ਫਿਲਮੀ ਅੰਬਰ ’ਤੇ ਚਮਕੇ ਸਿਤਾਰੇ
ਪਰਮਜੀਤ ਸਿੰਘ ਨਿੱਕੇ ਘੁੰਮਣ
ਸਾਲ 1912 ਵਿੱਚ ਮਰਾਠੀ ਸੰਤ ਪੁੰਡਲੀਕ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਬਣੀ ਫਿਲਮ ‘ਪੁੰਡਲੀਕ’ ਨਾਲ ਬਣੇ ਬੌਲੀਵੁੱਡ ਵਿੱਚ ਪੜ੍ਹੇ-ਲਿਖੇ ਫ਼ਨਕਾਰਾਂ ਦੀ ਕਦੀ ਕੋਈ ਕਮੀ ਨਹੀਂ ਰਹੀ। ਇੱਥੇ ਬੀਤੇ ਸੌ ਤੋਂ ਵੀ ਵੱਧ ਸਾਲਾਂ ਵਿੱਚ ਅਨੇਕ ਅਜਿਹੇ ਫ਼ਨਕਾਰ ਆਏ ਜੋ ਚੰਗੇ ਪੜ੍ਹੇ-ਲਿਖੇ, ਹੁਨਰਮੰਦ, ਮਿਹਨਤੀ ਅਤੇ ਸਿਰੜੀ ਸਨ ਤੇ ਆਪਣੀ ਕਲਾ ਦੇ ਬਲਬੂਤੇ ਉਨ੍ਹਾਂ ਨੇ ਬੌਲੀਵੁੱਡ ਵਿੱਚ ਉਚੇਰੇ ਮੁਕਾਮ ਹਾਸਿਲ ਕੀਤੇ, ਪਰ ਇੱਕ ਕੌੜਾ ਸੱਚ ਇਹ ਵੀ ਰਿਹਾ ਹੈ ਕਿ ਉਨ੍ਹਾਂ ਸਿਤਾਰਿਆਂ ਦੀ ‘ਕਿਸਮਤ’ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਤਾਂ ਹੀ ਉਹ ਖ਼ੁਦ ਇਹ ਕਹਿੰਦੇ ਸਨ ਕਿ ਜੇ ਉਨ੍ਹਾਂ ਨੂੰ ਕਿਸਮਤ ਦਾ ਸਾਥ ਨਾ ਮਿਲਦਾ ਤਾਂ ਉਹ ਕਾਮਯਾਬੀ ਦਾ ਸਿਖਰ ਹਾਸਿਲ ਨਾ ਕਰ ਸਕਦੇ।
ਦਰਅਸਲ, ਬੌਲੀਵੁੱਡ ਵਿੱਚ ‘ਕਿਸਮਤ’ ਦਾ ਸੰਕਲਪ ਬੜਾ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਕਈ ਅਜਿਹੇ ਸਿਤਾਰੇ ਵੀ ਆਏ ਜੋ ਕਲਾ ਦੇ ਧਨੀ ਸਨ, ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਸਹੀ ਸਮੇਂ ’ਤੇ ਸਹੀ ਮੌਕੇ ਨਹੀਂ ਮਿਲ ਸਕੇ ਜਿਸ ਕਰਕੇ ਉਹ ਬੁਲੰਦੀਆਂ ਤੱਕ ਨਾ ਪੁੱਜ ਸਕੇ। ਇਸ ਦੇ ਉਲਟ ਕੁੱਝ ਅਜਿਹੇ ਕਲਾਕਾਰ ਵੀ ਬੌਲੀਵੁੱਡ ਦਾ ਹਿੱਸਾ ਬਣੇ ਜਿਨ੍ਹਾਂ ਵਿੱਚ ਕਲਾਕਾਰੀ ਦਾ ਮਾਦਾ ਦੂਜਿਆਂ ਦੇ ਮੁਕਾਬਲੇ ਕਿਤੇ ਘੱਟ ਸੀ, ਪਰ ਕਿਸਮਤ ਉਨ੍ਹਾਂ ਨੂੰ ਵੱਡੇ-ਵੱਡੇ ਮੌਕੇ ਪ੍ਰਦਾਨ ਕਰਦੀ ਗਈ ਤੇ ਉਹ ਸਫਲਤਾ ਦਾ ਸਫ਼ਰ ਤੈਅ ਕਰਦੇ ਗਏ। ‘ਕਿਸਮਤ’ ਦੇ ਗੇੜ ਸਦਕਾ ਬੌਲੀਵੁੱਡ ਅੰਦਰ ਆਪਣਾ ਕਰੀਅਰ ਸ਼ੁਰੂ ਕਰਕੇ ਤੇ ਫਿਰ ਸਖ਼ਤ ਮਿਹਨਤ ਅਤੇ ਸਿਰੜ ਸਦਕਾ ਚੋਖਾ ਨਾਮ ਕਮਾਉਣ ਵਾਲੇ ਕੁੱਝ ਫ਼ਨਕਾਰਾਂ ਬਾਰੇ ਇੱਥੇ ਗੱਲ ਕਰਦੇ ਹਾਂ।
ਕੇ. ਐੱਲ. ਸਹਿਗਲ: 1904 ਵਿੱਚ ਜੰਮੂ ਵਿਖੇ ਪੈਦਾ ਹੋਏ ਕੁੰਦਨ ਲਾਲ ਸਹਿਗਲ ਦੇ ਪਿਤਾ ਅਮਰ ਚੰਦ ਸਹਿਗਲ ਤਹਿਸੀਲਦਾਰ ਸਨ ਤੇ ਸਖ਼ਤ ਸੁਭਾਅ ਦੇ ਮਾਲਕ ਸਨ। ਘਰ ਵਿੱਚ ਆਇਦ ਵੱਖ-ਵੱਖ ਪਾਬੰਦੀਆਂ ਦੇ ਚੱਲਦਿਆਂ ਕੁੰਦਨ ਲਾਲ ਨੇ ਘਰੋਂ ਭੱਜਣ ਦਾ ਫ਼ੈਸਲਾ ਲੈ ਲਿਆ ਤੇ ਘਰੋਂ ਭੱਜਣ ਉਪਰੰਤ ਉਸ ਨੇ ਕਦੇ ਮੁਰਾਦਾਬਾਦ ਰੇਲਵੇ ਸਟੇਸ਼ਨ ’ਤੇ ਘੜੀ ਨੂੰ ਚਾਬੀ ਦੇਣ ਦੀ ਛੋਟੀ ਜਿਹੀ ਨੌਕਰੀ ਕੀਤੀ ਤੇ ਕਦੇ ਉਹ ‘ਰਮਿੰਗਟਨ ਕੰਪਨੀ’ ਦੇ ਟਾਈਪਰਾਈਟਰ ਵੇਚਣ ਵਾਲੇ ਸੇਲਜ਼ਮੈਨ ਵਜੋਂ ਦਰ-ਬ-ਦਰ ਫਿਰਿਆ। ਕਿਸਮਤ ਦਾ ਗੇੜ ਵੇਖੋ ਕਿ ਇੱਕ ਸ਼ਾਦੀ ਸਮਾਗਮ ਵਿੱਚ ਆਪਣੇ ਇੱਕ ਮਿੱਤਰ ਦੇ ਕਹਿਣ ’ਤੇ ਉਸ ਨੇ ਮਾਈਕ ’ਚ ਇੱਕ ਗੀਤ ਪੇਸ਼ ਕਰ ਦਿੱਤਾ ਤੇ ਉਸ ਸਮਾਗਮ ਵਿੱਚ ਮਹਿਮਾਨ ਵਜੋਂ ਹਾਜ਼ਰ ਫਿਲਮਸਾਜ਼ ਬੀ.