ਫਾਇਰ ਸਟੇਸ਼ਨ ਦੇ ਬਾਹਰ ਕਾਮਿਆਂ ਦੇ ਨਾਅਰੇ ਗੂੰਜੇ
ਦਵਿੰਦਰ ਸਿੰਘ
ਯਮੁਨਾਨਗਰ, 4 ਮਾਰਚ
ਨਗਰ ਪਾਲਿਕਾ ਕਰਮਚਾਰੀ ਸੰਘ ਹਰਿਆਣਾ ਸ਼ਾਖਾ ਅਤੇ ਹਰਿਆਣਾ ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਦੇ ਸੱਦੇ ’ਤੇ, ਜ਼ਿਲ੍ਹੇ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੁੱਖ ਫਾਇਰ ਸਟੇਸ਼ਨ ’ਤੇ ਗੇਟ ਮੀਟਿੰਗ ਕੀਤੀ ਅਤੇ ਇਸ ਦੌਰਾਨ ਮੁਜ਼ਾਹਰਾ ਕੀਤਾ। ਮਗਰੋਂ ਕਰਮਚਾਰੀਆਂ ਨੇ ਮਾਲ ਅਤੇ ਆਫ਼ਤ ਪ੍ਰਬੰਧਨ ਅਤੇ ਸਥਾਨਕ ਸਰਕਾਰਾਂ ਵਿਭਾਗ ਮੰਤਰੀ ਵਿਪੁਲ ਗੋਇਲ, ਪ੍ਰਮੁੱਖ ਸਕੱਤਰ ਮਾਲ ਅਤੇ ਆਫ਼ਤ ਪ੍ਰਬੰਧਨ, ਸਥਾਨਕ ਸਰਕਾਰਾਂ ਵਿਭਾਗ ਹਰਿਆਣਾ ਚੰਡੀਗੜ੍ਹ ਅਤੇ ਡਾਇਰੈਕਟਰ ਜਨਰਲ ਫਾਇਰ ਡਿਪਾਰਟਮੈਂਟ ਹਰਿਆਣਾ ਦੇ ਨਾਮ ਸਟੇਸ਼ਨ ਇੰਚਾਰਜ ਰਾਜੀਵ ਕੁਮਾਰ ਨੂੰ ਆਉਣ ਵਾਲੇ ਅੰਦੋਲਨਾਂ ਦਾ ਨੋਟਿਸ ਅਤੇ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ । ਧਰਨਾ ਪ੍ਰਦਰਸ਼ਨ ਦੀ ਪ੍ਰਧਾਨਗੀ ਕਰ ਰਹੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਭਾਰਦਵਾਜ ਨੇ ਹਰਿਆਣਾ ਸਰਕਾਰ ’ਤੇ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਨਾਪੱਖੀ ਰਵਈਏ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸੂਬੇ ਦੇ ਕਰਮਚਾਰੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਯੂਨੀਅਨ ਦੇ ਵਫ਼ਦ ਨਾਲ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ ਪਰ ਗੱਲਬਾਤ ਵਿੱਚ ਕੋਈ ਹੱਲ ਨਹੀਂ ਨਿਕਲਿਆ। ਇਸ ਕਾਰਨ ਕਰਮਚਾਰੀਆਂ ਵਿੱਚ ਰੋਹ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀ 18 ਮਾਰਚ ਨੂੰ ਡਾਇਰੈਕਟਰ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਹਰਿਆਣਾ ਪੰਚਕੂਲਾ ਵਿੱਚ ਇੱਕ ਸਮੂਹਿਕ ਡੈਪੂਟੇਸ਼ਨ ਪ੍ਰਦਰਸ਼ਨ ਕਰਨਗੇ।
ਮਗਰੋਂ ਜੇ ਮੰਗਾਂ ਅਤੇ ਸਮੱਸਿਆਵਾਂ ਦਾ ਕੋਈ ਹੱਲ ਨਾ ਹੋਇਆ ਤਾਂ ਸੂਬੇ ਭਰ ਦੇ ਫਾਇਰ ਬ੍ਰਿਗੇਡ ਅਤੇ ਨਗਰ ਨਿਗਮ ਕਰਮਚਾਰੀ 30 ਮਾਰਚ ਨੂੰ ਇਕੱਠੇ ਹੋਣਗੇ ਅਤੇ ਮਾਲ ਅਤੇ ਆਫ਼ਤ ਪ੍ਰਬੰਧਨ ਅਤੇ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਦੇ ਗ੍ਰਹਿ ਜ਼ਿਲ੍ਹਾ ਫਰੀਦਾਬਾਦ ਸਥਿਤ ਨਿਵਾਸ ਦਾ ਘਿਰਾਓ ਕਰਨਗੇ। ਸੰਗਠਨ ਸਕੱਤਰ ਸੰਤੋਸ਼ ਕੁਮਾਰ ਅਤੇ ਯੂਨਿਟ ਸਕੱਤਰ ਰਿੰਕੂ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਨੌਕਰੀ ਸੁਰੱਖਿਆ ਦੇ ਐਲਾਨ ਦੇ ਬਾਵਜੂਦ, ਆਰਜ਼ੀ ਫਾਇਰ ਕਰਮਚਾਰੀਆਂ ਨੂੰ ਨੀਤੀ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸੀਆਈਟੀਯੂ ਜ਼ਿਲ੍ਹਾ ਸਕੱਤਰ ਸ਼ਰਬਤੀ, ਰਿਟਾਇਰਡ ਐਸੋਸੀਏਸ਼ਨ ਤੋਂ ਤੀਰਥ ਰਾਮ ਰਿਸ਼ੀ, ਜਰਨੈਲ ਚਨਾਲੀਆ, ਨਗਰਪਾਲਿਕਾ ਵਿਭਾਗ ਤੋਂ ਜਨਰਲ ਸਕੱਤਰ ਮਾਂਗੇ ਰਾਮ ਤਿਗਰਾ, ਯੂਨਿਟ ਪ੍ਰਧਾਨ ਪਪਲਾ, ਸਕੱਤਰ ਰਮੇਸ਼ ਕੁਮਾਰ, ਜੀਤੋ ਅਤੇ ਕਮਲੇਸ਼, ਮਕੈਨੀਕਲ ਵਿਭਾਗ ਤੋਂ ਕਿਸ਼ੋਰ ਕੁਮਾਰ, ਮੇਵਾਰਾਮ, ਫਾਇਰ ਬ੍ਰਿਗੇਡ ਵਿਭਾਗ ਤੋਂ ਯੂਨਿਟ ਮੁਖੀ ਵੀਰੇਂਦਰ, ਵਿੱਕੀ ਵਾਲੀਆ, ਵਿਸ਼ਾਲ, ਰਾਜੇਸ਼, ਕਮਲਜੀਤ, ਸੁਸ਼ੀਲ ਰਿਸ਼ੀ, ਵਿਨੋਦ ਕੁਮਾਰ, ਸੁਸ਼ੀਲ ਕੁਮਾਰ ਮੌਜੂਦ ਸਨ ।