For the best experience, open
https://m.punjabitribuneonline.com
on your mobile browser.
Advertisement

ਫ਼ੌਜੀ ਟਕਰਾਅ ਦੇ ਨਵੇਂ ਨੇਮ

04:54 AM May 16, 2025 IST
ਫ਼ੌਜੀ ਟਕਰਾਅ ਦੇ ਨਵੇਂ ਨੇਮ
Advertisement
ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸਐੱਸ ਮਹਿਤਾ
Advertisement

ਦਰਅਸਲ, ਅਪਰੇਸ਼ਨ ਸਿੰਧੂਰ ਨੂੰ ਅਚਾਨਕ ਖ਼ਤਮ ਕਰਨ ਦਾ ਫ਼ੈਸਲਾ ਬਿੱਜ ਡਿੱਗਣ ਵਰਗੀ ਜਾਂ ਫਿਰ ਸਿਲੇਬਸ ਤੋਂ ਬਾਹਰੋਂ ਆਏ ਸਵਾਲ ਵਰਗੀ ਘਟਨਾ ਸੀ! ਇਹ ਚੰਗੀ ਗੱਲ ਹੈ ਕਿ ਪੂਰੀ-ਸੂਰੀ ਜੰਗ ਟਲ ਗਈ ਹੈ ਅਤੇ ਕਿਸੇ ਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਗੋਲੀਬੰਦੀ ਦੀਆਂ ਖ਼ਿਲਾਫ਼ਵਰਜ਼ੀਆਂ ਨਹੀਂ ਹੋਣਗੀਆਂ। ਹਾਲਾਂਕਿ ਸਾਡੀਆਂ ਸਰਹੱਦਾਂ ’ਤੇ ਹਥਿਆਰਬੰਦ ਦਸਤਿਆਂ ਵੱਲੋਂ ਮੁਸਤੈਦ ਨਜ਼ਰ ਰੱਖੀ ਜਾ ਰਹੀ ਹੈ ਪਰ ਇਸ ਮੁਤੱਲਕ ਫੌਰੀ ਚਰਚਾ ਤੋਂ ਕੁਝ ਸਬਕ ਲਏ ਜਾ ਸਕਦੇ ਹਨ।
ਪਾਕਿਸਤਾਨ ਦੀ ਲੀਡਰਸ਼ਿਪ ਦੀਆਂ ਸੱਜਰੀਆਂ ਭੜਕਾਹਟ ਭਰੀਆਂ ਕਾਰਵਾਈਆਂ ਰਣਨੀਤਕ ਨਹੀਂ ਸਗੋਂ ਸੰਕੇਤਕ ਹਨ: ਭਾਵ, ਪਛਾਣੀ ਸੁਰ ਵਿੱਚ ਦਿੱਤਾ ਭਾਸ਼ਣ ਨੀਤੀਗਤ ਘੱਟ ਅਤੇ ਕਾਰਗੁਜ਼ਾਰੀ ਵਾਲਾ ਜ਼ਿਆਦਾ ਸੀ ਜਿਸ ਵਿੱਚ ਸ਼ਿਕਵਿਆਂ, ਇਤਿਹਾਸਕ ਨਾ-ਇਨਸਾਫ਼ੀਆਂ ਦਾ ਦੁਹਰਾਓ ਅਤੇ ਵਿਚਾਰਧਾਰਕ ਖ਼ਤਰੇ ਦਾ ਪੁੱਠ ਸ਼ਾਮਿਲ ਸੀ ਪਰ ਬੁਨਿਆਦੀ ਰੂਪ ਵਿੱਚ ਕੁਝ ਬਦਲ ਗਿਆ ਹੈ: ਦੁਨੀਆ ਨੇ ਸੁਣਨਾ ਬੰਦ ਕਰ ਦਿੱਤਾ ਹੈ।
ਭਾਰਤ ਨੇ ਵੀ ਇਸ ਦਾ ਹੁੰਗਾਰਾ ਨਹੀਂ ਭਰਿਆ। ਕੋਈ ਗੁੱਸਾ ਜਾਂ ਜਨੂੰਨ ਨਹੀਂ ਪਰ ਚੁੱਪ ਦੀ ਆਵਾਜ਼ ਖੰਡਨ ਨਾਲੋਂ ਭਾਰੀ ਹੋ ਗਈ। ਜਿੱਥੋਂ ਤੱਕ ਨਵੀਂ ਦਿੱਲੀ ਦਾ ਤਾਅਲੁਕ ਹੈ, ਇਹ ਪ੍ਰਤੀਕਿਰਿਆ ਦੇਣ ਦਾ ਸਮਾਂ ਨਹੀਂ ਸੀ ਸਗੋਂ ਖ਼ੁਲਾਸਾ ਕਰਨ ਦਾ ਸੀ; ਇਹ ਕਿ ਪਾਕਿਸਤਾਨ ਕਿਸੇ ਸਮੇਂ ਸਟੇਟ/ਰਿਆਸਤ ਸੀ ਜੋ ਹੁਣ ਲੀਗ ਬਣ ਗਈ ਹੈ; ਭਟਕਾਅ ਦੀ ਲੀਗ ਜਿੱਥੇ ਕੁਝ ਲੋਕ ਅਰਾਜਕਤਾ ਅਤੇ ਟਕਰਾਅ ਦੀ ਬੋਲੀ ਬੋਲਦੇ ਹਨ ਜਦੋਂਕਿ ਬਹੁਤੇ ਲੋਕ ਸਥਿਰਤਾ ਅਤੇ ਗ਼ੈਰਤ ਦੀ ਤਮੰਨਾ ਰੱਖਦੇ ਹਨ।
ਚੰਗਿਆੜੀ ਜੋ ਬੁਝ ਗਈ: ਕਸ਼ਮੀਰ ਦਾ ਮੋੜਵਾਂ ਜਵਾਬ
ਜੇ ਕਸ਼ਮੀਰ ਵਿੱਚ ਬਦਅਮਨੀ ਫੈਲਾਉਣ ਦਾ ਇਰਾਦਾ ਸੀ ਤਾਂ ਇਸ ਦਾ ਜਵਾਬ ਬਹੁਤ ਹੀ ਧਰਵਾਸ ਦੇਣ ਵਾਲਾ ਰਿਹਾ। ਪਹਿਲਗਾਮ ਅਤੇ ਸਮੁੱਚੀ ਕਸ਼ਮੀਰ ਵਾਦੀ ਅੰਦਰ ਕੋਈ ਬਦਅਮਨੀ ਨਹੀਂ ਦਿਸੀ, ਕੋਈ ਗੁੱਸੇ ਭਰੀ ਭੀੜ ਨਹੀਂ ਸੀ, ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਸੀ। ਇਸ ਦੀ ਬਜਾਏ ਭੜਕਾਹਟ ਦੀ ਥਾਂ ਰੋਜ਼ਮੱਰਾ ਜੀਵਨ ਜਾਰੀ ਰਿਹਾ। ਲੋਕਾਂ ਨੇ ਭੜਕਾਹਟ ਦਿਖਾਉਣ ਦੀ ਬਜਾਇ ਚੁੱਪ ਰਹਿ ਕੇ ਠਰੰਮਾ ਦਿਖਾਇਆ।
ਇਹ ਭਾਰਤ ਲਈ ਸੱਟ ਸੀ।
ਉਹ ਭਾਰਤ ਦਾ ਪਹਿਲਾ ਅਤੇ ਸਭ ਤੋਂ ਗਹਿਰਾ ਜਵਾਬ ਸੀ; ਪੰਡਾਲਾਂ ਤੋਂ ਨਹੀਂ ਸਗੋਂ ਸੜਕਾਂ ਦੀਆਂ ਪਗਡੰਡੀਆਂ ਤੋਂ। ਭਾਸ਼ਣਾਂ ਨਾਲ ਨਹੀਂ ਸਗੋਂ ਸ਼ਾਂਤਚਿੱਤ। ਭਾਰਤ ਦੀ ਮਜ਼ਬੂਤੀ ਇਸ ਦੀ ਵੰਨ-ਸਵੰਨਤਾ ਦੀ ਇਕਜੁੱਟਤਾ ਵਿੱਚ ਪਈ ਹੈ ਜਿਵੇਂ ਕੰਨਿਆਕੁਮਾਰੀ ਹੋਵੇ ਜਾਂ ਕੋਹਿਮਾ, ਸੰਵਿਧਾਨ ਇਕਮੁੱਠਤਾ ਦੀ ਜ਼ਾਮਨੀ ਦਿੰਦਾ ਹੈ। ਹਥਿਆਰਬੰਦ ਦਸਤਿਆਂ ਨੇ ਇਸ ਦੀ ਤਰਜਮਾਨੀ ਕੀਤੀ। ਲੋਕਾਂ ਨੇ ਇਸ ਨੂੰ ਬੁਲੰਦ ਕੀਤਾ। ਭਾਰਤ ਦੀ ਅਨੇਕਤਾ ਵਿੱਚ ਏਕਤਾ ਕਮਜ਼ੋਰੀ ਨਹੀਂ ਸਗੋਂ ਰਣਨੀਤਕ ਸਿਧਾਂਤ ਹੈ। ਵੰਡ ਦੇ ਸੱਦੇ ਦਾ ਜਵਾਬ ਨਾਅਰੇਬਾਜ਼ੀ ਨਾਲ ਨਹੀਂ ਸਗੋਂ ਸਦੀਵੀ ਸੱਚ ਨਾਲ ਦਿੱਤਾ ਗਿਆ: ਭਾਰਤ ਵਿੱਚ ਅਨੇਕਤਾ ਹੈ, ਫਿਰ ਵੀ ਇਹ ਇੱਕ ਹੈ।
ਤਮਾਸ਼ੇ ਤੋਂ ਬਿਨਾਂ ਸਟੀਕਤਾ
ਮਾਈਕ੍ਰੋਫੋਨਾਂ ’ਤੇ ਹਾਲਾਂਕਿ ਸ਼ਬਦਾਂ ਦੀ ਗੂੰਜ ਸੁਣਾਈ ਦਿੱਤੀ ਸੀ ਪਰ ਭਾਰਤ ਨੇ ਚੁੱਪ-ਚਾਪ, ਸਟੀਕ ਢੰਗ ਨਾਲ ਅਤੇ ਹੰਗਾਮਾ ਕੀਤੇ ਬਿਨਾਂ ਕਾਰਵਾਈ ਕੀਤੀ। ਅਸਲ ਕੰਟਰੋਲ ਰੇਖਾ ਤੋਂ ਪਾਰ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਉੱਪਰ ਹਮਲਿਆਂ ਦਾ ਕੋਈ ਜ਼ੋਰ-ਸ਼ੋਰ ਨਾਲ ਐਲਾਨ ਨਹੀਂ ਕੀਤਾ ਗਿਆ। ਬਹੁਤ ਸੋਚ ਵਿਚਾਰ, ਕਾਰਗਰ ਅਤੇ ਮਨੋਰਥ ਸਿੱਧੀ ਨਾਲ ਹਮਲੇ ਕੀਤੇ।
ਫਿਰ ਵੀ, ਕੌਮਾਂਤਰੀ ਪ੍ਰਤੀਕਰਮ ਖ਼ਾਮੋਸ਼ੀ ਵਾਲਾ ਸੀ।
ਪਾਕਿਸਤਾਨ ਉੱਪਰ ਸੰਯੁਕਤ ਰਾਸ਼ਟਰ ਵੱਲੋਂ ਸੂਚੀਦਰਜ ਦਹਿਸ਼ਤਗਰਦਾਂ ਨੂੰ ਪਨਾਹ ਦੇਣ, ਉਨ੍ਹਾਂ ਦੀਆਂ ਲਾਸ਼ਾਂ ਨੂੰ ਫ਼ੌਜੀ ਰੰਗਾਂ ਵਿੱਚ ਲਪੇਟਣ ਅਤੇ ਰਾਜਕੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕਰਨ ਤੋਂ ਕੋਈ ਖਫ਼ਗੀ ਨਹੀਂ ਦਿਖਾਈ ਗਈ। ਕਿਸੇ ਪ੍ਰੈੱਸ ਕਾਨਫਰੰਸ ਵਿੱਚ ਇਹ ਸਵਾਲ ਨਹੀਂ ਪੁੱਛਿਆ ਗਿਆ ਕਿ ਆਲਮੀ ਤੌਰ ’ਤੇ ਹਤਿਆਰਿਆਂ ਵਜੋਂ ਨਾਮਜ਼ਦ ਵਿਅਕਤੀਆਂ ਨੂੰ ਸਰਕਾਰੀ ਸਨਮਾਨ ਕਿਉਂ ਦਿੱਤਾ ਗਿਆ? ਇੱਕ ਵਾਰ ਫਿਰ ਆਲਮੀ ਨਿਜ਼ਾਮ ਆਪਣੀ ਪਰਖ ’ਤੇ ਅਸਫਲ ਸਿੱਧ ਹੋਇਆ।
ਬਹਰਹਾਲ, ਭਾਰਤ ਨੂੰ ਵਾਹ-ਵਾਹ ਦੀ ਤਵੱਕੋ ਨਹੀਂ ਸੀ। ਇਸ ਦਾ ਨਿਸ਼ਾਨਾ ਆਪਣਾ ਇਖ਼ਲਾਕੀ ਮੁਕਾਮ ਉੱਚਾ ਰੱਖਣਾ ਨਹੀਂ ਸੀ ਸਗੋਂ ਡਰ ਪੈਦਾ ਕਰਨਾ ਸੀ ਤੇ ਸੰਦੇਸ਼ ਬਹੁਤ ਸਾਫ਼ ਸੀ: ਭਾਰਤੀ ਪੈਮਾਨਾ ਤਬਦੀਲ ਹੋ ਗਿਆ ਹੈ। ਹੁਣ ਬਿਨਾਂ ਕਿਸੇ ਸ਼ੋਰ ਦੇ ਪ੍ਰਤੀਕਰਮ ਆਵੇਗਾ ਤੇ ਇਹ ਵਜ਼ਨਦਾਰ ਹੋਵੇਗਾ।
ਭਾਰਤ ਦੀਆਂ ਸ਼ਰਤਾਂ ’ਤੇ ਤਣਾਅ ਤੇ ਤਣਾਅ ਘਟਾਈ
ਪਾਕਿਸਤਾਨ ਦੀ ਪ੍ਰਤੀਕਿਰਿਆ ਇਸ ਦੇ ਰਵਾਇਤੀ ਢੰਗ ਨਾਲ ਹੋਈ: ਮਿਜ਼ਾਇਲਾਂ, ਡਰੋਨ, ਚਿਤਾਵਨੀਆਂ। ਜ਼ਿਆਦਾਤਰ ਨਿਸ਼ਾਨੇ ਤੋਂ ਖੁੰਝ ਗਈਆਂ ਅਤੇ ਬਾਕੀਆਂ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਨਾਲ ਦੂਜੀ ਪ੍ਰਤੀਕਿਰਿਆ ਹੋਈ ਜੋ ਬੱਝਵੀਂ ਪਰ ਨੁਕਸ ਰਹਿਤ ਸੀ। ਨਾ ਕੇਵਲ ਦਹਿਸ਼ਤਗਰਦ ਕੈਂਪ ਸਗੋਂ ਹਵਾਈ ਅੱਡਿਆਂ ਨੂੰ ਅੰਨ੍ਹੇਵਾਹ ਹੀ ਨਹੀਂ ਸਗੋਂ ਗਿਣ-ਮਿੱਥ ਕੇ ਨਿਸ਼ਾਨਾ ਬਣਾਇਆ। ਇਹ ਮਹਿਜ਼ ਤਣਾਅ ਵਧਾਉਣ ਲਈ ਤਣਾਅ ਨਹੀਂ ਸੀ, ਇਹ ਸਿਧਾਂਤਕ ਕਾਰਵਾਈ ਸੀ। ਸਟੀਕਤਾ ਨੇ ਕਾਬਲੀਅਤ, ਮਨਸ਼ਾ ਤੇ ਧੀਰਜ ਦਾ ਸੰਚਾਰ ਕੀਤਾ। ਇਸ ਨੇ ਦੁੱਖ ਦਿੱਤਾ।... ਤੇ ਇਹ ਕਾਰਆਮਦ ਹੋਈ।
ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓਜ਼) ਨੇ ਪਹੁੰਚ ਕੀਤੀ, ਸ਼ਰਮਿੰਦਾ ਹੋ ਕੇ ਨਹੀਂ, ਤਣਾਅ ਘਟਾਉਣ ਲਈ। ਭਾਰਤ ਨੇ ਇਹ ਪ੍ਰਵਾਨ ਕਰ ਲਈ, ਕੋਈ ਰਿਆਇਤ ਨਹੀਂ ਦਿੱਤੀ ਗਈ ਸਗੋਂ ਕੰਟਰੋਲ ਦੇ ਤੌਰ ’ਤੇ। ਇਸ ਮੌਕੇ ਦੀ ਕੋਰੀਓਗ੍ਰਾਫੀ ਬਹੁਤ ਜ਼ਬਰਦਸਤ ਸੀ: ਕੋਈ ਜੰਗੀ ਜਨੂੰਨ ਨਹੀਂ ਸਗੋਂ ਸੋਚੇ ਵਿਚਾਰੇ ਸਿੱਟੇ ਦੇ ਰੂਪ ਵਜੋਂ।
