ਬਨੂੜ ਖੇਤਰ ਵਿੱਚ ਭਰਵੀਂ ਬਾਰਿਸ਼ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ
ਕਰਮਜੀਤ ਸਿੰਘ ਚਿੱਲਾ
ਬਨੂੜ, 6 ਜੁਲਾਈ
ਬਨੂੜ ਖੇਤਰ ਵਿਚ ਅੱਜ ਸਵੇਰੇ ਪੰਜ ਵਜੇ ਤੋਂ ਅੱਠ ਵਜੇ ਤਿੰਨ ਘੰਟੇ ਹੋਈ ਭਾਰੀ ਬਾਰਿਸ਼ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਸ਼ਹਿਰ ਦੀ ਐਮਸੀ ਰੋਡ ’ਤੇ ਤਿੰਨ-ਤਿੰਨ ਫੁੱਟ ਪਾਣੀ ਭਰ ਗਿਆ ਅਤੇ ਦਰਜਨਾਂ ਦੁਕਾਨਾਂ ਵਿਚ ਮੀਂਹ ਦਾ ਪਾਣੀ ਭਰ ਗਿਆ। ਵਾਰਡ ਨੰਬਰ ਤਿੰਨ, ਅੱਠ ਅਤੇ ਦਸ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈਂ ਘਰਾਂ ਵਿਚ ਪਾਣੀ ਵੜ੍ਹ ਗਿਆ। ਐੱਮਸੀ ਰੋਡ ਦੇ ਦੁਕਾਨਦਾਰਾਂ ਰਿੰਕੂ ਬਾਂਸਲ, ਅਸ਼ਿਵੰਦਰ ਸਿੰਘ, ਰਾਜੀ ਗੁਜਰਾਲ, ਅਜੈਬ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸੱਤ ਅੱਠ ਸਾਲ ਤੋਂ ਇਸ ਰੋਡ ’ਤੇ ਸਥਿਤ ਸਾਰੇ ਦੁਕਾਨਦਾਰ ਇਹੀਓ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਂਸਲ ਦੇ ਆਪਣਾ ਦਫ਼ਤਰ ਵੀ ਨਾਲ ਹੀ ਹੈ ਅਤੇ ਉੱਥੇ ਵੀ ਇਹ ਪਾਣੀ ਖੜ੍ਹਦਾ ਹੈ ਪਰ ਇਸ ਦਾ ਕੋਈ ਸਥਾਈ ਹੱਲ ਨਹੀਂ ਕੱਢਿਆ ਜਾ ਰਿਹਾ। ਦੁਕਾਨਦਾਰਾਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਨੂੰ ਰੋਕਣ ਲਈ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਦੇ ਦਰਵਾਜ਼ਿਆਂ ਅੱਗੇ ਸੜਕ ਤੋਂ ਢਾਈ ਤਿੰਨ ਫੁੱਟ ਉੱਚੀਆਂ ਰੋਕਾਂ ਕਰਾਈਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਹਰ ਮੀਂਹ ਵਿਚ ਦੁਕਾਨਾਂ ਵਿਚ ਪਾਣੀ ਭਰ ਜਾਂਦਾ ਹੈ ਤੇ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਹੈ।
ਵਾਰਡ ਨੰਬਰ ਤਿੰਨ ਦੇ ਸਾਬਕਾ ਕੌਂਸਲਰ ਹੈਪੀ ਕਟਾਰੀਆਂ, ਸਿਆਮ ਲਾਲ, ਮੰਗਲ ਸਿੰਘ ਦੇ ਘਰ ਵੀ ਪਾਣੀ ਵੜ੍ਹਿਆ। ਉਨ੍ਹਾਂ ਕਿਹਾ ਕਿ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਨਾ ਨਿਕਾਸ ਨਹੀਂ ਹੋਇਆ। ਇਸੇ ਤਰ੍ਹਾਂ ਵਾਰਡ ਨੰਬਰ ਅੱਠ ਅਤੇ ਦਸ ਦੇ ਗਗਨ, ਬਖਸ਼ੀਸ਼ ਸਿੰਘ, ਕਾਕੂ ਆਦਿ ਦੇ ਘਰਾਂ ਦੇ ਵੇਹੜਿਆਂ ਵਿੱਚ ਪਾਣੀ ਭਰ ਗਿਆ ਪਰ ਨੁਕਸਾਨ ਤੋਂ ਬਚਾਅ ਰਿਹਾ। ਸ਼ਹਿਰ ਵਾਸੀਆਂ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਤੋਂ ਸਾਰੇ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਬਨੂੜ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਣਾਉਣ ਦੀ ਗੁਹਾਰ ਲਗਾਈ ਹੈ।