ਬਠਿੰਡਾ ਪੁਲੀਸ ਵੱਲੋਂ ਸੌ ਦਿਨਾਂ ’ਚ 873 ਨਸ਼ਾ ਤਸਕਰ ਕਾਬੂ
ਸ਼ਗਨ ਕਟਾਰੀਆ
ਬਠਿੰਡਾ, 10 ਜੂਨ
ਬਠਿੰਡਾ ਪੁਲੀਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿਛਲੇ ਸੌ ਦਿਨਾਂ ਦੌਰਾਨ 873 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਅੰਕੜਾ ਲੰਘੀ 1 ਮਾਰਚ ਤੋਂ 8 ਜੂਨ ਤੱਕ ਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਨਸ਼ੇ ਦਾ ਧੰਦਾ ਕਰਨ ਵਾਲਿਆਂ ਕੋਲੋਂ 6.931 ਕਿਲੋਗ੍ਰਾਮ ਹੈਰੋਇਨ, ਸਮੈਕ 0.006 ਕਿਲੋਗ੍ਰਾਮ ਸਮੈਕ, 13.670 ਕਿਲੋਗ੍ਰਾਮ ਅਫੀਮ, 873.050 ਕਿਲੋਗ੍ਰਾਮ ਡੋਡੇ, 72,545 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 80 ਨਗ ਸੀਰਪ, 12.021 ਕਿਲੋਗ੍ਰਾਮ ਗਾਂਜਾ, 0.008 ਕਿਲੋਗ੍ਰਾਮ ਨਾਰਕੋਟਿਕ ਪਾਊਡਰ ਅਤੇ 12,59,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਨ 2023 ਤੋਂ ਲੈ ਕੇ ਹੁਣ ਤੱਕ ਨਸ਼ਾ ਤਸਕਰਾਂ ਵੱਲੋਂ ਨਸ਼ੇ ਦਾ ਧੰਦਾ ਕਰਕੇ ਬਣਾਈ ਗਈ 9,71,08,899 ਰੁਪਏ ਦੀ ਪ੍ਰਾਪਰਟੀ ਵੀ ਫਰੀਜ਼ ਕੀਤੀ ਗਈ ਹੈ।
ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਾ ਦੇ ਸੇਵਨ ਦੀ ਬੁਰਾਈ ਤੋਂ ਮੋੜਨ ਲਈ ਵੀ ਲਗਾਤਾਰ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਬਾਰੇ ਜਨ-ਜਾਗ੍ਰਿਤੀ ਪੈਦਾ ਕਰਨ ਲਈ ਪੁਲੀਸ ਵੱਲੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਜਾਗਰੂਕਤਾ ਕੈਂਪ ਵੀ ਲਾਏ ਗਏ ਹਨ।
ਐੱਸਐੱਸਪੀ ਨੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਆਖਿਆ ਕਿ ਲੋਕਾਂ ਦੇ ਘਰ ਬਰਬਾਦ ਕਰਨ ਵਾਲਿਆਂ ਲਈ ਇੱਕੋ ਥਾਂ, ਜੇਲ੍ਹ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ ’ਚ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।