ਇਹ ਹਮੇਸ਼ਾ ਸੋਚ ਵਿਚਾਰ ਅਤੇ ਬਹਿਸ ਦਾ ਖੇਤਰ ਰਿਹਾ ਹੈ, ਕੀ ਇਹ ਹੋਣਾ ਚਾਹੀਦਾ ਸੀ ਜਾਂ ਕੀ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਟਕਰਾਅ ਦਾ ਖਾਤਮਾ ਕਦੇ ਵੀ ਸੌਖਾ ਫ਼ੈਸਲਾ ਨਹੀਂ ਹੁੰਦਾ। ਅਮੂਮਨ, ਦਰਸ਼ਕਾਂ ਨੂੰ ਸਿਆਸੀ ਉਦੇਸ਼ਾਂ ਬਾਰੇ ਗਿਆਨ ਨਹੀਂ ਹੁੰਦਾ ਜਿਸ ਕਰ ਕੇ ਇਸ ਤੋਂ ਬਾਅਦ ਬਹਿਸ ਹੋ ਜਾਂਦੀ ਹੈ। ਇਸ ਦੇ ਪ੍ਰਤੀਕਰਮ ਦੇ ਤੌਰ ’ਤੇ ਭਾਰਤ ਨੇ ਨਵੀਂਆਂ ਲਾਲ ਰੇਖਾਵਾਂ ਵਾਹੀਆਂ ਹਨ। ਉਨ੍ਹਾਂ ਦਾ ਐਲਾਨ ਕਰਨ ਦੀ ਲੋੜ ਨਹੀਂ ਹੈ- ਉਹ ਵਿਹਾਰਕ ਰੂਪ ਵਿੱਚ ਦ੍ਰਿਸ਼ਮਾਨ ਹੁੰਦੀਆਂ ਹਨ। ਸੰਦੇਸ਼ ਇਹ ਸੀ ਕਿ ਭਾਰਤ ਜੰਗ ਸ਼ੁਰੂ ਨਹੀਂ ਕਰੇਗਾ ਪਰ ਇਹ ਪਰਿਭਾਸ਼ਤ ਕਰੇਗਾ ਕਿ ਇਹ ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਖ਼ਤਮ ਹੋਵੇਗੀ।
ਰਣਨੀਤਕ ਸਿਆਣਪ ਹੀ ਅਸਲੀ ਰੋਕਥਾਮ
ਇਹ ਅਚਾਨਕ ਭੜਕਣ ਜਿਹਾ ਨਹੀਂ ਸੀ। ਇਹ ਪਰਖ ਸੀ, ਭਾਰਤ ਨੇ ਆਪਣਾ ਜਵਾਬ ਜ਼ਿਕਰਯੋਗ ਢੰਗ ਨਾਲ ਪਰਖਿਆ।
ਪ੍ਰਤੀਕਿਰਿਆਤਮਕ ਕ੍ਰੋਧ ਦੇ ਦਿਨ ਗਏ। ਇਸ ਦੀ ਜਗ੍ਹਾ ਨਪੀ-ਤੁਲੀ ਤਾਕਤ ਨੇ ਲੈ ਲਈ ਹੈ। ਹੱਲਾ ਜਦੋਂ ਲੋੜ ਪਵੇ। ਜਦੋਂ ਲੱਗੀ ਸੱਟ ਸਵੀਕਾਰੀ ਜਾਵੇ, ਰੁਕ ਜਾਓ। ਨਾਟਕਬਾਜ਼ੀ ਨਹੀਂ; ਸਿੱਧ ਕਰਨ ਦੀ ਲੋੜ ਨਹੀਂ।
ਕਿਸ ਚੀਜ਼ ਨੇ ਇਹ ਤਬਦੀਲੀ ਲਿਆਂਦੀ?
