ਬਦੀ ’ਤੇ ਨੇਕੀ ਦੀ ਜਿੱਤ ਦੇ ਤਿਉਹਾਰ ਦਸਹਿਰੇ ਮੌਕੇ ਰਾਵਣ ਦੇ ਪੁਤਲੇ ਸਾੜੇ

ਕਾਦੀਆਂ ’ਚ ਰਾਵਣ ਦੇ ਪੁਤਲੇ ਕੋਲ ਖੜ੍ਹੇ ਲੋਕ।

ਗੁਰਬਖਸ਼ਪੁਰੀ
ਤਰਨ ਤਾਰਨ, 8 ਅਕਤੂਬਰ
ਬਦੀ ’ਤੇ ਨੇਕੀ ਦੀ ਜਿੱਤ ਦੇ ਤਿਉਹਾਰ ਦਸਹਿਰਾ ਮੌਕੇ ਅੱਜ ਇਥੇ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ| ਪਿਛਲੇ ਸਾਲ ਅੰਮ੍ਰਿਤਸਰ ਹੋਏ ਰੇਲ ਕਾਂਡ ਅਤੇ ਇਲਾਕੇ ਦੇ ਪਿੰਡ ਕਲੇਰ ਦੇ ਬੰਬ ਕਾਂਡ ਦਾ ਇਸ ਤਿਉਹਾਰ ’ਤੇ ਸਪੱਸ਼ਟ ਪ੍ਰਭਾਵ ਦਿਖਾਈ ਦਿੱਤਾ| ਦਸਹਿਰਾ ਮੈਦਾਨ ਨੇੜਲੇ ਇਕ ਦੁਕਾਨਦਾਰ ਨੇ ਕਿਹਾ ਕਿ ਇਸ ਵਾਰ ਸਵੇਰ ਤੋਂ ਹੀ ਆਮ ਲੋਕਾਂ ਨੇ ਬਾਜ਼ਾਰਾਂ ਵਿਚ ਆਉਣ ਤੋਂ ਪਰਹੇਜ ਕੀਤਾ| ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਅਦਾ ਕੀਤੀ|
ਕਾਹਨੂੰਵਾਲ, (ਵਰਿੰਦਰਜੀਤ ਜਾਗੋਵਾਲ): ਕਸਬੇ ਦੀ ਵਿਦਿਅਕ ਸੰਸਥਾ ਸ਼ਹੀਦ ਬੀਬੀ ਸੁੰਦਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਦਸਹਿਰਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।
ਜੰਡਿਆਲਾ ਗੁਰੂ, (ਸਿਮਰਤਪਾਲ ਸਿੰਘ ਬੇਦੀ): ਸਥਾਨਕ ਗਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਸ੍ਰੀ ਹਰਗੋਬਿੰਦਪੁਰ, (ਗੁਰਭੇਜ ਸਿੰਘ ਰਾਣਾ) : ਦੁਸਿਹਰੇ ਦਾ ਤਿਉਹਾਰ ਸ੍ਰੀ ਹਰਗੋਬਿੰਦਪੁਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਹਲਕਾ ਭਰ ’ਚੋਂ ਆਏ ਲੋਕਾਂ ਵੱਲੋਂ ਇਸ ਤਿਉਹਾਰ ਦਾ ਆਨੰਦ ਮਾਣਿਆ ਗਿਆ। ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਪੁਤਲਿਆਂ ਨੂੰ ਅੱਗ ਲਗਾ ਕੇ ਸਾੜਿਆ ਗਿਆ।
ਕਾਦੀਆਂ, (ਮਕਬੂਲ ਅਹਿਮਦ): ਕਾਦੀਆਂ ’ਚ ਦਸਹਿਰੇ ਦਾ ਤਿਉਹਾਰ ਸ਼ਰਧਾ, ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਕਮੇਟੀ ਦੇ ਕਲਾਕਾਰਾਂ ਵੱਲੋਂ ਸ੍ਰੀ ਰਾਮ ਅਤੇ ਰਾਵਣ ਦੇ ਵਿਚਕਾਰ ਯੁੱਧ ਦਾ ਮੰਚਨ ਕੀਤਾ ਗਿਆ।
ਅਜਨਾਲਾ, (ਪੱਤਰ ਪ੍ਰੇਰਕ): ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਅਜਨਾਲਾ ਵੱਲੋਂ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪੰਡਿਤ ਕਿਸ਼ੋਰੀ ਲਾਲ ਸ਼ਰਮਾ, ਪ੍ਰਦੀਪ ਸ਼ਰਮਾ ਵੱਲੋਂ ਵਿਧਾਇਕ ਨੂੰ ਸਨਮਾਨਤ ਕੀਤਾ ਗਿਆ।
ਪਠਾਨਕੋਟ,(ਪੱਤਰ ਪ੍ਰੇਰਕ): ਦਸਹਿਰਾ ਪਠਾਨਕੋਟ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਸ਼ੀਸ਼ ਵਿਜ, ਸਤੀਸ਼ ਮਹਿੰਦਰੂ, ਮੋਹਨ ਲਾਲ, ਵਿਭੂਤੀ ਸ਼ਰਮਾ, ਸੀਐੱਸ ਲਾਇਲਪੁਰੀ, ਵਿਜੇ ਪਾਸੀ, ਅਵਤਾਰ ਅਬਰੋਲ, ਨਰੇਸ਼ ਅਰੋੜਾ, ਐੱਲਆਰ ਸੋਢੀ, ਜਨਕ ਸਿੰਘ ਆਦਿ ਆਗੂ ਮੁੱਖ ਤੌਰ ’ਤੇ ਸ਼ਾਮਲ ਹੋਏ।
ਅੰਮ੍ਰਿਤਸਰ, (ਜਸਬੀਰ ਸਿੰਘ ਸੱਗੂ): ਦਸਹਿਰੇ ਦੇ ਤਿਉਹਾਰ ’ਤੇ ਮੇਅਰ ਕਰਮਜੀਤ ਸਿੰਘ ਰਿੰਟੂ ਮਹਾਂਕਾਲੀ ਮੰਦਿਰ ਮਜੀਠਾ ਰੋਡ ਬਾਈਪਾਸ ਵਿਚ ਕਰਵਾਏ ਗਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਸਮਾਗਮ ’ਚ ਦਿਨੇਸ਼ ਬੱਸੀ, ਕੌਂਸਲਰ ਪ੍ਰਿਅੰਕਾ ਸ਼ਰਮਾ, ਅਸ਼ਵਨੀ ਕੁਮਾਰ, ਨਵੀ ਭਗਤ, ਮਹਾਂਕਾਲੀ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ, ਅਨੇਕ ਸਿੰਘ, ਰਾਮ ਬਲੀ ਤੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।
ਚੋਹਲਾ ਸਾਹਿਬ, (ਪੱਤਰ ਪ੍ਰੇਰਕ): ਸ਼ਿਵ ਮੰਦਰ ਦਸਹਿਰਾ ਕਮੇਟੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਚ ਮਨਾਇਆ ਗਿਆ। ਇਸ ਮੌਕੇ ਤਰੁਣ ਜੋਸ਼ੀ ,ਰਿਸ਼ਵ ਧੀਰ ਅਤੇ ਤਰਸੇਮ ਕੁਮਾਰ ਨਈਅਰ ਨੇ ਵਧਾਈ ਦਿੰਦਿਆਂ ਭਗਵਾਨ ਰਾਮ ਚੰਦਰ ਦੇ ਆਦਰਸ਼ਾਂ ’ਤੇ ਚੱਲਣ ਦਾ ਸੁਨੇਹਾ ਦਿੱਤਾ।
ਧਾਰੀਵਾਲ, (ਸੁੱਚਾ ਸਿੰਘ ਪਸਨਾਵਾਲ): ਇਥੇ ਮਿੱਲ ਗਰਾਉਂਡ ਵਿੱਚ ਦਸਹਿਰਾ ਕਮੇਟੀ ਧਾਰੀਵਾਲ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦਸਹਿਰਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਫਤਿਆਬਾਦ ’ਚ ਦਸਹਿਰੇ ਦੀਆਂ ਰੌਣਕਾਂ ਫਿੱਕੀਆ

