ਫਿਲੌਰ ਵਾਸੀਆਂ ਦਾ ਲੁਧਿਆਣਾ ਜਾਣਾ ਹੋਇਆ ਔਖਾ
ਸਰਬਜੀਤ ਗਿੱਲ
ਫਿਲੌਰ, 31 ਜਨਵਰੀ
ਨਵਾਂ ਸ਼ਹਿਰ, ਰਾਹੋਂ ਅਤੇ ਸਥਾਨਕ ਸ਼ਹਿਰ ਦੇ ਵਾਹਨ ਚਾਲਕਾਂ ਲਈ ਲੁਧਿਆਣਾ ਜਾਣ ਲਈ ਜੀਟੀ ਰੋਡ ’ਤੇ ਚੜ੍ਹਨਾ ਔਖਾ ਹੋ ਗਿਆ ਹੈ। ਜਲੰਧਰ ਤੋਂ ਦਿੱਲੀ ਤੱਕ ਸ਼ਾਇਦ ਹੀ ਹੋਰ ਕੋਈ ਸ਼ਹਿਰ ਹੋਵੇਗਾ, ਜਿਸ ਦਾ ਟ੍ਰੈਫਿਕ ਜੀਟੀ ਰੋਡ ’ਤੇ ਚੜ੍ਹਨ ਲਈ ਕੋਈ ਸਹੀ ਰਸਤਾ ਨਾ ਹੋਵੇ। ਸਥਾਨਕ ਕਚਿਹਰੀ ਕੋਲ ਲੱਗੇ ਸਾਈਨ ਬੋਰਡ ’ਤੇ ਲੁਧਿਆਣਾ ਠੀਕ ਖੱਬੇ ਪਾਸੇ ਦਰਸਾਇਆ ਗਿਆ ਹੈ ਪਰ ਵਾਹਨ ਸੱਜੇ ਪਾਸੇ ਲਿਜਾ ਕੇ ਹੀ ਜੀਟੀ ਰੋਡ ’ਤੇ ਚੜ੍ਹ ਸਕਦੇ ਹਨ, ਜਿਥੋਂ ਹੁਣ ਤੱਕ ਯੂ ਟਰਨ ਮਾਰ ਕੇ ਵਾਹਨ ਜੀਟੀ ਰੋਡ ’ਤੇ ਚੜ੍ਹਦੇ ਰਹੇ ਉਹ ਰਾਹ ਹੁਣ ਬੰਦ ਕਰ ਦਿੱਤਾ ਹੈ। ਜੀਟੀ ਰੋਡ ਤੋਂ ਬਾਹਰ ਨਿੱਕਲਣ ਵਾਲੇ ਭੀੜੇ ਜਿਹੇ ਰਸਤੇ ਤੋਂ ਹੀ ਹੁਣ ਰਾਹੋਂ ਤੋਂ ਲੁਧਿਆਣਾ ਵੱਲ ਜਾਣ ਵਾਲੇ ਵਾਹਨ ਚੜ੍ਹਨ ਲੱਗ ਪਏ ਹਨ। ਜਿਸ ਨਾਲ ਵਾਹਨ ਆਪਸ ’ਚ ਵੀ ਫਸਣ ਲੱਗ ਪਏ। ਲੰਬੇ ਵਾਹਨ ਜੀਟੀ ਰੋਡ ’ਤੇ ਜਾਣ ਵਾਲੇ ਟ੍ਰੈਫਿਕ ਲਈ ਹੋਰ ਅੜਿੱਕੇ ਖੜੇ ਕਰਨ ਲੱਗ ਪਏ ਹਨ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਕਾਂਗਰਸੀ ਆਗੂ ਅਮ੍ਰਿੰਤ ਭੌਸਲੇ ਨੇ ਕਿਹਾ ਕਿ ਕਿਸੇ ਵੀ ਵਾਹਨ ਦੇ ਨੁਕਸਾਨ ਦੀ ਜ਼ਿੰਮੇਵਾਰੀ ਯੂਨੀਅਨ ਸਰਕਾਰ ਦੀ ਹੈ, ਜਿਸ ਨੇ ਨਵਾਂ ਰਸਤਾ ਬਣਾਉਣ ਤੋਂ ਬਿਨ੍ਹਾਂ ਹੀ ਪਹਿਲਾ ਰਸਤਾ ਬੰਦ ਕਰ ਦਿੱਤਾ। ਇਸ ਸਬੰਧੀ ਐੱਸਡੀਐੱਮ ਫਿਲੌਰ ਅਮਨਪਾਲ ਸਿੰਘ ਨੇ ਕਿਹਾ ਕਿ ਉਹ ਸੋਮਵਾਰ ਨੂੰ ਸਬੰਧਤ ਵਿਭਾਗ ਨੂੰ ਬਲਾਉਣਗੇ ਤਾਂ ਜੋ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਕੱਢਿਆ ਜਾ ਸਕੇ।