ਪੁਸਤਕ ‘ਸਰੀਨਾਮਾ’ ਮੇਅਰ ਨੂੰ ਭੇਂਟ ਕੀਤੀ
ਹਰਦਮ ਮਾਨ
ਸਰੀ: ਪੰਜਾਬੀ ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਵੱਲੋਂ ਸਰੀ ਸ਼ਹਿਰ ਦੇ ਇਤਿਹਾਸ ਅਤੇ ਹੋਰ ਜਾਣਕਾਰੀ ਬਾਰੇ ਪ੍ਰਕਾਸ਼ਿਤ ਪੁਸਤਕ ‘ਸਰੀਨਾਮਾ’ ਬੀਤੇ ਦਿਨ ਸਰੀ ਕੌਂਸਲ ਦੀ ਮੇਅਰ ਬਰੈਂਡਾ ਲੌਕ ਨੂੰ ਭੇਂਟ ਕੀਤੀ ਗਈ। ਇਸ ਮੌਕੇ ਮੇਅਰ ਦੇ ਸਲਾਹਕਾਰ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹੈਰੀ ਕੂਨਰ, ਕੌਂਸਲਰ ਰੌਬ ਸਟੱਟ ਅਤੇ ਸ਼ਾਇਰ ਸੁਖਵਿੰਦਰ ਚੋਹਲਾ ਵੀ ਮੌਜੂਦ ਸਨ।
ਮੇਅਰ ਬਰੈਂਡਾ ਲੌਕ ਨੇ ਇਸ ਪੁਸਤਕ ਲਈ ਬਖਸ਼ਿੰਦਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਸਮੂਹ ਸਰੀ ਨਿਵਾਸੀਆਂ ਵੱਲੋਂ ਯਾਦਗਾਰੀ ਲੇਖਣ ਕਾਰਜ ਲਈ ਲੇਖਕ ਦਾ ਧੰਨਵਾਦ ਕੀਤਾ। ਮੇਅਰ ਦੇ ਸਲਾਹਕਾਰ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹੈਰੀ ਕੂਨਰ ਤੇ ਕੌਂਸਲਰ ਰੌਬ ਸਟੱਟ ਨੇ ਕਿਹਾ ਕਿ ਕਿਸੇ ਸੰਸਥਾ ਦੀ ਸਹਾਇਤਾ ਤੋਂ ਬਗ਼ੈਰ ਹੀ ਬਖ਼ਸ਼ਿੰਦਰ ਨੇ ਆਪਣੇ ਤੌਰ ’ਤੇ ਸ਼ਹਿਰ ਬਾਰੇ ਇਹ ਕਿਤਾਬ ਲਿਖ ਕੇ ਵੱਡਮੁੱਲਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਦੇ ਕੁੱਝ ਪੰਨੇ ਪਰਤਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਕਿਤਾਬ ਵਿਚਲੀ ਸਮੱਗਰੀ ਲੱਭਣ ਲਈ ਕਿੰਨਾ ਖੋਜ-ਕਾਰਜ ਕਰਨਾ ਪਿਆ ਹੋਵੇਗਾ।
ਪੰਜਾਬੀ ਸ਼ਾਇਰ ਸੁਖਵਿੰਦਰ ਸਿੰਘ ਚੋਹਲਾ ਨੇ ਪੁਸਤਕ ‘ਸਰੀਨਾਮਾ’ ਦੇ ਵੱਡਮੁੱਲੇ ਕਾਰਜ ਦੀ ਸ਼ਲਾਘਾ ਕਰਦਿਆਂ ਮੇਅਰ ਨੂੰ ਸਲਾਹ ਦਿੱਤੀ ਕਿ ਸਰੀ ਕੌਂਸਲ ਵੱਲੋਂ ਇਸ ਦਾ ਰੰਗਦਾਰ ਐਡੀਸ਼ਨ ਛਾਪ ਕੇ ਸ਼ਹਿਰ ਦੀਆਂ ਲਾਇਬ੍ਰੇਰੀਆਂ ਵਿੱਚ ਉਪਲੱਬਧ ਕਰਵਾਇਆ ਜਾਵੇ। ਹੈਰੀ ਕੂਨਰ ਅਤੇ ਕੌਂਸਲਰ ਰੌਬ ਸਟੱਟ ਨੇ ਉਨ੍ਹਾਂ ਦੀ ਇਸ ਸਲਾਹ ਦੀ ਪ੍ਰੋੜਤਾ ਕੀਤੀ ਅਤੇ ਮੇਅਰ ਬਰੈਂਡਾ ਲੌਕ ਨੇ ਯਕੀਨ ਦੁਆਇਆ ਕਿ ‘ਸਰੀਨਾਮਾ’ ਦਾ ਰੰਗਦਾਰ ਐਡੀਸ਼ਨ ਪ੍ਰਕਾਸ਼ਿਤ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ।
ਸੰਪਰਕ: +1 604 308 6663