ਬਦਲ ਰਹੀ ਦੁਨੀਆ ਅਤੇ ਸੰਵਾਦ ਦੀ ਤਾਕਤ
ਜਯੋਤੀ ਮਲਹੋਤਰਾ
ਆਲਮੀ ਰਾਜਨੀਤੀ ਦੇ ਚੱਕਰਵਰਤੀ ਜਗਤ ਵਿੱਚ ਇਸ ਹਫ਼ਤੇ ਟੁੱਟ-ਭੱਜ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਫੌਕਸ ਨਿਊਜ਼’ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਉਨ੍ਹਾਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਐਨ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ‘ਟਿਕ ਟੌਕ, ਵਪਾਰ ਅਤੇ ਤਾਇਵਾਨ’ ਉੱਪਰ ਚਰਚਾ ਕੀਤੀ ਸੀ ਅਤੇ ਇਹ ਵੀ ਦੱਸਿਆ ਕਿ ਗੱਲਬਾਤ ਦੋਸਤਾਨਾ ਮਾਹੌਲ ਵਿੱਚ ਹੋਈ। ਅਸੀਂ ਜਾਣਦੇ ਹਾਂ ਕਿ ਟਰੰਪ ਨੇ ਰਾਸ਼ਟਰਪਤੀ ਸ਼ੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਵੀ ਸੱਦਿਆ ਸੀ ਪਰ ਸ਼ੀ ਨੇ ਆਪ ਜਾਣ ਦੀ ਬਜਾਇ ਆਪਣੇ ਉਪ ਰਾਸ਼ਟਰਪਤੀ ਹਾਨ ਜ਼ੈਂਗ ਨੂੰ ਉੱਥੇ ਭੇਜ ਦਿੱਤਾ। ਉਸ ਤੋਂ ਬਾਅਦ ਟਰੰਪ ਨੇ ਟਿਕ ਟੌਕ ਉੱਪਰ ਪ੍ਰਸਤਾਵਿਤ ਪਾਬੰਦੀ ਲਾਉਣ ਅਤੇ ਚੋਣ ਪ੍ਰਚਾਰ ਵੇਲੇ ਚੀਨ ਦੇ ਮਾਲ ਉੱਪਰ (60 ਫ਼ੀਸਦੀ ਤੱਕ) ਟੈਕਸ ਲਾਉਣ ਦੀਆਂ ਧਮਕੀਆਂ ਬੰਦ ਕਰ ਦਿੱਤੀਆਂ ਹਨ।
ਅਸੀਂ ਇਹ ਵੀ ਜਾਣਦੇ ਹਾਂ ਕਿ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਸਹੁੰ ਚੁੱਕ ਸਮਾਗਮ ਤੋਂ ਪੂਰਬਲੀ ਸ਼ਾਮ ਟਰੰਪ ਦੀ ਆ ਰਹੀ ਟੀਮ ਨੂੰ ਬੇਨਤੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਗਮ ਲਈ ਸੱਦਾ ਪੱਤਰ ਭੇਜ ਦਿੱਤਾ ਜਾਵੇ ਪਰ ਟਰੰਪ ਦੀ ਟੀਮ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਸ ਮੌਕੇ ਐਨਾ ਕੁਝ ਚੱਲ ਰਿਹਾ ਹੈ ਤੇ ਬਹੁਤਾ ਸਮਾਂ ਨਹੀਂ ਹੈ, ਜਾਂ ਇਹੋ ਜਿਹਾ ਕੋਈ ਹੋਰ ਬਹਾਨਾ। ਇਸ ਦੀ ਬਜਾਇ ਉਨ੍ਹਾਂ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੂੰ ਸਮਾਗਮ ਵਿੱਚ ਅਗਲੀ ਕਤਾਰ ਵਿੱਚ ਬਿਠਾ ਦਿੱਤਾ (ਕੋਈ ਨਹੀਂ ਜਾਣਦਾ, ਹਾਨ ਜ਼ੈਂਗ ਕਿੱਥੇ ਬੈਠੇ ਸਨ)। ਕਿਸੇ ਵੀ ਵਿਦੇਸ਼ੀ ਨੀਤੀ ਦੀ ਅਧੂਰੀ ਸਫਲਤਾ ਦੇ ਅਕਸ ਤੋਂ ਚੰਗੀ ਤਰ੍ਹਾਂ ਵਾਕਿਫ਼ ਅਮਰੀਕੀਆਂ ਨੇ ਅਗਲੇ ਦਿਨ ਹੀ ਕੁਆਡ ਦੀ ਮੀਟਿੰਗ ਸੱਦ ਲਈ ਤੇ ਚੀਨੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਜੇ ਤੁਸੀਂ ਸਾਡੇ ਗੁਆਂਢ ’ਚ ਆ ਕੇ ਆਢਾ ਲਵੋਗੇ ਤਾਂ ਦੇਖੋ ਸਾਡੇ ਕੋਲ ਭਾਰਤ, ਆਸਟਰੇਲੀਆ ਤੇ ਜਪਾਨ ਜਿਹੇ ਮੁਲਕ ਹਨ।
ਹਰੇਕ ਖ਼ਾਸਕਰ ਭਾਰਤ ਲਈ ਇਸ ਦਾ ਵਡੇਰਾ ਸੰਦੇਸ਼ ਇਹ ਹੈ ਕਿ ਨਵੇਂ ਅਮਰੀਕਾ ਨੂੰ ਕਿਸੇ ਨਾਲ ਵੀ ਗੱਲਬਾਤ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ ਜੋ ਤੁਹਾਨੂੰ ਆਲੇ ਦੁਆਲੇ ਨਿਗਾਹ ਮਾਰ ਕੇ ਗ਼ੌਰ ਕਰਨ ਲਈ ਕਾਫ਼ੀ ਹੈ ਕਿ ਮਹਾਕੁੰਭ ਵਿੱਚ ਗੰਗਾ ਦੇ ਪ੍ਰਵਾਹ ਨਾਲੋਂ ਵੀ ਤੇਜ਼ੀ ਨਾਲ ਦੇਸ਼ ਆਪਣੇ ਦੋਸਤ ਬਦਲ ਰਹੇ ਹਨ। ਮਹੀਨਾ ਪਹਿਲਾਂ ਟਰੰਪ ਸ਼ੀ ਜਿਨਪਿੰਗ ਨੂੰ ਕਹਿਰਾਂ ਦੀਆਂ ਧਮਕੀਆਂ ਦੇ ਰਹੇ ਸਨ ਤੇ ਹੁਣ ਉਹ ਮਾਣੋ ਬਿੱਲੀ ਵਾਂਗ ਪੂਛ ਹਿਲਾ ਰਹੇ ਹਨ; ਤੇ ਇਸੇ ਹਫ਼ਤੇ ਦੇ ਸ਼ੁਰੂ ਵਿੱਚ ਪਾਕਿਸਤਾਨੀ ਆਈਐੱਸਆਈ ਦੀ ਟੀਮ ਬੰਗਲਾਦੇਸ਼ ਦੇ ਦੌਰੇ ਲਈ ਰਵਾਨਾ ਹੋਈ ਸੀ ਜੋ 2009 ਤੋਂ ਬਾਅਦ ਅਜਿਹਾ ਪਹਿਲਾ ਦੌਰਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਲੈਫਟੀਨੈਂਟ ਜਨਰਲ ਐੱਸਐੱਮ ਕਮਰੁਲ ਹਸਨ ਦੀ ਅਗਵਾਈ ਹੇਠ ਬੰਗਲਾਦੇਸ਼ ਦਾ ਫ਼ੌਜੀ ਵਫ਼ਦ ਇਸਲਾਮਾਬਾਦ ਗਿਆ ਸੀ।