ਐੱਨ. ਸਰਕਾਰ ਉਸ ਦਾ ਗੀਤ ਸੁਣ ਕੇ ਬੇਹੱਦ ਪ੍ਰਭਾਵਿਤ ਹੋਇਆ ਤੇ ਉਸ ਨੇ ਆਪਣੀ ਫਿਲਮ ਕੰਪਨੀ ‘ਨਿਊ ਥੀਏਟਰਜ਼’ ਵਿਖੇ ਕੁੰਦਨ ਲਾਲ ਨੂੰ ਬੁਲਾ ਕੇ ਸੰਗੀਤਕਾਰ ਆਰ. ਸੀ. ਬੋਰਾਲ ਦੇ ਹਵਾਲੇ ਕਰ ਦਿੱਤਾ। ਉਸ ਵਕਤ ਦੇ ਨਾਮਵਰ ਗਾਇਕਾਂ ਪਹਾੜੀ ਸਾਨਿਆਲ ਅਤੇ ਕੇ. ਸੀ. ਡੇਅ ਦੀ ਹਾਜ਼ਰੀ ਵਿੱਚ ਜਦੋਂ ਕੁੰਦਨ ਲਾਲ ਸਹਿਗਲ ਨੇ ਅਲਾਪ ਲੈ ਕੇ ਗੀਤ ਗਾਇਆ ਤਾਂ ਸਭ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਤੁਰੰਤ ਉਸ ਨੂੰ ਗਲ ਨਾਲ ਲਾ ਕੇ ਖ਼ੂਬ ਪ੍ਰਸ਼ੰਸਾ ਕੀਤੀ। 1932 ਵਿੱਚ ਬਣੀ ਫਿਲਮ ‘ਮੁਹੱਬਤ ਕੇ ਆਂਸੂ’ ਕੁੰਦਨ ਲਾਲ ਸਹਿਗਲ ਦੀ ਬਤੌਰ ਅਦਾਕਾਰ ਪਹਿਲੀ ਫਿਲਮ ਰਹੀ ਜਦੋਂ ਕਿ ਬਤੌਰ ਗਾਇਕ ਆਈ ਉਸ ਦੀ ਫਿਲਮ ‘ਪੂਰਨ ਭਗਤ’ ਵੀ ਸੁਪਰਹਿੱਟ ਰਹੀ। ਇਸ ਤਰ੍ਹਾਂ ਬਾਪ ਦੇ ਡਰ ਕਰਕੇ ਘਰੋਂ ਭੱਜੇ ਕੁੰਦਨ ਲਾਲ ਸਹਿਗਲ ਨੂੰ ਕਿਸਮਤ ਨੇ ਬੌਲੀਵੁੱਡ ਵਿੱਚ ਲੈ ਆਂਦਾ ਤੇ ਕੇ. ਐੱਲ. ਸਹਿਗਲ ਦੇ ਨਾਂ ਨਾਲ ਅਮਰ ਗਾਇਕ ਤੇ ਅਦਾਕਾਰ ਬਣਾ ਦਿੱਤਾ। ਕਿੰਨੀ ਦਿਲਚਸਪ ਗੱਲ ਹੈ ਕਿ ਬਾਪ ਤੋਂ ਡਰਦਿਆਂ ਸਹਿਗਲ ਸਾਹਿਬ ਨੇ ਆਪਣੀਆਂ ਕਿੰਨੀਆਂ ਹੀ ਫਿਲਮਾਂ ‘ਸਹਿਗਲ ਕਸ਼ਮੀਰੀ’ ਦੇ ਨਾਂ ਹੇਠ ਕੀਤੀਆਂ ਸਨ।
ਮਹਿਬੂਬ ਖ਼ਾਨ: 1909 ਵਿੱਚ ਉੱਤਰ ਪ੍ਰਦੇਸ਼ ਦੇ ਪਿੰਡ ਬਿਲਮੌਰਾ ਵਿਖੇ ਜਨਮੇ ਫਿਲਮਸਾਜ਼ ਮਹਿਬੂਬ ਖ਼ਾਨ ਦਾ ਨਾਮ ਫਿਲਮ ‘ਮਦਰ ਇੰਡੀਆ’ ਕਰਕੇ ਸਦਾ ਅਮਰ ਰਹੇਗਾ। ਕੇ. ਐੱਲ. ਸਹਿਗਲ ਵਾਂਗ ਹੀ ਘਰੋਂ ਭੱਜ ਕੇ ਮੁੰਬਈ ਪੁੱਜੇ ਮਹਿਬੂਬ ਖ਼ਾਨ ਨੇ 1927 ਵਿੱਚ ਇੰਪੀਰੀਅਲ ਫਿਲਮ ਕੰਪਨੀ ਵਿੱਚ ਬਤੌਰ ‘ਐਕਸਟਰਾ ਕਲਾਕਾਰ’ ਕੇਵਲ 30 ਰੁਪਏ ਮਹੀਨਾ ਦੀ ਤਨਖ਼ਾਹ ’ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਫਿਰ ‘ਸਾਗਰ ਮੂਵੀਟੋਨ’ ਨਾਮਕ ਫਿਲਮ ਕੰਪਨੀ ਵਿੱਚ ਨੌਕਰੀ ਦੌਰਾਨ ਉਸ ਦੇ ਮਨ ’ਚ ਪਟਕਥਾ ਲਿਖਣ ਦਾ ਵਿਚਾਰ ਆਇਆ ਤੇ ਆਪਣੇ ਵਿਚਾਰ ਨੂੰ ਸਾਕਾਰ ਰੂਪ ਦੇ ਕੇ ਉਸ ਨੇ ਕੰਪਨੀ ਦੇ ਮਾਲਕ ਚਮਨ ਦੇਸਾਈ ਨੂੰ ਪਟਕਥਾ ਸੁਣਾਈ ਜੋ ਉਸ ਨੂੰ ਬਹੁਤ ਪਸੰਦ ਆਈ ਤੇ ਉਸ ਨੇ ਉਸ ਪਟਕਥਾ ’ਤੇ ਫਿਲਮ ਨਿਰਦੇਸ਼ਿਤ ਕਰਨ ਦਾ ਜ਼ਿੰਮਾ ਵੀ ਮਹਿਬੂਬ ਖ਼ਾਨ ਨੂੰ ਹੀ ਸੌਂਪ ਦਿੱਤਾ। 1935 ਵਿੱਚ ‘ਜਜਮੈਂਟ ਆਫ ਗੌਡ’ ਦੇ ਨਾਂ ਹੇਠ ਰਿਲੀਜ਼ ਹੋਈ ਇਹ ਫਿਲਮ ਸਫਲ ਰਹੀ ਤੇ ਉਪਰੰਤ ਮਹਿਬੂਬ ਖ਼ਾਨ ਨੇ ‘ਔਰਤ’, ‘ਜਾਗੀਰਦਾਰ’, ‘ਮਨਮੋਹਨ’, ‘ਵਤਨ’, ‘ਏਕ ਹੀ ਰਾਸਤਾ’, ‘ਰੋਟੀ’, ‘ਨਿਰਦੋਸ਼’, ‘ਨਈ ਰੌਸ਼ਨੀ’, ‘ਆਨ’, ‘ਬਹਿਨ’, ‘ਮਦਰ ਇੰਡੀਆ’ ਅਤੇ ‘ਸਨ ਆਫ ਇੰਡੀਆ’ ਜਿਹੀਆਂ ਸ਼ਾਹਕਾਰ ਫਿਲਮਾਂ ਨਾਲ ਬੌਲੀਵੁੱਡ ਦੀ ਝੋਲੀ ਭਰ ਦਿੱਤੀ। ਕਿਸਮਤ ਦਾ ਗੇੜ ਵੇਖੋ ਘਰੋਂ ਭੱਜ ਕੇ ਮੁੰਬਈ ’ਚ ਅਦਾਕਾਰ ਬਣਨ ਆਇਆ ਮਹਿਬੂਬ ਖ਼ਾਨ ਬੌਲੀਵੁੱਡ ਦਾ ਮਹਿਬੂਬ ਫਿਲਮ ਨਿਰਦੇਸ਼ਕ ਹੋ ਨਿੱਬੜਿਆ।
ਨਿਰੂਪਾ ਰਾਏ: ਬੌਲੀਵੁੱਡ ਵਿੱਚ ਅਮਿਤਾਭ ਬੱਚਨ ਦੀ ਮਾਂ ਵਜੋਂ ਸਭ ਤੋਂ ਵੱਧ ਭੂਮਿਕਾਵਾਂ ਅਦਾ ਕਰਨ ਵਾਲੀ ਅਦਾਕਾਰਾ ਨਿਰੂਪਾ ਰਾਏ ਦਾ ਅਸਲ ਨਾਂ ਕਾਂਤਾ ਸੀ ਤੇ 1933 ਵਿੱਚ ਜਨਮੀ ਕਾਂਤਾ ਦਾ ਵਿਆਹ ਕੇਵਲ 14 ਸਾਲ ਦੀ ਉਮਰ ਵਿੱਚ ਕਿਸ਼ੋਰ ਚੰਦ ਉਰਫ਼ ਕਮਲ ਰਾਏ ਨਾਲ ਹੋ ਗਿਆ ਸੀ। ਕਮਲ ਰਾਏ ਫਿਲਮਾਂ ਵਿੱਚ ਬਤੌਰ ਹੀਰੋ ਕੰਮ ਕਰਨ ਦੀ ਚਾਹਤ ਰੱਖਦਾ ਸੀ। ਇਸ ਸਿਲਸਿਲੇ ਵਿੱਚ ਇੱਕ ਦਿਨ ਉਹ ਗੁਜਰਾਤੀ ਫਿਲਮ ਨਿਰਦੇਸ਼ਕ ਬੀ. ਐੱਮ. ਵਿਆਸ ਨੂੰ ਮਿਲਿਆ ਜਿਸ ਨੇ ਉਸ ਨੂੰ ਬਤੌਰ ਹੀਰੋ ਲੈਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਪਰ ਕਮਲ ਰਾਏ ਦੇ ਨਾਲ ਆਈ ਉਸ ਦੀ ਧਰਮ ਪਤਨੀ ਨਿਰੂਪਾ ਰਾਏ ਨੂੰ ਬਤੌਰ ਹੀਰੋਇਨ ਲੈਣ ਦੀ ਪੇਸ਼ਕਸ਼ ਜ਼ਰੂਰ ਕਰ ਦਿੱਤੀ।
ਕਿਸਮਤ ਨੇ ਕਮਲ ਦੀ ਥਾਂ ਨਿਰੂਪਾ ਰਾਏ ਨੂੰ ਸਿਲਵਰ ਸਕਰੀਨ ਦਾ ਹਿੱਸਾ ਬਣਨ ਦਾ ਮੌਕਾ ਦੇ ਦਿੱਤਾ ਤੇ ਨਿਰੂਪਾ ਰਾਏ ਨੇ 150 ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ’ਤੇ ਫਿਲਮ ‘ਰਣਾਕ ਦੇਵੀ’ ਸਾਈਨ ਕਰ ਲਈ ਜੋ ਕਾਮਯਾਬ ਰਹੀ। ‘ਹਰ ਹਰ ਮਹਾਂਦੇਵ’ ਅਤੇ ‘ਦੋ ਬੀਘਾ ਜ਼ਮੀਨ’ ਜਿਹੀਆਂ ਫਿਲਮਾਂ ਨਾਲ ਕੌਮਾਂਤਰੀ ਨਾਮਣਾ ਖੱਟਣ ਵਾਲੀ ਨਿਰੂਪਾ ਰਾਏ ਨੇ ਕੁੱਲ ਤਿੰਨ ਸੌ ਕੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ ਸੀ ਜਦੋਂ ਕਿ ਉਸ ਨੇ ਕਦੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਹ ਇੱਕ ਅਦਾਕਾਰਾ ਬਣੇਗੀ।
ਹਸਰਤ ਜੈਪੁਰੀ: ਮੁੰਬਈ ਵਿਖੇ ਬਤੌਰ ਬੱਸ ਕੰਡਕਟਰ ਕੰਮ ਕਰਨ ਵਾਲਾ ਨਾਮਵਰ ਗੀਤਕਾਰ ਹਸਰਤ ਜੈਪੁਰੀ ਵੀ ਘਰੋਂ ਭੱਜ ਕੇ ਹੀ ਇੱਥੇ ਆਇਆ ਸੀ। ਸ਼ਾਇਰੀ ਕਹਿਣ ਦਾ ਸ਼ੌਕ ਰੱਖਣ ਵਾਲੇ ਹਸਰਤ ਨੇ ਇੱਕ ਮੁਸ਼ਾਇਰੇ ਵਿੱਚ ਆਪਣੀ ਇੱਕ ਨਜ਼ਮ ਇਸ ਕਦਰ ਦਿਲਕਸ਼ ਅੰਦਾਜ਼ ’ਚ ਪੜ੍ਹੀ ਕਿ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਖ਼ੁਸ਼ਕਿਸਮਤੀ ਨਾਲ ਉਸ ਮੁਸ਼ਾਇਰੇ ਵਿੱਚ ਪ੍ਰਿਥਵੀ ਰਾਜ ਕਪੂਰ ਵੀ ਤਸ਼ਰੀਫ਼ ਫਰਮਾ ਰਹੇ ਸਨ। ਉਨ੍ਹਾਂ ਨੇ ਹਸਰਤ ਨੂੰ ਤੁਰੰਤ ਰਾਜ ਕਪੂਰ ਨੂੰ ਮਿਲਣ ਦੀ ਸਲਾਹ ਦੇ ਦਿੱਤੀ ਜੋ ਉਸ ਵੇਲੇ ਫਿਲਮ ‘ਬਰਸਾਤ’ ਬਣਾ ਰਿਹਾ ਸੀ। ਰਾਜ ਨੇ ਹਸਰਤ ਨੂੰ ਗੀਤ ਲਿਖਣ ਦਾ ਮੌਕਾ ਦਿੱਤਾ ਤੇ ਆਪਣੇ ਗੀਤਾਂ ਕਰਕੇ ਫਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਹਸਰਤ ਜੈਪੁਰੀ ਨੇ ਚਾਰ ਹਜ਼ਾਰ ਦੇ ਕਰੀਬ ਗੀਤ ਰਚੇ ਜਿਨ੍ਹਾਂ ਵਿੱਚ ‘’ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ’, ‘ਜਾਨੇ ਕਹਾਂ ਗਏ ਵੋ ਦਿਨ’, ‘’ਬਹਾਰੋ ਫ਼ੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ’, ‘ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ’ ਅਤੇ ‘ਯੇਹ ਮੇਰਾ ਪ੍ਰੇਮ ਪੱਤਰ ਪੜ੍ਹ ਕਰ ਕਿ ਤੁਮ ਨਾਰਾਜ਼ ਨਾ ਹੋਨਾ’ ਆਦਿ ਜਿਹੇ ਕਈ ਸਦਾਬਹਾਰ ਗੀਤ ਸ਼ਾਮਿਲ ਹਨ।
ਮਧੂਬਾਲਾ: ਖ਼ੂਬਸੂਰਤ ਅਦਾਕਾਰਾ ਮੁਮਤਾਜ਼ ਜਹਾਂ ਬੇਗ਼ਮ ਉਰਫ਼ ਮਧੂਬਾਲਾ ਦੇ ਪਿਤਾ ਅਤਾਉੱਲਾ ਖ਼ਾਂ ਕਿਸੇ ਕੰਪਨੀ ’ਚ ਮੁਲਾਜ਼ਮ ਸਨ। ਉਨ੍ਹਾਂ ਦੀ ਚੰਗੀ ਤਨਖ਼ਾਹ ਕਰਕੇ ਉਨ੍ਹਾਂ ਦਾ ਪਰਿਵਾਰ ਬੜਾ ਖ਼ੁਸ਼ਹਾਲ ਜੀਵਨ ਜੀਅ ਰਿਹਾ ਸੀ ਕਿ ਇੱਕ ਦਿਨ ਅਚਾਨਕ ਵੱਡਾ ਘਾਟਾ ਪੈਣ ਕਰਕੇ ਕੰਪਨੀ ਬੰਦ ਹੋ ਗਈ ਤੇ ਮਧੂਬਾਲਾ ਦਾ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ। ਪਿਤਾ ਨੇ ਆਪਣੀ ਸੱਤ ਕੁ ਸਾਲ ਦੀ ਧੀ ਮੁਮਤਾਜ਼ ਨੂੰ ਬੌਲੀਵੁੱਡ ਦੇ ਦਰਵਾਜ਼ੇ ’ਤੇ ਜਾ ਖੜ੍ਹਾ ਕੀਤਾ ਤੇ ਬਤੌਰ ਗਾਇਕਾ ਅਤੇ ਬਾਲ ਅਦਾਕਾਰਾ ਮੁਮਤਾਜ਼ ਉਰਫ਼ ਮਧੂਬਾਲਾ ਨੂੰ ਫਿਲਮ ‘ਬਸੰਤ’ ਵਿੱਚ ਕੰਮ ਕਰਨ ਦਾ ਮੌਕਾ ਮਿਲ ਗਿਆ। ਇਸ ਉਪਰੰਤ ਤਾਂ ਫਿਰ ਚੱਲ ਸੋ ਚੱਲ। ‘ਦੁਲਾਰੀ’, ‘ਪਾਰਸ’, ‘ਇਮਤਿਹਾਨ’, ‘ਮਹਿਲ’, ‘ਝੁਮਰੂ’, ‘ਪਾਸਪੋਰਟ’, ‘ਹਾਫ਼ ਟਿਕਟ’, ‘ਚਲਤੀ ਕਾ ਨਾਮ ਗਾੜੀ’ ਅਤੇ ਹਿੰਦੀ ਸਿਨੇਮਾ ਦੀ ਨਾਯਾਬ ਫਿਲਮ ‘ਮੁਗਲ-ਏ-ਆਜ਼ਮ’ ਆਦਿ ਫਿਲਮਾਂ ਵਿੱਚ ਆਪਣੀ ਲਾਮਿਸਾਲ ਅਦਾਕਾਰੀ ਦੇ ਜਲਵੇ ਵਿਖਾਉਣ ਵਾਲੀ ਮਧੂਬਾਲਾ ਦਾ 1969 ਵਿੱਚ ਛੋਟੀ ਉਮਰੇ ਹੀ ਦੇਹਾਂਤ ਹੋ ਗਿਆ ਸੀ। ਪਿਤਾ ਦੀ ਬਦਕਿਸਮਤੀ ਨੇ ਧੀ ਦੀ ਖ਼ੁਸ਼ਕਿਸਮਤੀ ਦੇ ਬੂਹੇ ਖੋਲ੍ਹ ਦਿੱਤੇ ਸਨ।
ਓ.ਪੀ. ਨਈਅਰ: ਅੰਮ੍ਰਿਤਸਰ ਵਿਖੇ ਬਤੌਰ ਸੰਗੀਤ ਅਧਿਆਪਕ ਕੰਮ ਕਰਨ ਵਾਲੇ ਓ. ਪੀ. ਨਈਅਰ ਦਾ ਜਨਮ 1926 ਵਿੱਚ ਲਾਹੌਰ ਵਿਖੇ ਹੋਇਆ ਸੀ। ਫਿਲਮ ‘ਕਨੀਜ਼’ ਲਈ ਪਿੱਠਵਰਤੀ ਸੰਗੀਤ ਦੇ ਕੇ ਆਪਣਾ ਕਰੀਅਰ ਸ਼ੁਰੂ ਕਰਨ ਵਾਲਾ ਨਈਅਰ ਕਾਫ਼ੀ ਸਮਾਂ ਅਸਫਲ ਰਹਿਣ ਮਗਰੋਂ ਥੱਕ ਹਾਰ ਕੇ ਅੰਮ੍ਰਿਤਸਰ ਪਰਤ ਆਇਆ ਸੀ। ਡੀ. ਐੱਸ. ਪੰਚੋਲੀ ਦੀ ਫਿਲਮ ‘ਆਸਮਾਨ’ ਨੇ ਉਸ ਨੂੰ ਮਾੜੀ ਮੋਟੀ ਪਹਿਚਾਣ ਜ਼ਰੂਰ ਦਿੱਤੀ, ਪਰ ਕੰਮ ਨਾ ਦਿੱਤਾ। ਉਸ ਵੱਲੋਂ ਉੱਘੇ ਫਿਲਮਸਾਜ਼ ਗੁਰੁੂਦੱਤ ਦੀ ਫਿਲਮ ‘ਬਾਜ਼’ ਲਈ ਦਿੱਤਾ ਸੰਗੀਤ ਵੀ ਫਿਲਮ ਦੇ ਫਲਾਪ ਰਹਿਣ ਕਰਕੇ ਬੇਕਾਰ ਚਲਾ ਗਿਆ। ਅਖ਼ੀਰ ਉਸ ਨੇ ਪੱਕੇ ਤੌਰ ’ਤੇ ਮੁੰਬਈ ਛੱਡਣ ਦਾ ਫ਼ੈਸਲਾ ਕਰ ਲਿਆ ਤੇ ਫਿਲਮ ‘ਬਾਜ਼’ ਲਈ ਆਪਣਾ ਮਿਹਨਤਾਨਾ ਲੈਣ ਵਾਸਤੇ ਗੁਰੂਦੱਤ ਦੇ ਕੋਲ ਗਿਆ। ਗੁਰੂਦੱਤ ਨੇ ਆਰਥਿਕ ਤੰਗੀ ਦਾ ਹਵਾਲਾ ਦਿੰਦਿਆਂ ਪੈਸੇ ਦੇਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਤੇ ਕਿਹਾ ਕਿ ਜੇਕਰ ਉਸ ਦੀ ਅਗਲੀ ਫਿਲਮ ‘ਆਰਪਾਰ’ ਲਈ ਨਈਅਰ ਸੰਗੀਤ ਦੇ ਦੇਵੇ ਤਾਂ ਉਸ ਦਾ ਪੂਰਾ ਹਿਸਾਬ ਜਲਦੀ ਹੀ ਕਰ ਦੇਣਗੇ। ਮਨੋਂ ਨਾ ਚਾਹੁੰਦਿਆਂ ਹੋਇਆਂ ਵੀ ਨਈਅਰ ਨੇ ਉਕਤ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਫਿਲਮ ਲਈ ਸੰਗੀਤ ਰਚਨਾ ਕਰ ਦਿੱਤੀ। ‘ਕਭੀ ਆਰ ਕਭੀ ਪਾਰ ਲਾਗਾ ਤੀਰੇ ਨਜ਼ਰ’ ਸਣੇ ਇਸ ਫਿਲਮ ਦੇ ਸਾਰੇ ਗੀਤ ਸੁਪਰਹਿੱਟ ਰਹੇ ਤੇ ਫਿਲਮ ਨੇ ਬਾਕਸ ਆਫ਼ਿਸ ’ਤੇ ਭਾਰੀ ਸਫਲਤਾ ਹਾਸਿਲ ਕੀਤੀ। ਮੁੰਬਈ ਛੱਡ ਕੇ ਜਾਣ ਦਾ ਫ਼ੈਸਲਾ ਕਰਨ ਵਾਲੇ ਨਈਅਰ ਨੇ ਮੁੜ ਕੇ ਕਦੇ ਮੁੰਬਈ ਨਾ ਛੱਡੀ ਤੇ ਕਈ ਵਰ੍ਹਿਆਂ ਤੱਕ ਮਨਮੋਹਕ ਸੰਗੀਤ ਸਦਕਾ ਬੌਲੀਵੁੱਡ ਦੀ ਝੋਲੀ ਭਰਦਾ ਰਿਹਾ।
ਬੀ. ਆਰ. ਚੋਪੜਾ: 1914 ਵਿੱਚ ਲੁਧਿਆਣਾ ਵਿਖੇ ਜਨਮੇ ਬਲਦੇਵ ਰਾਜ ਚੋਪੜਾ ਨੇ ਅੰਗਰੇਜ਼ੀ ਸਾਹਿਤ ਵਿੱਚ ਐੱਮ.ਏ. ਪਾਸ ਕੀਤੀ ਸੀ ਤੇ ‘ਸਿਨੇ ਹੈਰਾਲਡ’ ਨਾਮਕ ਫਿਲਮੀ ਅਖ਼ਬਾਰ ਕੱਢਣ ਉਪਰੰਤ ਆਪਣੀ ਫਿਲਮ ਕੰਪਨੀ ਖੋਲ੍ਹ ਲਈ। ਮਾੜੀ ਕਿਸਮਤ ਕਿ ਕੰਪਨੀ ਦੇ ਖੁੱਲ੍ਹਦਿਆਂ ਹੀ ਮੁਲਕ ਦਾ ਬਟਵਾਰਾ ਹੋ ਗਿਆ ਤੇ ਸਭ ਕੁੱਝ ਛੱਡ ਕੇ ਚੋਪੜਾ ਨੂੰ ਪਰਿਵਾਰ ਸਣੇ ਲਾਹੌਰ ਤੋਂ ਮੁੰਬਈ ਦਾ ਰੁਖ਼ ਕਰਨਾ ਪਿਆ। ਇੱਥੇ ਆ ਕੇ ਆਪਣਾ ਸਭ ਕੁੱਝ ਵੇਚ ਵੱਟ ਕੇ ਅਤੇ ਯਾਰਾਂ-ਦੋਸਤਾਂ ਤੋਂ ਕਰਜ਼ਾ ਲੈ ਕੇ ਉਸ ਨੇ ਫਿਲਮ ‘ਕਰਵਟ’ ਬਣਾਈ ਜੋ ਬੁਰੀ ਤਰ੍ਹਾਂ ਅਸਫ਼ਲ ਰਹੀ।
ਚੋਪੜਾ ਸਾਹਿਬ ਦਾ ਦਿਲ ਟੁੱਟ ਗਿਆ ਤੇ ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ। ਆਪਣੀ ਪਤਨੀ ਦੇ ਕਹਿਣ ’ਤੇ ਉਸ ਨੇ ਇੱਕ ਦਿਨ ਇੱਕ ਫਿਲਮ ਦੀ ਕਹਾਣੀ ਤੇ ਪਟਕਥਾ ਲਿਖੀ ਤੇ ਉੱਘੇ ਅਦਾਕਾਰ ਤੇ ਫਿਲਮਸਾਜ਼ ਆਈ. ਐੱਸ. ਜੌਹਰ ਨੂੰ ਸੁਣਾਈ। ਜੌਹਰ ਨੂੰ ਕਹਾਣੀ ਐਨੀ ਪਸੰਦ ਆਈ ਕਿ ਉਸ ਨੇ ਤੁਰੰਤ ਪੰਜ ਸੌ ਰੁਪਏ ਦੇ ਕੇ ਕਹਾਣੀ ਖ਼ਰੀਦ ਲਈ ਤੇ ਫਿਲਮ ਦਾ ਨਿਰਦੇਸ਼ਨ ਕਰਨ ਦਾ ਜ਼ਿੰਮਾ ਵੀ ਚੋਪੜਾ ਸਾਹਿਬ ਨੂੰ ਹੀ ਸੌਂਪ ਦਿੱਤਾ। ‘ਅਫ਼ਸਾਨਾ’ ਨਾਂ ਦੀ ਇਹ ਫਿਲਮ ਸੁਪਰਹਿੱਟ ਰਹੀ ਤੇ ਆਉਣ ਵਾਲੇ ਸਾਲਾਂ ਵਿੱਚ ਚੋਪੜਾ ਸਾਹਿਬ ਅਤੇ ਉਨ੍ਹਾਂ ਦੀ ਕੰਪਨੀ ‘ਬੀ.ਆਰ. ਫਿਲਮ’ ਬੌਲੀਵੁੱਡ ਦੇ ਵੱਡੇ ਨਾਂ ਸਾਬਤ ਹੋਏ ਸਨ।
