ਫੁੱਟਬਾਲ ਟੂਰਨਾਮੈਂਟ: ਬਾਜੇਵਾਲਾ ਦੀ ਟੀਮ ਨੇ ਵਜਾਏ ਵਾਜੇ

ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ ਅਤੇ ਪ੍ਰਬੰਧਕ।

ਬਲਜੀਤ ਸਿੰਘ
ਸਰਦੂਲਗੜ੍ਹ, 27 ਫਰਵਰੀ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਲੀਕੇ ਵੱਲੋਂ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਰਿਆਣੇ ਤੋਂ ਵੱਖ ਵੱਖ ਵਰਗਾਂ ’ਚ ਲਗਭਗ 70 ਦੇ ਕਰੀਬ ਟੀਮਾਂ ਨੇ ਭਾਗ ਲਿਆ। 60 ਕਿੱਲੋ ਵਰਗ ਦੇ ਫਸਵੇਂ ਫੁਟਬਾਲ ਮੈਚ ਵਿੱਚ ਬਾਜੇਵਾਲਾ ਦੀ ਟੀਮ ਨੇ ਕੌਮਰੀ (ਹਰਿਆਣਾ) ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੁੱਟਬਾਲ ਦੇ ਓਪਨ ਮੈਚ ਦੇ ਫਸਵੇਂ ਮੁਕਾਬਲੇ ਵਿੱਚ ਕੌਮਰੀ (ਹਰਿਆਣਾ) ਦੀ ਟੀਮ ਨੇ ਬਾਜੇਵਾਲਾ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ’ਤੇ ਕਬਜ਼ਾ ਕਰ ਲਿਆ। ਆਮ ਆਦਮੀ ਪਾਰਟੀ ਦੇ ਨੇਮ ਚੰਦ ਚੌਧਰੀ ਦੀ ਧਰਮ ਪਤਨੀ ਹਨੀ ਜੈਨ ਚੌਧਰੀ ਨੇ ਖਿਡਾਰੀਆਂ ਨੂੰ ਸਨਮਾਨਦਿਆਂ ਕਿਹਾ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਜੋਕੇ ਜੀਵਨ ਵਿੱਚ ਖੇਡਾਂ ਰੁਜ਼ਗਾਰ ਦਾ ਸਾਧਨ ਵੀ ਬਣ ਰਹੀਆਂ ਹਨ। ਉਨ੍ਹਾਂ ਸਮੂਹ ਕਲੱਬ ਮੈਂਬਰਾਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਾਜ ਦੇ ਸਾਂਝੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।