ਬਜ਼ੁਰਗਾਂ ਨੇ ਖੇਡਾਂ ਵਿੱਚ ਦਿਖਾਏ ਜੌਹਰ
ਪੱਤਰ ਪ੍ਰੇਰਕ
ਪਟਿਆਲਾ, 8 ਜੂਨ
ਪੰਜਾਬ ਦੀਆਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨਾਂ ਦੀ ਸਾਂਝੀ ਜਥੇਬੰਦੀ ਫੈਡਰੇਸ਼ਨ ਕੈਰਮ, ਸ਼ਤਰੰਜ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਪਟਿਆਲਾ ਵਿਖੇ ਕਰਵਾਏ ਗਏ। ਇਹ ਮੁਕਾਬਲੇ ਪਹਿਲੀ ਵਾਰ ਸ਼ੁਰੂ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਐਸੋਸੀਏਸ਼ਨਾਂ ਦੀਆਂ ਇਕਾਈਆਂ ਪਟਿਆਲਾ, ਬਰਨਾਲਾ, ਰਾਜਪੁਰਾ, ਜ਼ੀਰਕਪੁਰ, ਲੁਧਿਆਣਾ, ਮੁਹਾਲੀ ਅਤੇ ਚਮਕੌਰ ਸਾਹਿਬ ਦੇ ਸੀਨੀਅਰ ਸਿਟੀਜ਼ਨਾਂ ਨੇ ਭਾਗ ਲਿਆ। ਪ੍ਰੋਫੈਸਰ ਆਰ ਕੇ ਕੱਕੜ ਪ੍ਰਧਾਨ, ਜੇ ਐੱਸ ਮਦਾਨ ਸਕੱਤਰ ਅਤੇ ਖੇਡਾਂ ਦੇ ਕਨਵੀਨਰ ਭਜਨ ਪ੍ਰਤਾਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇਹ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਕੈਰਮ ਮੁਕਾਬਲਿਆਂ ਵਿੱਚ ਮੁਹਾਲੀ ਪਟਿਆਲਾ ਅਤੇ ਰਾਜਪੁਰਾ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਸ਼ਤਰੰਜ ਵਿੱਚ ਬਰਨਾਲਾ ਅਤੇ ਪਟਿਆਲਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਟੇਬਲ ਟੈਨਿਸ ਦੇ ਮੈਚਾਂ ਵਿੱਚ ਮੁਹਾਲੀ, ਪਟਿਆਲਾ ਅਤੇ ਰਾਜਪੁਰਾ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਇਨਾਮਾਂ ਦੀ ਵੰਡ 11 ਜੂਨ ਨੂੰ ਮੁਹਾਲੀ ਵਿਖੇ ਕੀਤੀ ਜਾਵੇਗੀ।