ਫੁੱਟਬਾਲ: ਦਾਖਾ, ਰਾੜਾ ਸਾਹਿਬ, ਕਿਲ੍ਹਾ ਰਾਏਪੁਰ, ਸਮਰਾਲਾ ਤੇ ਖੰਨਾ ਜੇਤੂ

ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 20 ਸਤੰਬਰ

ਗੁਰੂ ਨਾਨਕ ਪਬਲਿਕ ਸਕੂਲ ’ਚ ਹੋਏ ਜ਼ਿਲ੍ਹਾ ਪੱਧਰੀ ਫੁੱਟਬਾਲ ਮੈਚ ਦਾ ਦ੍ਰਿਸ਼।

ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਲੜਕੀਆਂ ਅੰਡਰ-14 ਅੱਜ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਚ ਸ਼ੁਰੂ ਹੋਇਆ। ਇਸ ਵਿਚ ਵੱਖ ਵੱਖ ਜ਼ੋਨਾਂ ਦੀਆਂ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦੀ ਅਗਵਾਈ ਡੀਈਓ ਸੈਕੰਡਰੀ ਸਵਰਨਜੀਤ ਕੌਰ, ਏਈਓ ਅਜੀਤਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਟੂਰਨਾਮੈਂਟ ਦੇ ਉਦਘਾਟਨ ਮੌਕੇ ਕਨਵੀਨਰ ਪਰਮਜੀਤ ਕੌਰ, ਰਾਜਵੰਤ ਕੌਰ, ਸੁਖਵਿੰਦਰ ਕੌਰ, ਸਤਵਿੰਦਰ ਕੌਰ, ਸ਼ਰਨਜੀਤ ਕੌਰ, ਸਮਨਦੀਪ ਕੌਰ, ਠਾਕੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਪਰਵਿੰਦਰ ਕੌਰ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਟੀਮ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਅੱਜ ਹੋਏ ਪਹਿਲੇ ਮੈਚ ਵਿਚ ਦਾਖਾ ਜ਼ੋਨ ਨੇ ਸਾਹਨੇਵਾਲ ਜ਼ੋਨ ਨੂੰ 3-0 ਨਾਲ, ਦੂਜੇ ਮੈਚ ’ਚ ਰਾੜ੍ਹਾ ਸਾਹਿਬ ਜ਼ੋਨ ਨੇ ਪੀਏਯੂ ਨੂੰ 3-0 ਨਾਲ, ਤੀਜੇ ਮੈਚ ’ਚ ਕਿਲ੍ਹਾ ਰਾਏਪੁਰ ਨੇ ਲੁਧਿਆਣਾ-2 ਨੂੰ 3-0 ਨਾਲ, ਚੌਥੇ ਮੈਚ ਵਿਚ ਸਮਰਾਲਾ ਜ਼ੋਨ ਨੇ ਜਗਰਾਉਂ ਜ਼ੋਨ ਨੂੰ 3-0 ਨਾਲ, ਪੰਜਵੇਂ ਮੈਚ ’ਚ ਖੰਨਾ ਜ਼ੋਨ ਨੇ ਸਾਹਨੇਵਾਲ ਜ਼ੋਨ ਨੂੰ 3-0 ਨਾਲ ਹਰਾਇਆ। ਪੰਜਵੇਂ ਮੈਚ ’ਚ ਜੇਤੂ ਟੀਮ ਵੱਲੋਂ ਸਾਰੇ ਤਿੰਨ ਗੋਲ ਖੰਨਾ ਦੀ ਸੋਨਮ ਨੇ ਕੀਤੇ।
ਕੁਸ਼ਤੀ ’ਚ ਖ਼ਾਲਸਾ ਸਕੂਲ ਦੇ ਵਿਦਿਆਰਥੀ ਨੇ ਸੋਨ ਤਗ਼ਮਾ ਜਿੱਤਿਆ
ਮਾਛੀਵਾੜਾ (ਪੱਤਰ ਪ੍ਰੇਰਕ): ਖੇਡ ਵਿਭਾਗ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ, ਸੀਬੀਐੱਸਈ ਬੋਰਡ ਅਤੇ ਆਈਸੀਐੱਸਈ ਬੋਰਡ ਨਾਲ ਸਬੰਧਿਤ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਮਾਛੀਵਾੜਾ ਦੇ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਵਧੀਆ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ 19 ਵਰਗ ਦੇ 79 ਕਿਲੋ ਫ੍ਰੀ ਸਟਾਈਲ ਕੁਸ਼ਤੀ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀ ਗੁਰਨਾਮ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਜਿੱਤਿਆ। ਸਕੂਲ ਪ੍ਰਬੰਧਕ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਵਿਦਿਆਰਥੀ ਗੁਰਨਾਮ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਸਕੂਲ ਪੁੱਜਣ ’ਤੇ ਵਿਦਿਆਰਥੀ ਗੁਰਨਾਮ ਸਿੰਘ ਦਾ ਪ੍ਰਿੰਸੀਪਲ ਹਰਿੰਦਰਪਾਲ ਕੌਰ ਨੇ ਸਨਮਾਨ ਕੀਤਾ। ਇਸ ਮੌਕੇ ਖੇਡ ਵਿੰਗ ਦੇ ਇੰਚਾਰਜ ਰਜਿੰਦਰ ਸਿੰਘ ਤੂਰ, ਸੁਖਦੇਵ ਸਿੰਘ, ਰੀਨਾ ਮਲਹੋਤਰਾ ਤੇ ਜਗਜੀਤ ਸਿੰਘ ਹਾਜ਼ਰ ਸਨ।

ਨਨਕਾਣਾ ਸਾਹਿਬ ਸਕੂਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ
ਸਮਰਾਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰੀ ਖੇਡਾਂ ਦੇ ਹੈਂਡਬਾਲ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਖੇਡਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀਆਂ ਅੰਡਰ-14 ਵਿਦਿਆਰਥਣਾਂ ਨੇ ਜ਼ਿਲ੍ਹੇ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਰੇਵਾ ਟੰਡਨ ਨੇ ਵਿਦਿਆਰਥਣਾਂ ਦਾ ਸਨਮਾਨ ਕੀਤਾ।

Tags :