ਫਿ਼ਕਰਮੰਦੀ
ਸੱਤਪਾਲ ਸਿੰਘ ਦਿਓਲ
ਲੱਖਾਂ ਰੁਪਏ ਲਾ ਕੇ ਨੌਜਵਾਨ ਪੰਜਾਬ ਤੋਂ ਬਾਹਰ ਪੜ੍ਹਨ ਲਈ ਜਾਂ ਹੋਰ ਢੰਗ ਤਰੀਕੇ ਅਪਣਾ ਕੇ ਵਿਦੇਸ਼ ਵਿੱਚ ਪੱਕੇ ਤੌਰ ’ਤੇ ਵਸਣਾ ਚਾਹੁੰਦੇ ਹਨ। 12ਵੀਂ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਤੋਂ ਵੱਧ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਜਾਂ ਹੋਰ ਦੇਸ਼ਾਂ ਵਿੱਚ ਵਸਣ ਬਾਰੇ ਸੋਚਣ ਲੱਗਦੇ ਹਨ।
ਕੁਝ ਦਹਾਕੇ ਪਹਿਲਾਂ ਵਿਦੇਸ਼ ਜਾਣ ਲਈ ਵਿਆਹ ਹੀ ਇੱਕ ਜ਼ਰੀਆ ਹੁੰਦਾ ਸੀ। ਉਸ ਵਕਤ ਪੰਜਾਬੀਆਂ ਨੇ ਬੇਮੇਲ ਅਤੇ ਨਾਜਾਇਜ਼ ਵਿਆਹ ਕਰਵਾ ਕੇ ਵਿਦੇਸ਼ ਜਾਣ ਦਾ ਤਰੀਕਾ ਅਪਣਾਇਆ।
ਗੋਰਿਆਂ ਨੂੰ ਕੁਦਰਤ ਨੇ ਸਾਡੇ ਨਾਲੋਂ ਵੱਡਾ ਦਿਮਾਗ ਨਹੀਂ ਦਿੱਤਾ ਪਰ ਦਿਮਾਗ਼ ਵਰਤਣ ਵਿੱਚ ਉਹ ਮਾਹਿਰ ਹਨ। ਉਹ ਆਈਲੈੱਟਸ, ਪੜ੍ਹਾਈ, ਐੱਲਐੱਮਆਈ ਅਤੇ ਪੰਜਾਬੀਆਂ ਦੀ ਵਿਆਹ ਕਰਵਾ ਕੇ ਪੱਕੇ ਹੋਣ ਦੇ ਸੁਭਾਅ ਤੋਂ ਆਪਣੀ ਪੂਰੀ ਅਰਥਵਿਵਸਥਾ ਚਲਾ ਰਹੇ ਹਨ। ਘਰ ਤੇ ਕਾਰਾਂ ਦੇ ਅਜਿਹੇ ਗਧੀ-ਗੇੜ ’ਚ ਸਾਡੇ ਲੋਕਾਂ ਨੂੰ ਪਾਉਂਦੇ ਹਨ ਜਿਸ ਵਿੱਚੋਂ ਨਿਕਲਣ ਲਈ ਦੋ-ਦੋ ਪੀੜ੍ਹੀਆਂ ਕਰਜ਼ੇ ਲਾਹੁੰਦੀਆਂ ਬੀਤ ਜਾਂਦੀਆਂ ਹਨ।
ਕੁਝ ਸਮਾਂ ਪਹਿਲਾਂ ਕੈਨੇਡਾ ਘੁੰਮਣ ਦਾ ਮੌਕਾ ਮਿਲਿਆ। ਉੱਥੇ ਘੁੰਮਣ ਲਈ ਇੱਕ ਦਿਨ ਊਬਰ ਟੈਕਸੀ ਲਈ। ਟੈਕਸੀ ਡਰਾਈਵਰ ਪੰਜਾਬੀ ਅੱਧਖੜ ਸਰਦਾਰ ਸੀ। ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਪਰ ਮੈਨੂੰ ਗੱਲ ਕਰਨ ਦਾ ਮੌਕਾ ਉਸ ਨੇ ਨਹੀਂ ਦਿੱਤਾ। ਪਹਿਲਾਂ ਤਾਂ ਉਹਨੇ ਕੈਨੇਡਾ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਕਿ ਕੈਨੇਡਾ ਸਵਰਗ ਹੈ ਜੀ, ਫਿਰ ਦੱਸਿਆ ਕਿ ਹਾਰੀ-ਸਾਰੀ ਹੁਣ ਪੰਜਾਬ ਤੋਂ ਇੱਧਰ ਮੂੰਹ ਚੁੱਕ ਕੇ ਆ ਰਿਹਾ ਹੈ, ਹੁਣ ਪੰਜਾਬੀਆਂ ਨੇ ਇਹ ਦੇਸ਼ ਵੀ ਰਹਿਣ ਲਾਇਕ ਨਹੀਂ ਛੱਡਿਆ; ਮੁੱਕਦੀ ਗੱਲ, ਪੰਜਾਬ ਤੇ ਪੰਜਾਬੀਆਂ ਨੂੰ ਭੰਡਣ ਦੀ ਕੋਈ ਕਸਰ ਉਹਨੇ ਨਹੀਂ ਛੱਡੀ।
