਅਤੇ ਨਵਾਂ ਸੰਵਿਧਾਨ ਬਣਾਇਆ ਗਿਆ ਸੀ। ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਕਲੱਬ ਦੇ ਸਕੱਤਰ ਦੀ ਚੋਣ ਹੋਣੀ ਜ਼ਰੂਰੀ ਹੈ। ਕਲੱਬ ਦੇ ਮੌਜੂਦਾ ਸਕੱਤਰ ਡਾ. ਰਮਨਦੀਪ ਸਿੰਘ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਕਲੱਬ ਦੇ ਸਕੱਤਰ ਦੀ ਚੋਣ ਕਰਵਾਈ ਜਾ ਸਕਦੀ ਹੈ। ਕਲੱਬ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਟੀ.ਬੈਨਿਥ ਨੇ ਕਿਹਾ ਕਿ ਕਲੱਬ ਦੇ ਸੰਵਿਧਾਨ ਨੂੰ ਦੇਖਿਆ ਜਾਵੇਗਾ ਅਤੇ ਸੰਵਿਧਾਨ ਮੁਤਾਬਕ ਜੋ ਮੁਨਾਸਿਬ ਹੋਵੇਗਾ ਉਹ ਕੀਤਾ ਜਾਵੇਗਾ।