ਬਦਲਦਾ ਵਕਤ
ਸ਼ਵਿੰਦਰ ਕੌਰ
ਰਿਸ਼ਤੇਦਾਰੀ ਵਿੱਚ ਮਿਲਣ ਗਏ, ਉਨ੍ਹਾਂ ਦਾ ਘਰ ਸ਼ਾਨਦਾਰ ਕਲੋਨੀ ਵਿੱਚ ਸੀ। ਸੜਕਾਂ ਦੁਆਲੇ ਹਰੇ-ਭਰੇ ਝੂਮਦੇ ਰੁੱਖ ਦੇਖ ਕੇ ਮਨ ਖੁਸ਼ ਹੋ ਗਿਆ। ਉਂਝ ਵੀ ਕਲੋਨੀ ਸਾਫ਼ ਸੁਥਰੀ ਸੀ। ਘਰ ਅੰਦਰ ਦਾਖਲ ਹੁੰਦਿਆਂ ਹੀ ਪਤਾ ਲੱਗਦਾ ਸੀ ਕਿ ਘਰ ਦੀ ਸੁਆਣੀ ਨੂੰ ਘਰ ਸਜਾ ਸੰਵਾਰ ਅਤੇ ਹਰ ਚੀਜ਼ ਨੂੰ ਸਲੀਕੇ ਨਾਲ ਰੱਖਣ ਦਾ ਸ਼ੌਕ ਹੈ। ਕਲੋਨੀ ਅਤੇ ਘਰ ਸਾਫ਼ ਸੁਥਰੇ ਹੋਣ ਦੇ ਬਾਵਜੂਦ ਆਉਂਦੀ ਮੁਸ਼ਕ ਮਹਿਸੂਸ ਕਰ ਕੇ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਪੁੱਛ ਹੀ ਲਿਆ, “ਭੈਣ ਜੀ, ਕਿਤੇ ਸਿਲੰਡਰ ਵਿੱਚੋਂ ਗੈਸ ਤਾਂ ਲੀਕ ਨਹੀਂ ਹੋ ਰਹੀ?”
“ਕਾਹਨੂੰ ਜੀ, ਇਹ ਤਾਂ ਕੂੜੇ ਦੇ ਢੇਰਾਂ ਵਿੱਚੋਂ ਆਉਂਦੀ ਮੁਸ਼ਕ ਹੈ। ਸੂਏ ਤੋਂ ਪਾਰ ਸਾਰੇ ਸ਼ਹਿਰ ਦਾ ਕੂੜਾ ਸੁੱਟਿਆ ਜਾਂਦੈ। ਜਿਸ ਦਿਨ ਹਵਾ ਇਧਰੋਂ ਆਉਂਦੀ ਹੋਵੇ, ਉਸ ਦਿਨ ਬੱਸ ਦਿਨ ਕੱਢਣਾ ਔਖਾ ਹੋ ਜਾਂਦਾ।” ਉਸ ਨੇ ਜਵਾਬ ਦਿੱਤਾ।
ਕੂੜੇ ਦੇ ਇਹ ਪਹਾੜ ਜਿ਼ਆਦਾਤਰ ਸ਼ਹਿਰਾਂ ਦੀ ਹੋਣੀ ਤੇ ਪਛਾਣ ਬਣ ਚੁੱਕੇ ਹਨ। ਮੈਂ ਸੋਚਣ ਲੱਗੀ ਕਿ ਕੂੜੇ ਦੇ ਇਨ੍ਹਾਂ ਪਹਾੜਾਂ ਬਾਰੇ ਤਾਂ ਐਨਾ ਰੌਲਾ ਨਹੀਂ ਪੈਂਦਾ ਜਿੰਨਾ ਫਸਲਾਂ ਦੀ ਰਹਿੰਦ-ਖੂੰਹਦ ਬਾਰੇ ਪੈਂਦਾ ਹੈ।...
