ਬਨੂੜ ਮੰਡੀ ਵਿੱਚ ਝੋਨੇ ਦੀ ਖਰੀਦ ਮੁੜ ਸ਼ੁਰੂ

ਬਨੂੜ ਮੰਡੀ ਵਿੱਚ ਝੋਨੇ ਦੀ ਬੋਲੀ ਲਾਉਂਦੇ ਹੋਏ ਖਰੀਦ ਏਜੰਸੀਆਂ ਦੇ ਅਧਿਕਾਰੀ।

ਕਰਮਜੀਤ ਸਿੰਘ ਚਿੱਲਾ
ਬਨੂੜ, 8 ਅਕਤੂਬਰ
ਇਥੋਂ ਦੀ ਮੰਡੀ ਵਿੱਚ ਅੱਜ ਝੋਨੇ ਦੀ ਸਰਕਾਰੀ ਖਰੀਦ ਮੁੜ ਆਰੰਭ ਹੋ ਗਈ। ਅੱਜ ਬਾਅਦ ਦੁਪਹਿਰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਮੰਡੀ ਵਿੱਚ ਝੋਨੇ ਦੀ ਬੋਲੀ ਲਗਾਈ। ਮੰਡੀ ਵਿੱਚੋਂ ਮਾਰਕਫ਼ੈੱਡ ਵੱਲੋਂ ਅੱਜ ਤਿੰਨ ਹਜ਼ਾਰ ਕੁਇੰਟਲ ਅਤੇ ਪਨਗਰੇਨ ਵੱਲੋਂ ਵੀ ਤਿੰਨ ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ।
ਖਰੀਦ ੲਜੰਸੀਆਂ ਵੱਲੋਂ ਸੋਮਵਾਰ ਨੂੰ ਸ਼ੈਲਰਾਂ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਠੱਪ ਕਰ ਦਿੱਤੀ ਗਈ ਸੀ, ਜਿਸ ਮਗਰੋਂ ਕਿਸਾਨਾਂ ਨੇ ਇੱਥੋਂ ਝੋਨਾ ਚੁੱਕ ਕੇ ਲਿਜਾਉਣਾ ਆਰੰਭ ਕਰ ਦਿੱਤਾ ਸੀ। ਮੰਡੀ ਵਿੱਚੋਂ ਬੀਤੀ ਸ਼ਾਮ ਤੋਂ ਅੱਜ ਦੁਪਹਿਰ ਤੱਕ ਛੇ ਕਿਸਾਨ ਆਪਣੀਆਂ ਝੋਨੇ ਦੀਆਂ ਇੱਥੇ ਸੁੱਟੀਆਂ ਹੋਈਆਂ ਟਰਾਲੀਆਂ ਦੁਬਾਰਾ ਲੋਡ ਕਰਾ ਕੇ ਅੰਬਾਲਾ ਦੀ ਮੰਡੀ ਵਿੱਚ ਲੈ ਗਏ। ਕਈ ਕਿਸਾਨ ਇੱਥੇ ਪਿਛਲੇ ਤਿੰਨ ਦਿਨਾਂ ਤੋਂ ਬੈਠੇ ਝੋਨਾ ਵਿਕਣ ਦੀ ਉਡੀਕ ਕਰ ਰਹੇ ਸਨ, ਜਿਨ੍ਹਾਂ ਅੱਜ ਝੋਨੇ ਦੀ ਖਰੀਦ ਆਰੰਭ ਹੋਣ ਮਗਰੋਂ ਸੁੱਖ ਦਾ ਸਾਹ ਲਿਆ।
ਸਹਾਇਕ ਫੂਡ ਸਪਲਾਈ ਅਫ਼ਸਰ ਹਰਦੀਪ ਸਿੰਘ, ਪਨਗਰੇਨ ਖਰੀਦ ਏਜੰਸੀ ਦੇ ਇੰਸਪੈਕਟਰ ਦੀਪਕ ਸਿਨਹਾ, ਮਾਰਕਫੈੱਡ ਦੇ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਅੱਜ ਪੁਨੀਤ ਜੈਨ, ਵਿੱਕੀ ਸਿੰਗਲਾ, ਅਮਿਤ ਬਾਂਸਲ ਸਮੇਤ ਸਮੁੱਚੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਮੌਜੂਦਗੀ ਵਿੱਚ ਝੋਨੇ ਦੀ ਖਰੀਦ ਆਰੰਭੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਝੋਨਾ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੈਲਰ ਵਾਲਿਆਂ ਦੀ ਹੜਤਾਲ ਕਾਰਨ ਝੋਨੇ ਦੀ ਲਿਫ਼ਟਿੰਗ ਦੀ ਸਮੱਸਿਆ ਆ ਰਹੀ ਹੈ, ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਉਪਿੰਦਰ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਮੰਡੀ ਵਿੱਚ ਅੱਜ ਅਤੇ ਕੱਲ੍ਹ ਵਿਕਰੀ ਲਈ ਆਏ ਸਮੁੱਚੇ ਝੋਨੇ ਦੀ ਖਰੀਦ ਹੋ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅੰਬਾਲਾ ਦੀ ਥਾਂ ਆਪਣਾ ਝੋਨਾ ਬਨੂੜ ਦੀ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ।

ਪੁਨੀਤ ਜੈਨ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਬਨੂੜ ਦੇ ਆੜ੍ਹਤੀਆਂ ਨੇ ਅੱਜ ਸਵੇਰੇ ਕੀਤੀ ਇਕੱਤਰਤਾ ਵਿੱਚ ਪੁਨੀਤ ਜੈਨ ਨੂੰ ਸਰਬਸੰਮਤੀ ਨਾਲ ਆੜ੍ਹਤੀ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ। ਪਿਛਲੇ ਦੋ ਵਰ੍ਹੇ ਤੋਂ ਆੜਤੀ ਐਸੋਸੀਏਸ਼ਨ ਭੰਗ ਚੱਲੀ ਆ ਰਹੀ ਸੀ। ਇਸ ਤੋਂ ਪਹਿਲਾਂ ਪੁਨੀਤ ਜੈਨ ਲੰਮਾ ਸਮਾਂ ਬਨੂੜ ਮੰਡੀ ਦੇ ਪ੍ਰਧਾਨ ਰਹਿ ਚੁੱਕੇ ਹਨ। ਨਵੇਂ ਚੁਣੇ ਪ੍ਰਧਾਨ ਨੇ ਆੜ੍ਹਤੀਆਂ ਦਾ ਧੰਨਵਾਦ ਕੀਤਾ ਤੇ ਕਿਸਾਨਾਂ ਨੂੰ ਝੋਨੇ ਦੀ ਬੇਰੋਕ ਖਰੀਦ ਦਾ ਯਕੀਨ ਦਿਵਾਇਆ।

Tags :