ਗੱਲਾਂ-ਗੱਲਾਂ ਵਿੱਚ ਉਹਨੇ ਦੱਸ ਦਿੱਤਾ ਕਿ ਉਹਦਾ ਸਾਰਾ ਪਰਿਵਾਰ ਕੁਝ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਸ ਗਿਆ ਹੈ। ਛੇਤੀ ਹੀ ਉਹ ਦੁਆਬੇ ਵਿੱਚ ਪੈਂਦੀ ਪੁਸ਼ਤੈਨੀ ਜ਼ਮੀਨ ਵੇਚਣ ਪੰਜਾਬ ਜਾਣਗੇ। ਪਰਿਵਾਰ ਨੇ ਮਿਹਨਤ ਕਰ ਕੇ ਘਰ ਕਿਸ਼ਤਾਂ ’ਤੇ ਲੈ ਲਿਆ ਹੈ। ਜਿਹੜੀ ਟੈਕਸੀ ਉਹ ਚਲਾ ਰਿਹਾ ਹੈ, ਉਹ ਵੀ ਕਿਸ਼ਤਾਂ ’ਤੇ ਹੈ। ਦਹਾਕਾ ਪਹਿਲਾਂ ਅਧੇੜ ਉਮਰ ਦੀ ਕੁੜੀ ਦੇ ਮਾਪਿਆਂ ਨੂੰ ਪੰਜਾਹ ਲੱਖ ਦੇ ਕੇ ਪਹਿਲਾਂ ਉਨ੍ਹਾਂ ਦਾ ਵੱਡਾ ਮੁੰਡਾ ਕੈਨੇਡਾ ਆ ਕੇ ਪੱਕਾ ਹੋਇਆ, ਹੁਣ ਉਹ ਮੁੰਡਾ ਮੈਕਡੋਨਲ ’ਤੇ ਲੱਗਿਆ ਹੈ। ਉਹਦੇ ਪੱਕਾ ਹੋਣ ’ਤੇ ਉਹ ਤੇ ਉਹਦੀ ਪਤਨੀ ਕੈਨੇਡਾ ਆ ਗਏ ਸਨ। ਫਿਰ ਉਹ ਤੇ ਉਹਦੀ ਪਤਨੀ ਮਾਤਾ ਪਿਤਾ ਵਜੋਂ ਸੁਪਰ ਵੀਜ਼ੇ ’ਤੇ ਆ ਗਏ। ਉਹਦੀ ਘਰਵਾਲੀ ਸਟੋਰਾਂ ਵਿੱਚ ਸਾਫ-ਸਫਾਈ ਦਾ ਕੰਮ ਕਰਦੀ ਹੈ, ਨੂੰਹ ਸਬਵੇਅ ’ਤੇ ਕੰਮ ਕਰਦੀ ਹੈ। ਦੂਜਾ ਮੁੰਡਾ ਗੈਸ ਸਟੇਸ਼ਨ ’ਤੇ ਕੰਮ ਕਰਦਾ ਹੈ। ਇਸ ਮੁੰਡੇ ਨੇ ਪੜ੍ਹਾਈ ਵਾਲਾ ਵੀਜ਼ਾ ਲਿਆ ਸੀ, ਹੁਣ ਤੀਹਾਂ ਤੋਂ ਉੱਤੇ ਟੱਪ ਗਿਆ ਹੈ। ਪੰਜਾਬ ਵਿੱਚੋਂ ਉਸ ਵਾਸਤੇ ਕਿਸੇ ਕੁੜੀ ਦੇ ਰਿਸ਼ਤੇ ਦੀ ਤਲਾਸ਼ ਉਹ ਕਰ ਰਹੇ ਹਨ ਪਰ ਕੁੜੀ ਉਨ੍ਹਾਂ ਨੂੰ ਲੱਭ ਨਹੀਂ ਰਹੀ।
ਮੈਂ ਅੰਦਾਜ਼ਾ ਲਾਇਆ ਕਿ ਕੁੜੀ ਦੇ ਨਾਲ-ਨਾਲ ਉਹ ਵਧੇਰੇ ਦਹੇਜ ਅਤੇ ਘੱਟ ਉਮਰ ਦੀ ਸੁਨੱਖੀ ਕੁੜੀ ਭਾਲਦੇ ਸਨ।
ਮੇਰੇ ਟੈਕਸੀ ਵਿੱਚੋਂ ਉਤਰਨ ਤੋਂ ਪਹਿਲਾਂ ਉਹਨੇ ਕਿਹਾ, “ਭਾਅ ਜੀ ਆਪਾਂ ਰਲ-ਮਿਲ ਕੇ ਪੰਜਾਬ ਬਚਾਈਏ, ਸਾਰਾ ਪੰਜਾਬ ਕੈਨੇਡਾ ਵੱਲ ਆ ਰਿਹੈ।”
ਮੇਰਾ ਜਵਾਬ ਸੀ, “ਭਾਅ ਜੀ ਤਾਂ ਪੰਜਾਬ ’ਚ ਹੀ ਰਹਿੰਦੈ, ਚਾਰ ਦਿਨਾਂ ਬਾਅਦ ਤੁਹਾਡੇ ਛੱਡੇ ਹੋਏ ਪੰਜਾਬ ਦੀ ਫਿਜ਼ਾ ’ਚ ਸਾਹ ਲਊਂ ਪਰ ਤੁਹਾਡੀ ਪੰਜਾਬ ਲਈ ਫਿ਼ਕਰਮੰਦੀ ਤੋਂ ਮਨ ਗਦ-ਗਦ ਹੋ ਉੱਠਿਆ।” ਮੇਰਾ ਜਵਾਬ ਸੁਣ ਕੇ ਉਹਨੇ ਨੀਵੀਂ ਪਾ ਲਈ।
ਸੰਪਰਕ: 98781-70771