ਇਸ ਮੰਥਨ ਦੇ ਦਰਮਿਆਨ ‘ਪਹਾੜਾਂ ਨਾਲੋਂ ਉੱਚੇ, ਸਾਗਰ ਨਾਲੋਂ ਗਹਿਰੇ ਤੇ ਸ਼ਹਿਦ ਤੋਂ ਵੱਧ ਮਿੱਠੇ’ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਜਾਂਦਾ ਜਿਹੜਾ ਇਕਮਾਤਰ ਰਿਸ਼ਤਾ ਕਾਇਮ ਦਾਇਮ ਰਿਹਾ ਹੈ, ਉਹ ਹੈ ਪਾਕਿਸਤਾਨ ਅਤੇ ਚੀਨ ਦਾ ਰਿਸ਼ਤਾ।
ਇਸ ਲਈ ਪਿਆਰੇ ਪਾਠਕੋ, ਜਿਵੇਂ ਤੁਸੀਂ ਧਰਤੀ ਦੇ ਪੰਧ ਨੂੰ ਨਿਹਾਰਦੇ ਹੋ, ਉਸੇ ਤਰ੍ਹਾਂ ਪੁਰਾਣੀਆਂ ਵਫ਼ਾਦਾਰੀਆਂ ਨੂੰ ਮੁਰਝਾਉਂਦਿਆਂ ਅਤੇ ਨਵੇਂ ਰਿਸ਼ਤਿਆਂ ਨੂੰ ਉਸਰਦਿਆਂ ਵੀ ਤੱਕੋ। ਪੰਜਾਬ ਵਿੱਚ ਤੁਸੀਂ ਲੋਹੜੀ ’ਤੇ ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਉਂਦੇ ਹੋ ਕਿਉਂਕਿ ਮਾਘ ਦੀ ਸੰਗਰਾਂਦ ਤੁਹਾਡੇ ਲਈ ਨਵੀਂ ਦੁਨੀਆ ਦਾ ਪੈਗ਼ਾਮ ਲੈ ਕੇ ਆਉਂਦੀ ਹੈ।
ਆਓ ਦੇਖੀਏ ਕਿ ਮਾਘ ਨੇ ਹੁਣ ਤੱਕ ਦੁਨੀਆ ਲਈ ਕੀ ਕੁਝ ਨਵਾਂ ਲਿਆਂਦਾ ਹੈ: ਅਮਰੀਕਾ ਤੇ ਚੀਨ ਵਿਚਕਾਰ ਨਵੀਂ ਦੋਸਤੀ, ਚੀਨ ਤੇ ਪਾਕਿਸਤਾਨ ਵਿਚਕਾਰ ਪੁਰਾਣੇ ਰਿਸ਼ਤਿਆਂ ਦਾ ਟਿਕਾਓ ਅਤੇ ਨਾਲ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਵਧ ਰਹੀ ਨੇੜਤਾ- ਆਖ਼ਿਰਕਾਰ, ਕਿਸੇ ਸਮੇਂ ਇਹ ਦੋਵੇਂ ਇੱਕੋ ਦੇਸ਼ ਸਨ ਜਦੋਂ 1971 ਵਿੱਚ ਦੁਨੀਆ ਅਚਾਨਕ ਬਦਲੀ ਅਤੇ ਨਵੇਂ ਦੇਸ਼ ਦਾ ਜਨਮ ਹੋਇਆ ਸੀ।
ਹੁਣ ਇੱਕ ਵਾਰ ਫਿਰ ਦੁਨੀਆ ਬਦਲ ਰਹੀ ਹੈ। ਇਹ ਸਪਸ਼ਟ ਹੋ ਰਿਹਾ ਹੈ ਕਿ ਆਈਐੱਸਆਈ ਬੰਗਲਾਦੇਸ਼ ਵਿੱਚ ਇੰਚਾਰਜ ਹੈ। ਮੁੱਖ ਸਲਾਹਕਾਰ ਮੁਹੰਮਦ ਯੂਨਸ ‘ਮੁਖੌਟਾ’ ਬਣ ਕੇ ਰਹਿ ਗਏ ਹਨ ਜਿਨ੍ਹਾਂ ਰਾਖੇ ਦੇ ਤੌਰ ’ਤੇ ਆਪਣੀ ਭੂਮਿਕਾ ਨਿਭਾ ਦਿੱਤੀ ਹੈ ਤੇ ਜੇ ਹੁਣ ਉਹ ਚਲੇ ਵੀ ਜਾਣ ਜਾਂ ਬਣੇ ਰਹਿਣ ਤਾਂ ਵੀ ਕੋਈ ਫ਼ਰਕ ਨਹੀਂ ਪੈਣ ਲੱਗਿਆ। ਦੱਖਣੀ ਏਸ਼ੀਆ ਵਿੱਚ ਇੱਕ ਵਾਰ ਫਿਰ ਉੱਭਰ ਰਹੀ ਮਹਾਂ ਖੇਡ ਦਾ ਸੱਜਰਾ ਗੇੜ ਪਾਕਿਸਤਾਨ ਨੇ ਜਿੱਤ ਲਿਆ ਹੈ। ਬੰਗਲਾਦੇਸ਼ ਵਿੱਚ ਭਾਰਤ ਬੈਕਫੁੱਟ ’ਤੇ ਆ ਗਿਆ ਹੈ ਜਿਸ ਕਰ ਕੇ ਇਹ ਚੰਗੀ ਗੱਲ ਹੈ ਕਿ ਇਹ ਆਪਣੀ ਪੁਰਾਣੀ ਮਿੱਤਰ ਸ਼ੇਖ ਹਸੀਨਾ ਦਾ ਸਾਥ ਦੇ ਰਿਹਾ ਹੈ ਤੇ ਜਦੋਂ ਤੋਂ ਢਾਕਾ ਵਿੱਚ ਆਈਐੱਸਆਈ ਦੀ ਵਾਪਸੀ ਹੋ ਗਈ ਹੈ ਤਾਂ ਤੁਸੀਂ ਆਪਣੇ ਆਖ਼ਿਰੀ ਟਕੇ ਦੀ ਸ਼ਰਤ ਲਾ ਸਕਦੇ ਹੋ ਕਿ ਭਾਰਤ ਦੇ ਉੱਤਰ-ਪੂਰਬ ਵਿੱਚ ਅਸਥਿਰਤਾ ਦੀ ਨਵੀਂ ਖੇਡ ਸ਼ੁਰੂ ਹੋਣ ਵਾਲੀ ਹੈ।
ਪਿਆਰੋ ਪਾਠਕੋ, ਯਾਦ ਰੱਖਣਾ ਕਿ ਦੋ ਸਾਲਾਂ ਬਾਅਦ ਮਨੀਪੁਰ ਅਜੇ ਵੀ ਜਲ ਰਿਹਾ ਹੈ, ਅਸਾਮ ਬਾਰੂਦ ਦੇ ਢੇਰ ’ਤੇ ਬੈਠਾ ਹੈ, ਬੰਗਲਾਦੇਸ਼ ਦੇ ਦਰਾਂ ’ਤੇ ਮੌਜੂਦ ਮਿਜ਼ੋਰਮ ਵਿੱਚ ਵੀ ਅਸਥਿਰਤਾ ਦਾ ਮਾਹੌਲ ਚੱਲ ਰਿਹਾ ਹੈ। ਇਸ ਗਣਤੰਤਰ ਦਿਵਸ ’ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਪੇਈਚਿੰਗ ਦੌਰੇ ਲਈ ਰਵਾਨਾ ਹੋ ਗਏ ਹਨ ਪਰ ਇਹ ਤੱਥ ਹੈ ਕਿ ਹਾਲ ਹੀ ਵਿੱਚ ਕਜ਼ਾਨ (ਰੂਸ) ਵਿੱਚ ਮੋਦੀ-ਸ਼ੀ ਦੀ ਜੱਫੀ ਪਵਾਉਣ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭੂਮਿਕਾ ਨਿਭਾਈ ਸੀ ਜਿਸ ਸਦਕਾ ਭਾਰਤ ਅਤੇ ਚੀਨ ਨੂੰ ਆਪਣੇ ਸਰਹੱਦੀ ਵਿਵਾਦਾਂ ਨੂੰ ਸੁਲਝਾਉਣ ਲਈ ਵਾਰਤਾਵਾਂ ਦਾ ਸਿਲਸਿਲਾ ਮੁੜ ਸ਼ੁਰੂ ਕਰਨ ਦਾ ਮੌਕਾ ਮਿਲਿਆ ਸੀ।
ਇਹ ਵਧੀਆ ਚੀਜ਼ ਹੈ। ਜੰਗ-ਜੰਗ ਦੇ ਰਟਣ ਨਾਲੋਂ ਗੱਲਬਾਤ ਦਾ ਰਾਹ ਕਿਤੇ ਬਿਹਤਰ ਹੈ; ਖਾਸਕਰ ਜੇ ਤੁਸੀਂ ਭਾਰਤ ਅਤੇ ਚੀਨ ਵਿਚਕਾਰ ਜ਼ਬਰਦਸਤ ਫ਼ੌਜੀ ਨਾ-ਬਰਾਬਰੀ ’ਤੇ ਗ਼ੌਰ ਕਰੋ। ਇਸ ਲਈ ਸਮਝੌਤਾ ਹੋਣ ਨਾਲ ਜਿੱਥੇ ਭਾਰਤੀ ਦਸਤਿਆਂ ਨੂੰ ਉਸ ਜਗ੍ਹਾ ’ਤੇ ਗਸ਼ਤ ਕਰਨ ਦੀ ਆਗਿਆ ਮਿਲ ਗਈ ਹੈ ਜਿੱਥੇ ਉਹ ਅਪਰੈਲ 2020 ਤੱਕ ਗਸ਼ਤ ਕਰਦੇ ਸਨ ਹਾਲਾਂਕਿ ਅਜੇ ਵੀ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਦੋਵੇਂ ਦੇਸ਼ ਅਪਰੈਲ 2020 ਤੋਂ ਪਹਿਲਾਂ ਵਾਲੀਆਂ ਪੁਜ਼ੀਸ਼ਨਾਂ ’ਤੇ ਪਰਤ ਗਏ ਹਨ ਕਿ ਨਹੀਂ।