... ਸੋਚਾਂ ’ਚ ਡੁੱਬਿਆ ਮਨ ਪਤਾ ਨਹੀਂ ਕਿਵੇਂ ਬਚਪਨ ਵਾਲੇ ਸਮੇਂ ਵਿੱਚ ਪਹੁੰਚ ਜਾਂਦਾ ਹੈ। ਕਿਵੇਂ ਲੰਘਦੇ ਜਾਂਦੇ ਸਮੇਂ ਨਾਲ ਮਨੁੱਖੀ ਸੋਚ ਬਦਲ ਜਾਂਦੀ ਹੈ। ਕੋਈ ਵੇਲਾ ਸੀ ਜਦੋਂ ਕਿਸੇ ਵੀ ਰਹਿੰਦ-ਖੂੰਹਦ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾਂਦਾ ਸੀ, ਫਾਲਤੂ ਸਮਝ ਕੇ ਸੁੱਟਿਆ ਜਾਂ ਅੱਗ ਦੀ ਭੇਂਟ ਨਹੀਂ ਕੀਤਾ ਜਾਂਦਾ ਸੀ।
ਉਨ੍ਹਾਂ ਵੇਲਿਆਂ ਵਿੱਚ ਤਾਂ ਤਕਰੀਬਨ ਸਾਰਾ ਪਿੰਡ ਖੇਤੀ ਨਾਲ ਸਬੰਧ ਰੱਖਦਾ ਸੀ। ਜਿਨ੍ਹਾਂ ਕੋਲ ਜ਼ਮੀਨ ਹੁੰਦੀ, ਉਹ ਖੁਦ ਖੇਤੀ ਕਰਦੇ; ਜਿਨ੍ਹਾਂ ਕੋਲ ਜ਼ਮੀਨ ਨਾ ਹੁੰਦੀ, ਉਹ ਕਿਸਾਨਾਂ ਨਾਲ ਖੇਤਾਂ ਵਿੱਚ ਮਜ਼ਦੂਰੀ ਕਰਦੇ ਜਾਂ ਸੀਰੀ ਰਲਦੇ। ਖੇਤੀ ਮਨੁੱਖਾਂ ਅਤੇ ਪਸ਼ੂਆਂ ਦੀ ਸਾਂਝੀ ਕਿਰਤ ਨਾਲ ਹੁੰਦੀ। ਇਸ ਲਈ ਹਰ ਘਰ ਵਿੱਚ ਪਸ਼ੂ ਜ਼ਰੂਰ ਹੁੰਦੇ।
ਹੁਣ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਕਿਸ ਤਰ੍ਹਾਂ ਫਸਲਾਂ ਵਿੱਚੋਂ ਦਾਣੇ ਕੱਢਣ ਲਈ ਫਸਲ ਬਲਦਾਂ ਨਾਲ ਗਾਹੀ ਜਾਂਦੀ, ਕੋਈ ਫ਼ਸਲ ਸੋਟਿਆਂ ਨਾਲ ਕੁੱਟੀ ਜਾਂਦੀ ਅਤੇ ਕਿਸੇ ਦੇ ਝੋਲੀਆਂ ਬੰਨ੍ਹ ਕੇ ਸਿੱਟੇ ਡੁੰਗੇ ਜਾਂਦੇ। ਕਣਕ ਦਾ ਨਾੜ ਗਾਹ ਕੇ ਪਹਿਲਾਂ ਤੰਗਲੀਆਂ ਅਤੇ ਫਿਰ ਛੱਜਲੀਆਂ ਨਾਲ ਉਡਾ ਕੇ ਦਾਣੇ ਅਤੇ ਤੂੜੀ ਵੱਖ-ਵੱਖ ਕਰ ਲਏ ਜਾਂਦੇ। ਛੋਲੇ ਕੁੱਟ ਕੇ ਦਾਣੇ, ਫਲਿਇਊਟ, ਗੂਣਾ ਅਤੇ ਘੁੰਡੀਆਂ ਵੱਖ-ਵੱਖ ਕੀਤੇ ਜਾਂਦੇ। ਘੁੰਡੀਆਂ ਬਾਲਣ ਦੇ ਕੰਮ ਆਉਂਦੀਆਂ। ਟਾਂਟਾਂ ਵਿੱਚੋਂ ਨਿਕਲੇ ਫਲਿਇਊਟ ਨੂੰ ਗੂਣੇ ਸੰਗ ਰਲਾ ਕੇ ਊਠਾਂ ਦੇ ਖਾਣ ਲਈ ਵਰਤਿਆ ਜਾਂਦਾ। ਸਰੋਂ ਉੱਪਰੋਂ ਵੱਢ ਲਈ ਜਾਂਦੀ, ਇਸ ਦੇ ਸੱਲਰੇ ਬਾਲਣ ਦੇ ਕੰਮ ਆਉਂਦੇ। ਸਰੋਂ ਗਾਹ ਕੇ ਪਹਿਲਾਂ ਤੰਗਲੀਆਂ ਅਤੇ ਫਿਰ ਛੱਜਲੀਆਂ ਨਾਲ ਉਡਾ ਕੇ ਦਾਣੇ ਅਤੇ ਪਲੋਂ ਵੱਖ-ਵੱਖ ਕੀਤੇ ਜਾਂਦੇ। ਉਸ ਸਮੇਂ ਘਰ ਬਹੁਤੇ ਕੱਚੇ ਹੁੰਦੇ ਸਨ ਜਿਨ੍ਹਾਂ ਨੂੰ ਲਿੱਪਣ ਲਈ ਜਦੋਂ ਚੀਕਣੀ ਮਿੱਟੀ ਦੀ ਘਾਣੀ ਕੀਤੀ ਜਾਂਦੀ ਤਾਂ ਉਸ ਵਿੱਚ ਗਲੀ ਹੋਈ ਪਲੋਂ ਜਾਂ ਤੂੜੀ ਮਿਲਾ ਲਈ ਜਾਂਦੀ। ਇਸੇ ਤਰ੍ਹਾਂ ਦਾਲਾਂ ਵਾਲੀਆਂ ਫਸਲਾਂ ਦੀ ਰਹਿੰਦ-ਖੂੰਹਦ ਵੀ ਕਿਸੇ ਨਾ ਕਿਸੇ ਤਰ੍ਹਾਂ ਵਰਤੋਂ ਵਿੱਚ ਲਿਆਈ ਜਾਂਦੀ। ਬਾਜਰੇ ਦੇ ਸਿੱਟੇ ਡੁੰਗ ਲਏ ਜਾਂਦੇ, ਮੱਕੀ ਦੀਆਂ ਛੱਲੀਆਂ ਤੋੜ ਲਈਆਂ ਜਾਂਦੀਆਂ। ਇਨ੍ਹਾਂ ਦੇ ਟਾਂਡੇ ਪਸ਼ੂਆਂ ਦੇ ਖਾਣ ਲਈ ਮਸ਼ੀਨ ’ਤੇ ਕੁਤਰ ਲਏ ਜਾਂਦੇ।
ਮਨੁੱਖੀ ਸੋਚ ਹੀ ਅਜਿਹੀ ਸੀ ਕਿ ਕਿਸੇ ਵੀ ਵਸਤੂ ਨੂੰ ਜਦ ਤੱਕ ਵਰਤਿਆ ਜਾ ਸਕਦਾ, ਉਸ ਦੀ ਵਰਤੋਂ ਕੀਤੀ ਜਾਂਦੀ। ਜੇ ਘੜਾ ਤਿੜਕ ਜਾਂਦਾ, ਪਾਣੀ ਲਈ ਵਰਤੋਂ ਦੇ ਕਾਬਲ ਨਾ ਰਹਿੰਦਾ ਤਾਂ ਉਸ ਵਿੱਚ ਕਿਸੇ ਫਸਲ ਦਾ ਬੀਜ ਪਾ ਕੇ ਰੱਖ ਦਿੱਤਾ ਜਾਂਦਾ। ਜੇ ਉਹ ਰੂਹੜਾ ਹੋ ਜਾਂਦਾ, ਉਸ ਵਿੱਚ ਪਾਣੀ ਠੰਢਾ ਨਾ ਹੁੰਦਾ ਤਾਂ ਪਾਣੀ ਗਰਮ ਕਰਨ ਲਈ ਗੱਡ ਦਿੱਤਾ ਜਾਂਦਾ। ਜੇ ਘੜਾ ਟੁੱਟ ਜਾਂਦਾ ਤਾਂ ਉਸ ਦੇ ਗਲ ਉੱਪਰ ਬੀਬੀਆਂ ਚੱਕਵਾਂ ਚੁੱਲ੍ਹਾ ਜਾਂ ਹਾਰੀ ਡੌਲ ਲੈਂਦੀਆਂ। ਹੇਠਲਾ ਬਚਿਆ ਗੋਲ ਠੀਕਰਾ ਕੁੱਤੇ ਨੂੰ ਲੱਸੀ ਜਾਂ ਦੁੱਧ ਪਾਉਣ ਲਈ ਕੰਧ ਨਾਲ ਰੱਖ ਦਿੱਤਾ ਜਾਂਦਾ।
ਵਕਤ ਨਾਲ ਖੇਤੀ ਦੇ ਢੰਗ ਤਰੀਕੇ ਬਦਲ ਗਏ। ਹਰ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਿਆ। ਨਵੀਂ ਕਿਸਮ ਦੇ ਬੀਜ ਆ ਗਏ। ਰੂੜੀ ਵਾਲੀ ਖਾਦ ਦੀ ਥਾਂ ਬਣਾਉਟੀ ਖਾਦਾਂ ਨੇ ਲੈ ਲਈ। ਕੀੜੇਮਾਰ ਦਵਾਈਆਂ ਨੇ ਹਾਜ਼ਰੀ ਭਰੀ। ਸਭ ਨੇ ਰਲ ਮਿਲ ਕੇ ਫਸਲਾਂ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਕੀਤਾ। ਪੈਦਾਵਾਰ ਵਧਣ ਨਾਲ ਰਹਿੰਦ-ਖੂੰਹਦ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਇਸ ਸਦਕਾ ਇਹ ਰਹਿੰਦ-ਖੂੰਹਦ ਸਮੇਟਣ ਦੀ ਸਮੱਸਿਆ ਵੀ ਆਉਣੀ ਹੀ ਸੀ।
