ਬਠਿੰਡਾ ਪੁਲੀਸ ਵੱਲੋਂ ਸੰਵੇਦਨਸ਼ੀਲ ਥਾਵਾਂ ’ਤੇ ਤਲਾਸ਼ੀ ਮੁਹਿੰਮ
ਮਨੋਜ ਸ਼ਰਮਾ
ਬਠਿੰਡਾ, 12 ਅਪਰੈਲ
ਬਠਿੰਡਾ ਪੁਲੀਸ ਨੇ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਅਪਰਾਧਕ ਤੱਤਾਂ ਖ਼ਿਲਾਫ਼ ਨਕੇਲ ਕੱਸਣ ਲਈ ਅਪਰੇਸ਼ਨ ਸਤਰਕ ਚਲਾਇਆ ਗਿਆ। ਇਹ ਅਪਰੇਸ਼ਨ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐੱਸਐੱਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਰਾਤ ਦੇ ਸਮੇਂ ਸ਼ੁਰੂ ਕੀਤਾ ਗਿਆ। ਇਸ ਅਪਰੇਸ਼ਨ ਦੇ ਤਹਿਤ ਜ਼ਿਲ੍ਹੇ ਦੀਆਂ ਸੰਵੇਦਨਸ਼ੀਲ ਥਾਵਾਂ, ਕੌਮਾਂਤਰੀ ਸਰਹੱਦ ਦੇ ਨੇੜਲੇ ਇਲਾਕਿਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਅੰਤਰ-ਜ਼ਿਲ੍ਹਾ ਤੇ ਅੰਤਰ-ਰਾਜੀ ਨਾਕਿਆਂ ’ਤੇ ਪੁਲੀਸ ਨੇ ਜਾਂਚ ਕੀਤੀ। ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਪੜਤਾਲ ਕੀਤੀ ਗਈ। ਬਠਿੰਡਾ ਸਟੇਸ਼ਨ ’ਤੇ ਇੱਕ ਯਾਤਰੀ ਟਰੇਨ ਵਿੱਚ ਦੇਰ ਰਾਤ ਚੈਕਿੰਗ ਕੀਤੀ ਗਈ। ਸੀਨੀਅਰ ਅਧਿਕਾਰੀਆਂ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਨਾਕਿਆਂ ’ਤੇ ਡਿਊਟੀ ਕਰ ਰਹੇ ਪੁਲੀਸ ਅਧਿਕਾਰੀਆਂ ਅਤੇ ਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਅਪਰੇਸ਼ਨ ਦੌਰਾਨ ਸਾਰੇ ਥਾਣਿਆਂ ਦੀ ਪੁਲੀਸ ਨੇ ਗੰਭੀਰਤਾ ਨਾਲ ਆਪਣੀ ਭੂਮਿਕਾ ਨਿਭਾਈ। ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਪੁਲੀਸ ਪੇਸ਼ਾਵਰਾਨਾ ਤਰੀਕੇ ਨਾਲ ਨਸ਼ਾ ਵਿਰੁੱਧ ਜੰਗ ਜਿੱਤਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਅਪਰੇਸ਼ਨ ਸਿਰਫ ਇਕ ਦਿਨ ਦੀ ਕਾਰਵਾਈ ਨਹੀਂ, ਸਗੋਂ ਲੰਬੇ ਸਮੇਂ ਦੀ ਯੋਜਨਾ ਦਾ ਹਿੱਸਾ ਹੈ, ਜਿਸ ਨਾਲ ਕਾਨੂੰਨ-ਵਿਵਸਥਾ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ।