ਫਿਲਮਾਂ ਮੇਰਾ ਪਹਿਲਾ ਪਿਆਰ: ਰਾਜਪਾਲ ਯਾਦਵ
ਨਵੀਂ ਦਿੱਲੀ: ਦਹਾਕਾ ਪਹਿਲਾਂ ਤਕ ਅਦਾਕਾਰ ਰਾਜਪਾਲ ਯਾਦਵ ਨੂੰ ਉਸ ਦੇ ਹਾਸਰਸ ਭੂਮਿਕਾ ਕਰ ਕੇ ਜਾਣਿਆ ਜਾਂਦਾ ਸੀ। ਉਸ ਵੱਲੋਂ ਫਿਲਮ ‘ਭੂਲ ਭੁਲੱਈਆ’, ‘ਢੋਲ’, ‘ਹੰਗਾਮਾ’ ਵਿੱਚ ਨਿਭਾਏ ਕਿਰਦਾਰ ਕਰ ਕੇ ਦਰਸ਼ਕ ਅੱਜ ਵੀ ਉਸ ਦੀ ਅਦਾਕਾਰੀ ਨੂੰ ਯਾਦ ਕਰਦੇ ਹਨ। ਇਸੇ ਦੌਰਾਨ ਅਦਾਕਾਰ ਨੇ ਸਿਆਸਤ ਵਿੱਚ ਆਉਂਦਿਆਂ ਆਪਣੀ ਪਾਰਟੀ ‘ਸਰਵ ਸੰਭਵ ਪਾਰਟੀ’ (ਐੱਸਐੱਸਪੀ) ਬਣਾਈ ਸੀ। ਆਖ਼ਰ ਉਸ ਨੇ ਸਿਆਸਤ ਤੋਂ ਕਿਨਾਰਾ ਕਰਦਿਆਂ ਮੁੜ ਫਿਲਮਾਂ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। ਉਸ ਨੇ ਕਿਹਾ ਕਿ ਉਸ ਦਾ ਪਹਿਲਾ ਪਿਆਰ ਫਿਲਮਾਂ ਹਨ। ਇੰਟਰਵਿਊ ਦੌਰਾਨ ਅਦਾਕਾਰ ਨੇ ਕਿਹਾ ਕਿ ਉਸ ਨੇ ਆਪਣੇ ਸਿਆਸੀ ਸਫ਼ਰ ’ਤੇ ਨਜ਼ਰ ਮਾਰੀ ਤਾਂ ਉਸ ਨੇ ਵਾਤਾਵਰਨ ਸੰਭਾਲ ਅਤੇ ਆਲਮੀ ਤਪਸ਼ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪਹਿਲਕਦਮੀਆਂ ਦੇ ਆਧਾਰ ’ਤੇ ਵੋਟ ਰਾਜਨੀਤੀ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ ਕਿ ਸਾਲ 2019 ਵਿੱਚ ਉਸ ਨੇ ਸਿਆਸਤ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਅਦਾਕਾਰ ਨੇ ਕਿਹਾ ਕਿ ਉਸ ਨੂੰ ਜਲ, ਜੰਗਲ, ਜ਼ਮੀਨ, ਵਾਤਾਵਰਨ ਤੇ ਪਹਾੜਾਂ ਨਾਲ ਬਹੁਤ ਪਿਆਰ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਤਾਵਰਨ ਸੰਭਾਲ ਲਈ ਵੱਡੀ ਮੁਹਿੰਮ ਤਹਿਤ ਲੋਕਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਮਗਰੋਂ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਵੱਲ ਮੁੜ ਧਿਆਨ ਕੇਂਦਰਿਤ ਕੀਤਾ ਸੀ। ਅਦਾਕਾਰ ਨੇ ਕਿਹਾ ਕਿ ਸਿਆਸਤ ਤੇ ਫਿਲਮਾਂ ਦੋਵੇਂ ਸਮਾਂ ਅਤੇ ਧਿਆਨ ਦੀ ਮੰਗ ਕਰਦੀਆਂ ਹਨ ਤੇ ਕਲਾ ਉਸ ਦੀ ਪਹਿਲੀ ਪਸੰਦ ਹੈ। ਉਸ ਨੇ ਕਿਹਾ ਕਿ ਫਿਲਮਾਂ ਵਿੱਚ ਉਹ ਵਧੇਰੇ ਸੌਖਾ ਮਹਿਸੂਸ ਕਰਦਾ ਹੈ। -ਏਐੱਨਆਈ