ਸਮਰੱਥਾ ਨੇ, ਬਿਲਕੁਲ- ਭਾਰਤ ਕੋਲ ਅੱਜ ਫੌਰੀ ਬਦਲ ਮੌਜੂਦ ਹਨ ਪਰ ਉਸ ਤੋਂ ਵੀ ਜ਼ਿਆਦਾ, ਸਪੱਸ਼ਟਤਾ। ਝੂਠੇ ਦਵੰਦਾਂ ਲਈ ਕੋਈ ਜਗ੍ਹਾ ਨਹੀਂ। ਸੰਵਾਦ ਤੇ ਦਹਿਸ਼ਤ ਨਾਲੋ-ਨਾਲ ਨਹੀਂ ਚੱਲ ਸਕਦੇ। ਸਪੱਸ਼ਟ ਜਮਹੂਰੀਅਤ ਤੇ ਸਰਕਾਰੀ ਸ਼ਹਿ ਪ੍ਰਾਪਤ ਦਹਿਸ਼ਤੀ ਗੱਠਜੋੜ ਵਿਚਾਲੇ ਕੋਈ ‘ਨੈਤਿਕ ਸਮਾਨਤਾ’ ਨਹੀਂ ਹੋ ਸਕਦੀ।
ਇਹ ਪਰਪੱਕਤਾ ਅਚਾਨਕ ਨਹੀਂ ਆਈ। ਇਹ ਸੰਸਥਾਈ ਸੁਧਾਰ, ਸਿਵਲ-ਫ਼ੌਜੀ ਸੰਜੋਗ ਤੇ ਰਾਸ਼ਟਰੀ ਸਪੱਸ਼ਟਤਾ ਦਾ ਨਤੀਜਾ ਹੈ। ਭਾਰਤ ਜੰਗ ਨਹੀਂ ਚਾਹੁੰਦਾ ਪਰ ਇਹ ਵਧਣ ਤੋਂ ਵੀ ਨਹੀਂ ਡਰਦਾ। ਇਸ ਨੂੰ ਸੋਚੀ-ਸਮਝੀ ਰੋਕਥਾਮ ਕਹਿੰਦੇ ਹਨ।
ਇਸ ਤੋਂ ਉਲਟ ਪਾਕਿਸਤਾਨ ਦਾ ਅੰਦਰੂਨੀ ਪਤਨ ਜ਼ਾਹਿਰ ਹੋ ਚੁੱਕਾ ਹੈ। ਇਸ ਦਾ ਪਰਮਾਣੂ ਬਲੈਕਮੇਲ ਹੁਣ ਸਿਰਫ਼ ਬਲੈਕਮੇਲ ਹੈ, ਰੋਕਥਾਮ ਨਹੀਂ। ਸੰਸਾਰ ਇਸ ਨੂੰ ਦੇਖਦਾ ਹੈ। ਜੇ ਇਹ ਅਜਿਹਾ ਨਹੀਂ ਵੀ ਕਹਿੰਦਾ ਤਾਂ ਭਾਰਤੀ ਪ੍ਰਧਾਨ ਮੰਤਰੀ ਨੇ ਤਾਂ ਬਲੈਕਮੇਲ ਦਾ ਸਿੱਧਾ ਨਾਂ ਲਿਆ ਹੈ ਤੇ ਦਹਿਸ਼ਤੀ ਹਮਲੇ ਨੂੰ ਜੰਗ ਲਾਉਣ ਦਾ ਕਾਰਾ ਗਰਦਾਨਿਆ ਹੈ।
ਗੱਠਜੋੜ ਜੋ ਖ਼ੁਦ ਨੂੰ ਹੀ ਖਾ ਰਿਹੈ
ਪਾਕਿਸਤਾਨ ਦੀ ਤਰਾਸਦੀ ਇਸ ਦੀ ਫ਼ੌਜ ਨਹੀਂ - ਇਹ ਇਸ ਦੇ ਲੋਕਾਂ ਦੀ ਚੁੱਪ, ਲਾਚਾਰੀ ਤੇ ਬੇਵਸੀ ਹੈ। ਮੁਲਕ ਜਿੱਥੇ ਉਦਾਰਵਾਦੀ ਆਵਾਜ਼ਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ, ਵਿਰੋਧ ਦਾ ਅਪਰਾਧੀਕਰਨ ਹੁੰਦਾ ਹੈ ਤੇ ਸਚਾਈ ਨੂੰ ਦੇਸ਼ਧ੍ਰੋਹ ਬਣਾ ਦਿੱਤਾ ਜਾਂਦਾ ਹੈ। ਸੂਝਵਾਨ ਪੀੜ ਸਹਿੰਦੇ ਹਨ ਤੇ ਕਮ-ਅਕਲ ਰਣਨੀਤੀਆਂ ਘੜਦੇ ਹਨ ਅਤੇ ਕੌਮਾਂਤਰੀ ਭਾਈਚਾਰਾ, ਆਪਣੀਆਂ ਵਿੱਤੀ ਸੰਸਥਾਵਾਂ ਤੇ ਕੰਮ-ਚਲਾਊ ਬਿਆਨਬਾਜ਼ੀ ਨਾਲ ਇਸ ਨਪੁੰਸਕਤਾ ਨੂੰ ਕਾਇਮ ਰੱਖਦਾ ਹੈ।
