ਫ਼ਿਰੌਤੀ ਮੰਗਣ ਦੇ ਦੋਸ਼ ਹੇਠ ਤਿੰਨ ਕਾਬੂ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਕਮਿਸ਼ਨਰੇਟ ਦੀ ਪੁਲੀਸ ਨੇ ਗੈਂਗਸਟਰ ਦੇ ਨਾਂ ’ਤੇ ਵਪਾਰੀ ਕੋਲੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਪੁਲੀਸ ਹਿਰਾਸਤ ਵਿੱਚੋਂ ਭੱਜਣ ਸਮੇਂ ਪੁਲੀਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਜਗਰੂਪ ਸਿੰਘ ਉਰਫ ਚਰਨਾ, ਜੁਗਰਾਜ ਸਿੰਘ ਉਰਫ਼ ਗਾਜੀ ਅਤੇ ਸਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਸਾਰੇ ਪਿੰਡ ਤਲਵੰਡੀ ਮੋਹਰ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲੀਸ ਨੇ ਪਿਸਤੌਲ ਅਤੇ ਦੋ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਦੇ ਵਪਾਰੀ ਨੂੰ ਲਖਬੀਰ ਸਿੰਘ ਲੰਡਾ ਗੈਂਗਸਟਰ ਦੇ ਨਾਂ ’ਤੇ ਵੋਇਸ ਮੈਸੇਜ ਆਇਆ ਸੀ, ਜਿਸ ਵਿੱਚ ਉਸ ਕੋਲੋਂ ਫ਼ਿਰੌਤੀ ਮੰਗੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਹੋਰ ਵੀ ਅਜਿਹੇ ਧਮਕੀ ਭਰੇ ਸੁਨੇਹੇ ਆਏ। ਵਪਾਰੀ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਅੰਮ੍ਰਿਤਸਰ: ਪੁਲੀਸ ਚੌਕੀ ਨੇੜੇ ਧਮਾਕੇ ਦੀ ਜਾਂਚ ਸ਼ੁਰੂ
ਇਥੇ ਫ਼ਤਹਿਗੜ੍ਹ ਚੂੜੀਆਂ ਬਾਈਪਾਸ ਰੋਡ ’ਤੇ ਬੰਦ ਪੁਲੀਸ ਚੌਕੀ ਨੇੜੇ ਹੋਏ ਧਮਾਕੇ ਦੇ ਮਾਮਲੇ ਵਿੱਚ ਕਾਊਂਟਰ ਇੰਟੈਲੀਜੈਂਸ ਸਣੇ ਵੱਖ-ਵੱਖ ਪੁਲੀਸ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਕਰੀਬ ਅੱਠ ਵਜੇ ਹੋਏ ਇਸ ਧਮਾਕੇ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ ਹੱਥ ਗੋਲੇ ਦਾ ਧਮਾਕਾ ਹੋਣ ਤੋਂ ਇਨਕਾਰ ਕੀਤਾ ਸੀ। ਇਹ ਪੁਲੀਸ ਚੌਕੀ ਕੁਝ ਸਮੇਂ ਤੋਂ ਬੰਦ ਹੈ। ਇੱਥੇ ਨੇੜੇ ਹੀ ਪੁਲੀਸ ਦਾ ਨਾਕਾ ਲੱਗਾ ਹੋਇਆ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪੁਲੀਸ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਮੰਡੇਰ ਅਤੇ ਹੋਰ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਪੁਲੀਸ ਟੀਮਾਂ ਵੱਲੋਂ ਧਮਾਕੇ ਦੇ ਸੰਭਾਵਿਤ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ਦਾ ਅਜਿਹਾ ਕੋਈ ਨੁਕਸਾਨ ਦਿਖਾਈ ਨਹੀਂ ਦੇ ਰਿਹਾ ਜਿਸ ਨਾਲ ਇਸ ਨੂੰ ਹੱਥ ਗੋਲੇ ਦਾ ਧਮਾਕਾ ਕਿਹਾ ਜਾ ਸਕੇ।