ਇਸ ਦੌਰਾਨ ਇਹ ਵੀ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਟਰੰਪ ਨਾਲ ਛੇਤੀ ਮੀਟਿੰਗ ਰੱਖਣਾ ਚਾਹੁੰਦੇ ਹਨ ਜਿਸ ਤੋਂ ਉਨ੍ਹਾਂ ਨੂੰ ਅੰਦਾਜ਼ਾ ਹੋ ਜਾਵੇਗਾ ਕਿ ਅਮਰੀਕਾ-ਚੀਨ ਦੀ ਭਿਆਲੀ ਕਿਸ ਹੱਦ ਤੱਕ ਵਧੀ ਹੈ ਜਿਸ ਵਿੱਚ ਐਲਨ ਮਸਕ ਮੁੱਖ ਵਾਰਤਾਕਾਰ ਦੀ ਭੂਮਿਕਾ ਨਿਭਾ ਰਹੇ ਹਨ। ਸਾਫ਼ ਜ਼ਾਹਿਰ ਹੈ ਕ ਟਰੰਪ ਅਤੇ ਮਸਕ ਦੋਵੇਂ ਬਹੁਤ ਜ਼ਿਆਦਾ ਅਸਾਵੇਂ ਵਪਾਰ ਜੋ ਇਸ ਸਮੇਂ ਚੀਨ ਦੇ ਹੱਕ ਵਿੱਚ ਝੁਕਿਆ ਹੋਇਆ ਹੈ, ਨੂੰ ਸਾਵਾਂ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਦੁਸ਼ਮਣ ਨਾਲ ਗੱਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ।
ਟਰੰਪ ਨੂੰ ਮਡਿ਼ੱਕਣ ਲਈ ਕੁਝ ਇਸੇ ਤਰ੍ਹਾਂ ਦਾ ਕੰਮ ਪੂਤਿਨ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਆਓ ਗੱਲ ਕਰਦੇ ਹਾਂ, ਅਸਲ ਵਿੱਚ ਤੁਸੀਂ ਚਾਹੁੰਦੇ ਕੀ ਹੋ? ਹਾਲਾਂਕਿ ਪਿਛਲੇ ਕਰੀਬ ਤਿੰਨ ਸਾਲਾਂ ਦੌਰਾਨ ਰੂਸ ਨੇ ਆਪਣੇ ਸਕੇ ਭਰਾ ਯੂਕਰੇਨ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਪਰ ਇੱਕ ਗੱਲ ਸਾਫ਼ ਹੈ ਕਿ ਉਹ ਜੋਅ ਬਾਇਡਨ ਦੇ ਉਤਰਾਧਿਕਾਰੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਨਵੀਂ ਦਿੱਲੀ ਦੀ ਸਮੱਸਿਆ ਇਹ ਹੈ ਕਿ ਵੱਡੇ ਦੇਸ਼ ਦੀਆਂ ਬਾਜ਼ੀਆਂ ਵਿੱਚ ਇਹ ਭਾਵਨਾਵਾਂ ਨੂੰ ਲੈ ਕੇ ਆ ਜਾਂਦੀ ਹੈ। ਟਰੰਪ ਹੋਵੇ ਜਾਂ ਪੂਤਿਨ ਜਾਂ ਸ਼ੀ, ਉਹ ਆਪਣੇ ਦੁਸ਼ਮਣਾਂ ਨਾਲ ਗੱਲਬਾਤ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ ਕਿਉਂਕਿ ਹਰੇਕ ਰਾਜਨੀਤੀ ਦਾ ਪਹਿਲਾ ਬੁਨਿਆਦੀ ਨੇਮ ਇਹ ਸਿਖਾਉਂਦਾ ਹੈ ਕਿ ਆਪਣੇ ਦੋਸਤਾਂ ਨੂੰ ਲਾਗੇ ਰੱਖੋ ਪਰ ਆਪਣੇ ਦੁਸ਼ਮਣਾਂ ਨੂੰ ਹੋਰ ਵੀ ਨੇੜੇ ਰੱਖੋ ਪਰ ਇਸ ਦੀ ਬਜਾਇ ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ ਜਿਸ ਦੇ ਸਰਹੱਦ ਪਾਰ ਦਹਿਸ਼ਤਗਰਦੀ ਸਣੇ ਕਈ ਕਾਰਨ ਹਨ।
ਹੁਣ ਇਹ ਖ਼ਬਰ ਆ ਰਹੀ ਹੈ ਕਿ ਦਿੱਲੀ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਤੋਂ ਨਾਖੁਸ਼ ਹੈ ਕਿਉਂਕਿ ਉਨ੍ਹਾਂ ਪਹਿਲਾਂ ਦਿੱਲੀ ਆਉਣ ਦੀ ਬਜਾਇ ਪੇਈਚਿੰਗ ਦੌਰਾ ਕਰਨ ਦੀ ਜੁਰੱਅਤ ਕੀਤੀ ਹੈ ਜਿਸ ਕਰ ਕੇ ਓਲੀ ਦੀ ਦਿੱਲੀ ਫੇਰੀ ਲੰਮੇ ਅਰਸੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਹ ਵੱਖਰਾ ਮਾਮਲਾ ਹੈ ਕਿ ਪਾਕਿਸਤਾਨ ਤੇ ਨੇਪਾਲ, ਦੋਵੇਂ ਚੀਨ ਤੋਂ ਲਾਭ ਹਾਸਿਲ ਕਰਦੇ ਹਨ ਜਿਸ ਕਰ ਕੇ ਇਹ ਗੱਲ ਸਮਝ ਨਹੀਂ ਪੈਂਦੀ ਕਿ ਜੇ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨਾਲ ਭਾਰਤ ਦੀ ਦਾਲ ਨਹੀਂ ਗ਼ਲਦੀ ਤਾਂ ਇਸ ਦੀ ਸਜ਼ਾ ਉੱਥੋਂ ਦੇ ਲੋਕਾਂ ਨੂੰ ਕਿਉਂ ਦਿੱਤੀ ਜਾਂਦੀ ਹੈ?
ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਿਰ ਉਹ ਕਿਹੜੀ ਸ਼ੈਅ ਹੈ ਜੋ ਹਮੇਸ਼ਾ ਆਪਣੀ ਲੈਅ ਵਿੱਚ ਚੱਲਣ ਵਾਲੇ ਇਸ ਬੇਮਿਸਾਲ ਬਹੁਭਾਂਤੇ ਤੇ ਪ੍ਰਾਚੀਨ ਦੇਸ਼ ਨੂੰ ਮਹਾਨਤਾ ਹਾਸਲ ਕਰਨ ਤੋਂ ਰੋਕਦੀ ਹੈ? ਮਾਘ ਦੇ ਇਸ ਮਹੀਨੇ ਵਿੱਚ ਉੱਤਰ ਮਿਲਦੇ ਹਨ, ਤੁਹਾਨੂੰ ਸਿਰਫ਼ ਇਹ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਦੀ ਖੋਜ ਕਿੱਥੇ ਕਰਨੀ ਹੈ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।