ਭਾਰਤ ਫ਼ਰਕ ਸਮਝਦਾ ਹੈ। ਸਾਡਾ ਜਵਾਬ ਕਦੇ ਵੀ ਪਾਕਿਸਤਾਨ ਦੇ ਲੋਕਾਂ ਨੂੰ ਦੰਡ ਦੇਣ ਵਾਲਾ ਨਹੀਂ ਰਿਹਾ। ਇਹ ਹਮੇਸ਼ਾ ਉਸ ਤੰਤਰ ਨੂੰ ਅਲੱਗ-ਥਲੱਗ ਕਰਨ ’ਤੇ ਕੇਂਦਰਿਤ ਰਿਹਾ ਹੈ ਜਿਸ ਨੇ ਉਨ੍ਹਾਂ ਨੂੰ ਬੰਧਕ ਬਣਾ ਰੱਖਿਆ ਹੈ।
ਪਰ ਕੋਈ ਭੁਲੇਖਾ ਨਾ ਪਾਲ਼ ਲੈਣਾ: ਜਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੈ, ਅਸੀਂ ਉਸ ਤੰਤਰ ਨੂੰ ਸਾਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿਆਂਗੇ। ਨਾ ਹੀ ਗੱਲਬਾਤ ਦੇ ਨਿਯਮਾਂ ਦੀ ਪਰਿਭਾਸ਼ਾ ਤੈਅ ਕਰਨ ਦਿਆਂਗੇ। ਪਰਮਾਣੂ ਡਰਾਵਿਆਂ ਦੇ ਦਿਨ ਲੱਦ ਗਏ।
ਦੁਨੀਆ ਦੀ ਸਮਝ ਤੋਂ ਪਰ੍ਹੇ- ਤੇ ਭਾਰਤ ਦਾ ਇਖਲਾਕੀ ਬੋਝ
ਇੱਥੇ ਹੀ ਬੁਨਿਆਦੀ ਵਿਰੋਧਾਭਾਸ ਆਉਂਦਾ ਹੈ: ਅਤਿਵਾਦ ਨੂੰ ਸਮੱਸਿਆ ਵਜੋਂ ਸਿਰਫ਼ ਉਦੋਂ ਲਿਆ ਜਾਂਦਾ ਹੈ ਜਦੋਂ ਇਹ ਪੱਛਮ ਨੂੰ ਸੱਟ ਮਾਰਦਾ ਹੈ। ਦਹਾਕਿਆਂ ਬੱਧੀ, ਭਾਰਤ ਦਹਿਸ਼ਤ ਦੀ ਆਲਮੀ ਪਰਿਭਾਸ਼ਾ ਤੈਅ ਕਰਾਉਣ ਲਈ ਅਪੀਲਾਂ ਕਰਦਾ ਰਿਹਾ। ਪਰ ਸੰਸਥਾਵਾਂ ਜਿਨ੍ਹਾਂ ਨੂੰ ਸਮਰੱਥਾ ਦੀ ਸਿਆਸਤ ਅਤੇ ਕਾਰੋਬਾਰੀ ਹਿੱਤਾਂ ਨੇ ਅਪੰਗ ਕੀਤਾ ਹੈ, ਗੋਲ-ਮੋਲ ਗੱਲਾਂ ਕਰ ਰਹੀਆਂ ਹਨ।
ਆਈਐੱਮਐੱਫ ਦੇ ਕਰਜ਼ੇ ਉਨ੍ਹਾਂ ਦੇਸ਼ਾਂ ਨੂੰ ਜਾ ਰਹੇ ਹਨ ਜਿਹੜੇ ਦਹਿਸ਼ਤ ਨੂੰ ਸ਼ਹਿ ਦੇ ਰਹੇ ਹਨ। ਬੇਕਸੂਰ ਮਰਦੇ ਹਨ ਜਦੋਂਕਿ ਹੱਲਾਂ ’ਤੇ ਸਹੀ ਨਹੀਂ ਪੈਂਦੀ। ਲੋਕਤੰਤਰਾਂ ਨੂੰ ਜਨਤਕ ਮੰਚਾਂ ਤੇ ਸਰਹੱਦ ਰਹਿਤ ਤੰਤਰਾਂ ਰਾਹੀਂ ਅਗਵਾ ਕੀਤਾ ਜਾ ਰਿਹਾ ਹੈ। ਤੰਤਰ ਨੂੰ ਨਿੱਜੀ ਮੁਫ਼ਾਦਾਂ ਲਈ ਵਰਤਿਆ ਜਾ ਰਿਹਾ ਹੈ।