ਸ੍ਰੀ ਗੋਇੰਦਵਾਲ ਸਾਹਿਬ, (ਜਤਿੰਦਰ ਸਿੰਘ ਬਾਵਾ): ਪ੍ਰਸ਼ਾਸਨ ਦੀ ਸਖ਼ਤੀ ਦੇ ਚੱਲਦਿਆਂ ਕਸਬਾ ਫਤਿਆਬਾਦ ਵਿਚ ਦਸਹਿਰੇ ਮੌਕੇ ਲੱਗਣ ਵਾਲੀਆਂ ਰੌਣਕਾਂ ਫਿੱਕੀਆ ਦਿਖਾਈ ਦਿੱਤੀਆਂ। ਪਿਛਲੇ 25 ਸਾਲਾਂ ਤੋਂ ਦਸਹਿਰੇ ਦਾ ਤਿਉਹਾਰ ਮਨਾ ਰਹੀ ਕਸਬੇ ਦੀ ਸਨਾਤਨ ਧਰਮ ਸਭਾ ਨੇ ਪ੍ਰਸ਼ਾਸਨ ਦੀ ਸਖ਼ਤੀ ਦੇ ਚੱਲਦਿਆਂ ਦਸਹਿਰੇ ਮਨਾਉਣ ਤੋਂ ਹੱਥ ਪਿੱਛੇ ਖਿੱਚ ਲਏ ਹਨ, ਜਿਸ ਕਾਰਨ ਰਾਵਣ ਸਾੜਣ ਦੀ ਮਨਜ਼ੂਰੀ ਨਹੀਂ ਲਈ ਗਈ।

Tags :