ਬਜਟ ਬਾਰੇ ਪਾਕਿ ਨਾਲ ਗੱਲਬਾਤ ਉਸਾਰੂ ਰਹੀ: ਆਈਐੱਮਐੱਫ
ਇਸਲਾਮਾਬਾਦ, 24 ਮਈ
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਨੇ ਆਉਂਦੇ ਬਜਟ ਬਾਰੇ ਪਾਕਿਸਤਾਨੀ ਅਧਿਕਾਰੀਆਂ ਨਾਲ ਉਸਾਰੂ ਚਰਚਾ ਕੀਤੀ ਹੈ। ਉਨ੍ਹਾਂ ਆਉਂਦੇ ਦਿਨਾਂ ’ਚ ਗੱਲਬਾਤ ਜਾਰੀ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ। ਆਈਐੱਮਐੱਫ ਦੀ ਟੀਮ ਨੇ ਵਿੱਤੀ ਵਰ੍ਹੇ 2025-26 ਦੇ ਬਜਟ ’ਤੇ ਚਰਚਾ ਕਰਨ ਲਈ 19 ਮਈ ਨੂੰ ਇਸਲਾਮਾਬਾਦ ’ਚ ਉੱਚ ਪੱਧਰੀ ਨੀਤੀਗਤ ਵਾਰਤਾ ਸ਼ੁਰੂ ਕੀਤੀ ਸੀ, ਜੋ ਕਈ ਦਿਨਾਂ ਤੱਕ ਚੱਲੀ। ਉਂਝ ਵਾਰਤਾ ਦਾ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਕਾਰਨ ਸਰਕਾਰ ਨੂੰ ਬਜਟ ਦਾ ਐਲਾਨ 10 ਜੂਨ ਤੱਕ ਮੁਲਤਵੀ ਕਰਨਾ ਪਿਆ। ਆਈਐੱਮਐੱਫ ਦੇ ਮਿਸ਼ਨ ਮੁਖੀ ਨਾਥਣ ਪੋਰਟਰ ਨੇ ਬਿਆਨ ’ਚ ਕਿਹਾ, ‘‘ਅਸੀਂ ਅਧਿਕਾਰੀਆਂ ਨਾਲ ਉਨ੍ਹਾਂ ਦੇ ਵਿੱਤੀ ਵਰ੍ਹੇ 2025-26 ਦੀਆਂ ਬਜਟ ਤਜਵੀਜ਼ਾਂ, ਵਿਆਪਕ ਆਰਥਿਕ ਨੀਤੀ, 2024 ਦੀ ਵਿਸਥਾਰਤ ਫੰਡ ਸਹੂਲਤ (ਈਐੱਫਐੱਫ) ਅਤੇ 2025 ਦੀ ਲਚਕਦਾਰ ਅਤੇ ਸਥਿਰਤਾ ਸਹੂਲਤ (ਆਰਐੱਸਐੱਫ) ਤਹਿਤ ਸੁਧਾਰ ਏਜੰਡੇ ਬਾਰੇ ਉਸਾਰੂ ਚਰਚਾ ਕੀਤੀ।’’ ਮੌਜੂਦਾ ਚਰਚਾ ਮਾਲੀਆ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਕੇਂਦਰਤ ਸੀ। ਇਸ ’ਚ ਟੈਕਸ ਆਧਾਰ ਦਾ ਵਿਸਤਾਰ ਕਰਨਾ ਅਤੇ ਖ਼ਰਚਿਆਂ ਨੂੰ ਤਰਜੀਹ ਦੇਣਾ ਸ਼ਾਮਲ ਹੈ। ਇਸ ਦੌਰਾਨ ਪਾਕਿਸਤਾਨ ਦੇ ਊਰਜਾ ਖੇਤਰ ’ਚ ਸੁਧਾਰਾਂ ਸਮੇਤ ਹੋਰ ਮੁੱਦਿਆਂ ’ਤੇ ਵੀ ਗੱਲਬਾਤ ਹੋਈ ਜਿਸ ਨਾਲ ਵਪਾਰ ਅਤੇ ਨਿਵੇਸ਼ ਲਈ ਇਕਸਾਰ ਮੌਕਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। -ਪੀਟੀਆਈ