ਬਡਰੁੱਖਾਂ: ਐੱਲਪੀਯੂ ਨੂੰ ਹਰਾ ਕੇ ਮੁਹਾਲੀ ਦੀ ਟੀਮ ਜੇਤੂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਪਰੈਲ
ਸੰਤ ਅਤਰ ਸਿੰਘ ਸਪੋਰਟਸ ਕਲੱਬ ਬਡਰੁੱਖਾਂ ਵੱਲੋਂ ਵਾਲੀਵਾਲ ਟੂਰਨਾਮੈਂਟ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਖੇਡ ਸਟੇਡੀਅਮ ਬਡਰੁੱਖਾਂ ਵਿੱਚ ਕਰਵਾਇਆ ਗਿਆ। ਇਹ ਟੂਰਨਾਮੈਂਟ ਵਾਲੀਵਾਲ ਕੋਚ ਨਰੈਣ ਸ਼ਰਮਾ, ਸਮਾਜ ਸੇਵੀ ਡਾ. ਇਕਬਾਲ ਸਿੰਘ, ਗੀਤਕਾਰ ਪਰਗਟ ਸਿੰਘ ਲਿੱਦੜਾਂ ਅਤੇ ਸੈਂਟੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਟੂਰਨਾਮੈਂਟ ’ਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਟੂਰਨਾਮੈਂਟ ਦਾ ਉਦਘਾਟਨ ਅਰਜੁਨਾ ਐਵਾਰਡੀ ਸੁਖਪਾਲ ਸਿੰਘ ਬਰਾੜ ਆਈ.ਪੀ.ਐੱਸ ਨੇ ਕੀਤੀ ਜਦਕਿ ਪ੍ਰਧਾਨਗੀ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਅਮਰਜੀਤ ਸਿੰਘ ਬਡਰੁੱਖਾਂ ਅਤੇ ਗੁਰਜੰਟ ਸਿੰਘ ਦੁੱਗਾਂ ਨੇ ਕੀਤੀ। ਵਾਲੀਵਾਲ ਦੇ ਫਸਵੇਂ ਮੁਕਾਬਲੇ ਦੇਰ ਰਾਤ ਤੱਕ ਜਾਰੀ ਰਹੇ। ਪ੍ਰਬੰਧਕਾਂ ਮਨੂੰ ਬਡਰੁੱਖਾਂ, ਹਿੰਦਾ ਅਤੇ ਗੁਰੂ ਬਡਰੁੱਖਾਂ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਮੁਹਾਲੀ ਦੀ ਟੀਮ ਨੇ ਲਵਲੀ ਯੂਨੀਵਰਸਿਟੀ ਜਲੰਧਰ ਦੀ ਟੀਮ ਨੂੰ 23-25, 28-26 ਅਤੇ 25-23 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਟੂਰਨਾਮੈਂਟ ਦੌਰਾਨ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਰਣਦੀਪ ਸਿੰਘ ਮਿੰਟੂ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ, ਭਾਜਪਾ ਆਗੂ ਸ੍ਰੀਮਤੀ ਦਾਮਨ ਥਿੰਦ ਬਾਜਵਾ, ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਟ, ਸਾਬਕਾ ਸਰਪੰਚ ਕੁਲਜੀਤ ਸਿੰਘ ਤੂਰ, ਡੀਐਸਪੀ ਪੁਸ਼ਪਿੰਦਰ ਸਿੰਘ, ਡੀਐਸਪੀ ਸਿਕੰਦਰ ਸਿੰਘ, ਤਰਸੇਮ ਸਿੰਘ ਐਫਸੀਆਈ, ਮਾਸਟਰ ਸੁਖਵੀਰ ਸਿੰਘ, ਹਰਿੰਦਰ ਸਿੰਘ ਤੇ ਹੋਰ ਸ਼ਾਮਲ ਹੋਏ।