ਸਭ ਤੋਂ ਵੱਧ ਸਮੱਸਿਆ ਝੋਨੇ ਦੀ ਰਹਿੰਦ-ਖੂੰਹਦ ਪਰਾਲੀ ਕਰ ਕੇ ਪੈਦਾ ਹੋਈ। ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਪੈਦਾ ਹੋਇਆ ਧੂੰਆਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ। ਪੰਜਾਬ ਸਰਕਾਰ ਮੁਤਾਬਿਕ, ਪੰਜਾਬ ਵਿੱਚ ਸਾਲਾਨਾ ਦੋ ਕਰੋੜ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਵਿੱਚੋਂ 1.2 ਕਰੋੜ ਟਨ ਦੀ ਖਪਤ ਸਥਾਨਕ ਸਨਅਤਾਂ ਵਿੱਚ ਹੋ ਜਾਂਦੀ ਹੈ। ਬਾਕੀ ਅੱਸੀ ਲੱਖ ਟਨ ਪਰਾਲੀ ਬਚਦੀ ਹੈ ਜਿਸ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਲਈ ਸਮੇਂ ਦੀਆਂ ਹਕੂਮਤਾਂ ਨੂੰ ਚਾਹੀਦਾ ਹੈ ਕਿ ਨਵੇਂ ਰਾਹ ਤਲਾਸ਼ੇ ਜਾਣ। ਪਰਾਲੀ ਆਧਾਰਿਤ ਪਾਵਰ ਪ੍ਰਾਜੈਕਟ ਲਾਏ ਜਾਣ। ਪੰਜਾਬ ਵਿੱਚ ਪਰਾਲੀ ਆਧਾਰਿਤ ਕੁਝ ਪਾਵਰ ਪ੍ਰਾਜੈਕਟ ਚੱਲ ਵੀ ਰਹੇ ਹਨ ਜਿਨ੍ਹਾਂ ਦੀ ਸਮਰੱਥਾ 101.5 ਮੈਗਾਵਟ ਹੈ।
ਸਮੇਂ ਨਾਲ ਸਭ ਨੂੰ ਬਦਲਣਾ ਪੈਂਦਾ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਹਰ ਵਸਤੂ ਦੀ ਜਿਥੋਂ ਤੱਕ ਹੋ ਸਕਦਾ, ਵਰਤੋਂ ਕੀਤੀ ਜਾਵੇ। ਜੋ ਲੋਕਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ, ਜਿਵੇਂ ਪਰਾਲੀ ਜਾਂ ਕੂੜਾ, ਇਸ ਨੂੰ ਨਜਿੱਠਣ ਲਈ ਹਕੂਮਤਾਂ ਦਾ ਫਰਜ਼ ਹੈ ਕਿ ਰੌਲਾ ਪਾਉਣ ਦੀ ਥਾਂ ਜਾਂ ਇੱਕ ਦੂਜੀ ਪਾਰਟੀ ਨੂੰ ਦੋਸ਼ ਦੇਣ ਦੀ ਬਜਾਇ ਮਸਲੇ ਦਾ ਸਾਰਥਿਕ ਹੱਲ ਲੱਭ ਕੇ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ।
ਸੰਪਰਕ: 76260-63596