ਪੱਤਰ ਪ੍ਰੇਰਕਭਵਾਨੀਗੜ੍ਹ, 3 ਜੁਲਾਈਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਫੁੰਮਣਵਾਲ ਵਿਖੇ ਵਣ ਮਹਾਂਉਤਸਵ 2025 ਦੇ ਮੌਕੇ ਤੇ ਕਿਸਾਨਾਂ ਨੂੰ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਅਤੇ ਵਾਤਾਵਰਨ ਸਬੰਧੀ ਅਹਿਮੀਅਤ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਤਕਰੀਬਨ ਪਿਛਲੇ ਦੋ ਦਹਾਕਿਆਂ ਤੋਂ ਜੰਗਲਾਤ ਹੇਠਾਂ 1.13 ਫ਼ੀਸਦੀ ਰਕਬੇ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਰੁੱਖ ਕੇਵਲ ਸੁੰਦਰਤਾ ਦਾ ਪ੍ਰਤੀਕ ਹੀ ਨਹੀਂ ਸਗੋਂ ਕਾਰਬਨਡਾਈਆਕਸਾਈਡ ਗੈਸ ਨੂੰ ਸੋਖ ਕੇ ਆਲਮੀ ਤਪਸ਼ ਨੂੰ ਘਟਾਉਣ ਅਤੇ ਹਜ਼ਾਰਾਂ ਕਿਸਮਾਂ ਦੇ ਪੰਛੀਆਂ, ਜਾਨਵਰਾਂ, ਸ਼ਹਿਦ ਦੀਆਂ ਮੱਖੀਆਂ ਲਈ ਵੀ ਸਹਾਰਾ ਹਨ। ਉਨ੍ਹਾਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਨਿੰਮ, ਡੇਕ ਅਤੇ ਹੋਰ ਰੁੱਖ ਲਗਾਉਣ ਲਈ ਪ੍ਰੇਰਿਆ। ਮੌਜੂਦਾ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਰਸਾਇਣਿਕ ਖਾਦਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕਿਸਾਨਾਂ ਦੁਆਰਾ ਪੁੱਛੇ ਗਏ ਸਵਾਲਾਂ ਜਿਵੇਂ ਕਿ ਝੋਨੇ ਵਿੱਚ ਜ਼ਿੰਕ ਦੀ ਘਾਟ ਅਤੇ ਇਲਾਜ, ਪੱਤਾ ਲਪੇਟ ਸੁੰਡੀ ਦੀ ਰੋਕਥਾਮ ਅਤੇ ਤੇਲੇ ਦੀ ਸਮੱਸਿਆ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਕਿਸਾਨਾਂ ਨੂੰ ਅਮਰੂਦਾਂ ਦੇ ਬੂਟਿਆਂ ਨੂੰ ਫਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੀ.ਏ.ਯੂ. ਲੁਧਿਆਣਾ ਵੱਲੋਂ ਤਿਆਰ “ਫਰੂਟ ਫਲਾਈ ਟਰੈਪ” ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸਨੂੰ ਬੂਟੇ ਉੱਪਰ ਲਗਾਉਣ ਦੇ ਢੰਗ, ਫਾਇਦੇ ਅਤੇ ਸਾਵਧਾਨੀਆਂ ਬਾਰੇ ਦੱਸਿਆ ਗਿਆ। ਕਿਸਾਨਾਂ ਲਈ ਧਾਤਾਂ ਦੇ ਚੂਰੇ ਦੀ ਮਹੱਤਤਾ, ਬਾਈਪਾਸ ਫੈਟ, ਪਸ਼ੂਚਾਟ, ਫਰੂਟ ਫਲਾਈ ਟਰੈਪ ਅਤੇ ਖਾਤੀ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਅੰਤ ਵਿੱਚ ਫਰੂਟ ਫਲਾਈ ਟਰੈਪਾਂ ਦੀ ਵਿਕਰੀ ਵੀ ਕੀਤੀ ਗਈ।