ਭਾਰਤ ਬਹੁਤ ਇੰਤਜ਼ਾਰ ਕਰ ਚੁੱਕਾ ਹੈ। ਹੁਣ ਇਹ ਰਾਹ ਦਿਖਾ ਰਿਹਾ ਹੈ- ਦਬਦਬੇ ਦਾ ਨਹੀਂ, ਬਲਕਿ ਉਪਾਅ ਦਾ।
ਵਿਚਾਰਧਾਰਾ ਭੇਜ ਕੇ ਨਹੀਂ, ਬਲਕਿ ਸਭਿਅਤਾਵਾਦੀ ਵਿਚਾਰ ਅਪਣਾ ਕੇ: ਸਾਂਝੇ ਮੁਕੱਦਰ ਦੇ ਅੰਦਰ ਵਖਰੇਵਿਆਂ ਦੀ ਸਹਿ-ਹੋਂਦ।
ਨਵੀਂ ਵਿਵਸਥਾ: ਜਦੋਂ ਬਣੇਗੀ ਅਸੀਂ ਦੱਸਾਂਗੇ
ਅਨੇਕਤਾ ’ਚ ਏਕਤਾ ਸਿਰਫ਼ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਹੀਂ- ਇਹ ਇਸ ਦੀ ਭੂ-ਰਾਜਨੀਤਕ ਭੇਟ ਹੈ। ਵੰਡਪਾਊ ਸਾਜ਼ਿਸ਼ਾਂ ਤੇ ਪਛਾਣ ਦੇ ਸ਼ਸਤਰੀਕਰਨ ਦਾ ਇੱਕੋ-ਇੱਕ ਤੋੜ। ਅਤਿਵਾਦ ਨੂੰ ਪਰਿਭਾਸ਼ਤ ਕਰਨ ਜਾਂ ਆਪਣਾ ਜਵਾਬ ਦੇਣ ਲਈ ਭਾਰਤ ਹੁਣ ਦੁਨੀਆ ਦੀ ਹੋਰ ਉਡੀਕ ਨਹੀਂ ਕਰੇਗਾ। ਇਹ ਉਨ੍ਹਾਂ ਦਾ ਸਾਥ ਲਏਗਾ ਜਿਹੜੇ ਇਸ ਦੇ ਵਾਪਰਨ ’ਤੇ ਇਸ ਨੂੰ ਨਿੰਦਣਗੇ- ਨਾ ਸਿਰਫ਼ ਉਦੋਂ ਜਦੋਂ ਇਹ ਠੇਸ ਪਹੁੰਚਾਏਗਾ।
ਚੁੱਪ ਦੀ ਕੀਮਤ ਨਿਰਦੋਸ਼ਾਂ ਵੱਲੋਂ ਚੁਕਾਈ ਜਾਂਦੀ ਹੈ, ਉਦਾਸੀਨ ਰਹਿਣ ਵਾਲਿਆਂ ਵੱਲੋਂ ਨਹੀਂ।
ਭਵਿੱਖ ਉਨ੍ਹਾਂ ਦਾ ਹੈ ਜਿਹੜੇ ਭਾਈਵਾਲੀ ਕਰਦੇ ਹਨ, ਨਾ ਕਿ ਉਨ੍ਹਾਂ ਦਾ ਜੋ ਦਬਾਅ ਬਣਾਉਂਦੇ ਹਨ।
ਯੁੱਧ ਦੇ ਲੱਛਣ ਬਦਲ ਰਹੇ ਹਨ। ‘ਜੰਗ ਤੋਂ ਪਹਿਲਾਂ ਹੀ ਜੰਗ ਜਿੱਤਣੀ’, ਤਣਾਅ ਦੀ ਨਵੀਂ ਪੌੜੀ ਦਾ ਹੁਣ ਹਿੱਸਾ ਹੈ। ਮੈਨੂੰ ਲੱਗਦਾ ਹੈ, ਇਸ ਦੇ ਹੋਰ ਵੀ ਬਹੁਤ ਪੌਡੇ ਹਨ, ਸਮਾਂ ਹੀ ਦੱਸੇਗਾ।
*ਲੇਖਕ ਫ਼ੌਜ ਦੀ ਪੱਛਮੀ ਕਮਾਂਡ ਦੇ ਸਾਬਕਾ ਮੁਖੀ (ਆਰਮੀ ਕਮਾਂਡਰ) ਅਤੇ ਪੁਣੇ ਇੰਟਰਨੈਸ਼ਨਲ ਸੈਂਟਰ ਦੇ ਮੋਢੀ ਟਰਸਟੀ ਹਨ।

Advertisement
Advertisement

Advertisement
Author Image

Jasvir Samar

View all posts

Advertisement