ਹੈਲਨ: 1940 ਵਿੱਚ ਜਨਮੀ ਅਦਾਕਾਰਾ ਹੈਲਨ ਦਾ ਪਿਤਾ ਫ਼ੌਜੀ ਸੀ ਤੇ ਮਾਂ ਐਂਗਲੋ-ਇੰਡੀਅਨ ਸੀ। ਦੂਜੇ ਵਿਸ਼ਵ ਯੁੱਧ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ ਤੇ ਕਿਸਮਤ ਨੇ ਹੈਲਨ ਨੂੰ ਕਲਕੱਤਾ ਲੈ ਆਂਦਾ। ਕਲਕੱਤਾ ਵਿਖੇ ਕੁੱਝ ਦਿਨ ਫਾਕੇ ਕੱਟਣ ਮਗਰੋਂ ਉਸ ਦੀ ਮਾਂ ਉਸ ਨੂੰ ਲੈ ਕੇ ਮੁੰਬਈ ਆ ਗਈ ਤੇ ਬਤੌਰ ਨਰਸ ਇੱਕ ਨਰਸਿੰਗ ਹੋਮ ਵਿੱਚ ਨੌਕਰੀ ਕਰਨ ਲੱਗ ਪਈ। ਇੱਥੇ ਸਕੂਲੀ ਪੜ੍ਹਾਈ ਦੌਰਾਨ ਹੈਲਨ ਦੀ ਇੱਕ ਸਹੇਲੀ ਬਣੀ ਜੋ ਕਿ ਉਸ ਜ਼ਮਾਨੇ ਦੀ ਮਸ਼ਹੂਰ ਡਾਂਸਰ ਕੁੱਕੂ ਦੀ ਜਾਣੂ ਸੀ।
ਕੁੱਕੂ ਨਾਲ ਮੁਲਾਕਾਤ ਤੋਂ ਬਾਅਦ ਹੈਲਨ ਨੇ ਵੀ ਡਾਂਸਰ ਬਣਨ ਦਾ ਫ਼ੈਸਲਾ ਕਰ ਲਿਆ ਤੇ ਸਿਖਲਾਈ ਅਤੇ ਅਭਿਆਸ ਸ਼ੁਰੂ ਕਰ ਦਿੱਤਾ। ‘ਰੰਗੀਲੀ’ ਨਾਮਕ ਫਿਲਮ ਤੋਂ ਬਤੌਰ ਡਾਂਸਰ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਹੈਲਨ ਨੇ ਉਪਰੰਤ ਸੈਂਕੜੇ ਫਿਲਮਾਂ ਵਿੱਚ ਆਪਣੀ ਨਾਚ ਕਲਾ ਦੇ ਜਲਵੇ ਬਿਖੇਰੇ ਜਿਨ੍ਹਾਂ ਵਿੱਚੋਂ ‘ਬੈਰਾਗ਼’, ‘ਸ਼ੋਅਲੇ’, ‘ਕਾਰਵਾਂ’, ‘ਜਾਅਲੀ ਨੋਟ’, ‘ਇਨਕਾਰ’, ‘ਹਿੰਮਤਵਾਲਾ’, ‘ਡਾਨ’ ਅਤੇ ‘ਹਮ ਦਿਲ ਦੇ ਚੁੱਕੇ ਸਨਮ’ ਆਦਿ ਦੇ ਨਾਂ ਪ੍ਰਮੁੱਖ ਹਨ। ਜੇ ਆਰਥਿਕ ਤੰਗੀ ਕਰਕੇ ਹੈਲਨ ਦੀ ਮਾਂ ਕਲਕੱਤਾ ਤੋਂ ਮੁੰਬਈ ਨਾ ਆਉਂਦੀ ਤਾਂ ਉਸ ਦਾ ਮੇਲ ਕੁੱਕੂ ਨਾਲ ਨਾ ਹੁੰਦਾ ਤੇ ਉਹ ਗ਼ਜ਼ਬ ਦੀ ਡਾਂਸਰ ਨਾ ਬਣ ਪਾਉਂਦੀ।
ਸ਼ੰਕਰ-ਜੈ ਕਿਸ਼ਨ: ਕੇਵਲ 75 ਰੁਪਏ ਮਹੀਨਾ ਤਨਖ਼ਾਹ ’ਤੇ ਮੁੰਬਈ ਦੇ ‘ਪ੍ਰਿਥਵੀ ਥੀਏਟਰਜ਼’ ਵਿੱਚ ਕ੍ਰਮਵਾਰ ਤਬਲਾਵਾਦਕ ਅਤੇ ਹਾਰਮੋਨੀਅਮ ਵਾਦਕ ਕੰਮ ਕਰਨ ਵਾਲੇ ਸ਼ੰਕਰ-ਜੈ ਕਿਸ਼ਨ ਉੱਥੇ ਸੰਗੀਤ ਵਿਭਾਗ ਦੇ ਮੁਖੀ ਰਾਮ ਗਾਂਗੁਲੀ ਦੇ ਅਧੀਨ ਕੰਮ ਕਰਦੇ ਸਨ ਜਿਸ ਨੇ ਰਾਜ ਦੀ ਪਹਿਲੀ ਫਿਲਮ ‘ਆਨ’ ਲਈ ਸਫਲ ਸੰਗੀਤ ਨਿਰਦੇਸ਼ਨ ਕੀਤਾ ਸੀ। ਸ਼ੰਕਰ-ਜੈ ਕਿਸ਼ਨ ਆਪਣੇ ਵੱਲੋਂ ਤਿਆਰ ਕੀਤੀਆਂ ਕਈ ਦਿਲਕਸ਼ ਧੁਨਾਂ ਰਾਜ ਕਪੂਰ ਨੂੰ ਸੁਣਾਉਣਾ ਚਾਹੁੰਦੇ ਸਨ, ਪਰ ਰਾਮ ਗਾਂਗੁਲੀ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੇ ਸਨ।
ਖ਼ੁਸ਼ਕਿਸਮਤੀ ਨਾਲ ਇੱਕ ਵਾਰ ਕਿਸੇ ਕੰਮ ਕਰਕੇ ਰਾਮ ਗਾਂਗੁਲੀ ਨੂੰ ਕੁੱਝ ਦਿਨਾਂ ਲਈ ਮੁੰਬਈ ਤੋਂ ਬਾਹਰ ਜਾਣਾ ਪੈ ਗਿਆ। ਮੌਕਾ ਮਿਲਦਿਆਂ ਹੀ ਸ਼ੰਕਰ-ਜੈ ਕਿਸ਼ਨ ਨੇ ਆਪਣੀਆਂ ਮਧੁਰ ਧੁਨਾਂ ਰਾਜ ਕਪੂਰ ਨੂੰ ਸੁਣਾਈਆਂ ਤਾਂ ਰਾਜ ਸਾਹਿਬ ਅਨੰਦਿਤ ਹੋ ਉੱਠੇ ਤੇ ਉਨ੍ਹਾਂ ਨੇ ਤੁਰੰਤ ਪੰਜ ਸੌ ਇੱਕ ਰੁਪਏ ਦੇ ਕੇ ਸ਼ੰਕਰ-ਜੈ ਕਿਸ਼ਨ ਨੂੰ ਆਪਣੀ ਫਿਲਮ ‘ਬਰਸਾਤ’ ਲਈ ਬਤੌਰ ਸੰਗੀਤ ਨਿਰਦੇਸ਼ਕ ਸਾਈਨ ਕਰ ਲਿਆ। ਆਪਣੇ ਦਿਲਕਸ਼ ਗੀਤ-ਸੰਗੀਤ ਕਰਕੇ ‘ਬਰਸਾਤ’ ਨੇ ਰਿਕਾਰਡ ਤੋੜ ਸਫਲਤਾ ਹਾਸਿਲ ਕੀਤੀ ਤੇ ਫਿਰ ‘ਮੇਰਾ ਨਾਮ ਜੋਕਰ’ ਜਿਹੀ ਜ਼ਬਰਦਸਤ ਸੰਗੀਤ ਵਾਲੀ ਫਿਲਮ ਤੱਕ ਸ਼ੰਕਰ-ਜੈ ਕਿਸ਼ਨ ਨੇ ਹੀ ਰਾਜ ਕਪੂਰ ਦੀ ਲਗਭਗ ਹਰ ਫ਼ਿਲਮ ਲਈ ਸੰਗੀਤ ਦਿੱਤਾ ਸੀ।
ਪ੍ਰਿਥਵੀ ਰਾਜ ਕਪੂਰ: ਸ਼ਾਹਕਾਰ ਫਿਲਮ ‘ਮੁਗ਼ਲੇ ਆਜ਼ਮ’ ਵਿੱਚ ਸ਼ਹਿਨਸ਼ਾਹ ਅਕਬਰ ਦੇ ਕਿਰਦਾਰ ਨੂੰ ਫਿਲਮੀ ਪਰਦੇ ’ਤੇ ਅਮਰ ਕਰ ਦੇਣ ਵਾਲੇ ਅਦਾਕਾਰ ਪ੍ਰਿਥਵੀ ਰਾਜ ਕਪੂਰ ਨੇ ਕਦੇ ਵੀ ਅਦਾਕਾਰ ਬਣਨ ਬਾਰੇ ਨਹੀਂ ਸੋਚਿਆ ਸੀ। 1906 ਵਿੱਚ ਪੇਸ਼ਾਵਰ ਵਿਖੇ ਵੱਸਦੇ ਪੁਲੀਸ ਇੰਸਪੈਕਟਰ ਬਸ਼ੇਸ਼ਰਨਾਥ ਕਪੂਰ ਦੇ ਘਰ ਜਨਮੇ ਪ੍ਰਿਥਵੀ ਰਾਜ ਕਪੂਰ ਦਾ ਵਿਆਹ 1923 ਵਿੱਚ ਰਮਾ ਦੇਵੀ ਨਾਲ ਹੋ ਗਿਆ ਸੀ ਤੇ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਹੋਇਆਂ ਉਸ ਨੇ ਕਾਨੂੰਨ ਦੀ ਪੜ੍ਹਾਈ ਹਿੱਤ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਇੱਥੇ ਹੀ ਰੰਗਮੰਚ ਲਈ ਕੰਮ ਕਰਦੇ ਕੁੱਝ ਲੜਕਿਆਂ ਨਾਲ ਉਸ ਦੀ ਦੋਸਤੀ ਹੋ ਗਈ ਤੇ ਦੋਸਤਾਂ ਦੀ ਸੰਗਤ ਦਾ ਰੰਗ ਕੁੱਝ ਅਜਿਹਾ ਚੜ੍ਹਿਆ ਕਿ ਪ੍ਰਿਥਵੀ ਰਾਜ ਨੇ ਪੜ੍ਹਾਈ-ਲਿਖਾਈ ਦੀ ਥਾਂ ਨਾਟਕਾਂ ਵਿੱਚ ਅਦਾਕਾਰੀ ਕਰਨ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਆਪਣੀ ਪਤਨੀ ਅਤੇ ਪੁੱਤਰ ਰਾਜ ਕਪੂਰ ਨੂੰ ਪੇਸ਼ਾਵਰ ਵਿਖੇ ਹੀ ਛੱਡ ਕੇ ਉਹ ਮੁੰਬਈ ਆਣ ਪੁੱਜਿਆ ਅਤੇ ਫਿਲਮਸਾਜ਼ ਆਰਦੇਸ਼ਹੀਰ ਇਰਾਨੀ ਦੀ ਫਿਲਮ ਕੰਪਨੀ ‘ਇੰਪੀਰੀਅਲ ਫਿਲਮਜ਼’ ਵਿੱਚ ਬਤੌਰ ‘ਐਕਸਟਰਾ ਕਲਾਕਾਰ’ ਭਰਤੀ ਹੋ ਗਿਆ।
ਮੁੰਬਈ ਦੇ ਫਾਰਸ ਰੋਡ ਜਿਹੇ ਗੰਦੇ ਇਲਾਕੇ ’ਚ ਕਿਰਾਏ ਦੇ ਇੱਕ ਕਮਰੇ ’ਚ ਰਹਿੰਦਿਆਂ ਹੋਇਆਂ ਉਸ ਨੇ ਫਿਲਮਾਂ ਵਿੱਚ ਕਈ ਛੋਟੀਆਂ ਤੇ ਘੱਟ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਤੇ ਅਖ਼ੀਰ 1929 ਵਿੱਚ ਫਿਲਮ ‘ਸਿਨੇਮਾ ਗਰਲ’ ਰਾਹੀਂ ਉਸ ਨੂੰ ਹੀਰੋ ਬਣਨ ਦਾ ਮੌਕਾ ਮਿਲਿਆ ਤੇ ਫਿਰ ਅਗਲੇ ਕਈ ਸਾਲ ਤੱਕ ਉਹ ਅਦਾਕਾਰੀ ਅਤੇ ਫਿਲਮ ਨਿਰਮਾਣ ਦੇ ਖੇਤਰ ਵਿੱਚ ਸਰਗਰਮ ਰਿਹਾ। ਇਹ ਵੀ ਕਿਸਮਤ ਦਾ ਹੀ ਗੇੜ ਸੀ ਕਿ ਵਕੀਲ ਬਣਨ ਵਾਲਾ ਇੱਕ ਸ਼ਖ਼ਸ ਅਦਾਕਾਰ ਬਣ ਗਿਆ ਤੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਆਪਣਾ ਨਾਂ ਸਦਾ ਲਈ ਅਮਰ ਕਰ ਗਿਆ।
ਅਸ਼ੋਕ ਕੁਮਾਰ: ਬੌਲੀਵੁੱਡ ਵਿੱਚ ਅਦਾਕਾਰ ਅਸ਼ੋਕ ਕੁਮਾਰ ਨੂੰ ਸਭ ਲੋਕ ‘ਦਾਦਾ ਮੁਨੀ’ ਆਖ ਕੇ ਪੁਕਾਰਦੇ ਸਨ। ਭਾਗਲਪੁਰ ਦੇ ਇੱਕ ਉੱਘੇ ਵਕੀਲ ਦੇ ਘਰ ਸੰਨ 1911 ਵਿੱਚ ਵੱਡੇ ਪੁੱਤਰ ਵਜੋਂ ਜਨਮੇ ਅਸ਼ੋਕ ਕੁਮਾਰ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਲਾਡਲਾ ਨਾਮਵਰ ਵਕੀਲ ਬਣੇ ਤੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਪਿਤਾ ਨੇ ਅਸ਼ੋਕ ਨੂੰ ਕਲਕੱਤਾ ਦੇ ਨਾਮਵਰ ਕਾਲਜ ਤੋਂ ਵਕਾਲਤ ਦੀ ਪੜ੍ਹਾਈ ਵੀ ਕਰਵਾਈ, ਪਰ ਕਿਸਮਤ ਨੂੰ ਤਾਂ ਕੁੱਝ ਹੋਰ ਹੀ ਮਨਜ਼ੂਰ ਸੀ। ਜੀਵਨ ਵਿੱਚ ਕੁੱਝ ਵੱਖਰਾ ਕਰਨ ਦੀ ਇੱਛਾ ਅਸ਼ੋਕ ਨੂੰ ਮੁੰਬਈ ਖਿੱਚ ਲਿਆਈ ਤੇ ਉਹ ‘ਬੰਬੇ ਟਾਕੀਜ਼’ ਨਾਮਕ ਮਸ਼ਹੂਰ ਕੰਪਨੀ ਦੇ ਕੈਮਰਾ ਸੰਕਲਨ ਵਿਭਾਗ ਵਿੱਚ ਬਤੌਰ ਤਕਨੀਸ਼ੀਅਨ ਕੰਮ ਕਰਨ ਲੱਗ ਪਿਆ। ਇੱਕ ਦਿਨ ਬੰਬੇ ਟਾਕੀਜ਼ ਦੇ ਮਾਲਕ ਹਿਮਾਂਸ਼ੂ ਰਾਏ ਅਦਾਕਾਰਾ ਦੇਵਿਕਾ ਰਾਣੀ ਨੂੰ ਲੈ ਕੇ ਫਿਲਮ ‘ਅਛੂਤ ਕੰਨਿਆ’ ਦੀ ਸ਼ੂਟਿੰਗ ਕਰ ਰਹੇ ਸਨ ਕਿ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਫਿਲਮ ਦਾ ਹੀਰੋ ਨਜ਼ਮਲ ਹੁਸੈਨ ਫਿਲਮ ਦੇ ਸੈੱਟ ’ਤੇ ਨਾ ਪੁੱਜਾ ਜਿਸ ਤੋਂ ਰਾਏ ਸਾਹਿਬ ਖ਼ਫ਼ਾ ਹੋ ਗਏ ਤੇ ਫਿਰ ਅਚਾਨਕ ਉਨ੍ਹਾਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਨ੍ਹਾਂ ਨੇ ਉੱਥੇ ਫਿਲਮ ਦੀਆਂ ਰੀਲਾਂ ਦਾ ਡੱਬਾ ਫੜ ਕੇ ਖੜ੍ਹੇ ਅਸ਼ੋਕ ਨੂੰ ਕਿਹਾ- ‘‘ਤੂੰ ਮੇਰੀ ਫਿਲਮ ’ਚ ਬਤੌਰ ਹੀਰੋ ਕੰਮ ਕਰੇਂਗਾ।’’ ਇਹ ਸੁਣ ਕੇ ਅਸ਼ੋਕ ਦੇ ਹੋਸ਼ ਉੱਡ ਗਏ ਤੇ ਉਸ ਨੇ ਕਿਹਾ, ‘‘ਜੀ... ਮੈਨੂੰ ਤਾਂ ਅਦਾਕਾਰੀ ਦੀ ਏ.ਬੀ.ਸੀ. ਵੀ ਨਹੀਂ ਆਉਂਦੀ।’’ ਹਿਮਾਂਸ਼ੂ ਰਾਏ ਨੇ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਫ਼ਿਕਰ ਨਾ ਕਰ...ਅਸੀਂ ਸਭ ਸਿਖਾ ਦਿਆਂਗੇ।’’ ਇੰਜ ਕਿਸਮਤ ਨੇ ਅਸ਼ੋਕ ਨੂੰ ‘ਅਛੂਤ ਕੰਨਿਆ’ ਦਾ ਹੀਰੋ ਬਣਾ ਦਿੱਤਾ ਤੇ ਇਹ ਫਿਲਮ ਆਪਣੇ ਵਿਸ਼ੇ ਅਤੇ ਅਦਾਕਾਰੀ ਕਰਕੇ ਬੇਹੱਦ ਸਫਲ ਰਹੀ। ਇਸ ਤੋਂ ਬਾਅਦ ਅਸ਼ੋਕ ਕੁਮਾਰ ਨੇ ਤਿੰਨ ਸੌ ਤੋਂ ਵੱਧ ਫਿਲਮਾਂ ਅਤੇ ਟੀ.ਵੀ. ਲੜੀਵਾਰਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ।
ਉਕਤ ਅਦਾਕਾਰਾਂ ਤੋਂ ਇਲਾਵਾ ਰਾਜ ਕੁਮਾਰ, ਸੁਨੀਲ ਦੱਤ, ਰਾਜੇਸ਼ ਖੰਨਾ, ਸੰਜੀਵ ਕੁਮਾਰ, ਸ਼ਤਰੂਘਨ ਸਿਨਹਾ, ਰਜਨੀਕਾਂਤ, ਕਮਲ ਹਸਨ, ਸ਼ੋਭਨਾ ਸਮਰੱਥ, ਦੁਰਗਾ ਖੋਟੇ, ਮਦਨ ਮੋਹਨ ਆਦਿ ਅਨੇਕਾਂ ਅਜਿਹੇ ਫ਼ਨਕਾਰ ਹਨ ਜਿਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਬੌਲੀਵੁੱਡ ਵਿੱਚ ਆਪਣੇ ਫ਼ਨ ਦੀ ਬਦੌਲਤ ਅਮਰ ਹੋ ਜਾਣਗੇ। ਇਹ ਲੋਕ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਹੋਏ ਕਿਸਮਤ ਵੱਲੋਂ ਬੌਲੀਵੁੱਡ ਵਿੱਚ ਖਿੱਚ ਲਿਆਂਦੇ ਗਏ ਤੇ ਅੱਜ ਦੁਨੀਆ ਇਨ੍ਹਾਂ ਦੇ ਫਨ ਨੂੰ ਸਿਜਦਾ ਕਰਦੀ ਹੈ। ਸੋ ਕੋਈ ਅਤਿਕਥਨੀ ਨਹੀਂ ਕਿ ਕਿਸਮਤ ਦਾ ਸਿੱਕਾ ਬੌਲੀਵੁੱਡ ਵਿੱਚ ਸਦਾ ਹੀ ਚੱਲਦਾ ਰਿਹਾ ਹੈ।
ਸੰਪਰਕ: 97816-46008