ਫ਼ਿਰੌਤੀਆਂ ਤੋਂ ਪ੍ਰੇਸ਼ਾਨ ਜੰਡਿਆਲਾ ਗੁਰੂ ਵਾਸੀਆਂ ਵੱਲੋਂ ਬਾਜ਼ਾਰ ਬੰਦ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 7 ਜੂਨ
ਜੰਡਿਆਲਾ ਗੁਰੂ ਵਿੱਚ ਫਿਰੌਤੀਆਂ ਦੀ ਮੰਗ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਵੱਡੇ ਪੱਧਰ ’ਤੇ ਵਾਪਰ ਰਹੀਆਂ ਹਨ। ਪੁਲੀਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਇਨ੍ਹਾਂ ਘਟਨਾਵਾਂ ਤੋਂ ਤੰਗ ਆ ਕੇ ਜੰਡਿਆਲਾ ਗੁਰੂ ਵਾਸੀਆਂ ਨੇ ਅੱਜ ਪੂਰਨ ਤੌਰ ’ਤੇ ਸਾਰਾ ਸ਼ਹਿਰ ਬੰਦ ਕਰਕੇ ਸਥਾਨਕ ਜਗਦੀਸ਼ ਸਦਨ ਹਾਲ ਵਿੱਚ ਮਸਲੇ ਦੇ ਹੱਲ ਲਈ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼ਹਿਰ ਵਾਸੀ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਵਿਚਾਰ-ਵਟਾਂਦਰਾ ਕੀਤਾ। ਸ਼ਹਿਰ ਵਾਸੀਆਂ ਨੇ ਫੈਸਲਾ ਲਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਨਿਕਲਦਾ ਸੋਮਵਾਰ ਤੋਂ ਜੰਡਿਆਲਾ ਗੁਰੂ ਸ਼ਹਿਰ ਅਣਮਿੱਥੇ ਸਮੇਂ ਲਈ ਬੰਦ ਰਹੇਗਾ। ਇਸ ਸਬੰਧੀ ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਕਿਹਾ ਪੁਲੀਸ ਵੱਲੋਂ ਬੀਤੇ ਦਿਨੀਂ ਹੋਈਆਂ ਘਟਨਾਵਾਂ ਦੇ ਸਾਰੇ ਮੁਲਜ਼ਮ ਕਾਬੂ ਕਰ ਲਏ ਗਏ ਹਨ ਅਤੇ ਉਨ੍ਹਾਂ ਉੱਪਰ ਕੇਸ ਵੀ ਚੱਲ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਲੀਸ ਨੂੰ ਸਹਿਯੋਗ ਕਰਨ ਲਈ ਕਿਹਾ ਅਤੇ ਨਗਰ ਕੌਂਸਲ ਅਧਿਕਾਰੀਆਂ ਤੇ ਪ੍ਰਧਾਨ ਨੂੰ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਠੀਕ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਉਨ੍ਹਾਂ ਨੂੰ ਕੰਮ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਵਪਾਰ ਮੰਡਲ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਠੀਕਰੀ ਪਹਿਰੇ ਵੀ ਲਗਾਏ ਜਾਣ ਅਤੇ ਪੁਲੀਸ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਹਮੇਸ਼ਾ ਹੀ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ। ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਹੀ ਡੀਐੱਸਪੀ ਸਾਹਮਣੇ ਇਕ ਵਿਅਕਤੀ ਨੂੰ ਤਿੰਨ ਵਾਰ ਧਮਕੀਆਂ ਦੀਆਂ ਕਾਲਾਂ ਆਈਆਂ। ਦੂਜੇ ਪਾਸੇ ਸ਼ਹਿਰ ਵਾਸੀਆਂ ਤੇ ਵਪਾਰ ਮੰਡਲ ਨੇ ਕਿਹਾ ਕਿ ਜਦੋਂ ਤੱਕ ਪੂਰਨ ਰੂਪ ਵਿੱਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦੀ ਅਤੇ ਉਨ੍ਹਾਂ ਨੂੰ ਫਰੌਤੀ ਦੀਆਂ ਫੋਨ ਕਾਲਾਂ ਆਉਣੀਆਂ ਬੰਦ ਨਹੀਂ ਹੋ ਜਾਂਦੀਆਂ ਉਦੋਂ ਤੱਕ ਉਹ ਸ਼ਹਿਰ ਨੂੰ ਪੂਰਨ ਰੂਪ ਵਿੱਚ ਅਣਮਿੱਥੇ ਸਮੇਂ ਲਈ ਬੰਦ ਰੱਖਣਗੇ ਅਤੇ ਇਹ ਬੰਦ ਦਾ ਸਿਲਸਿਲਾ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ।
ਅਮਨ-ਕਾਨੂੰਨ ਕਾਇਮ ਰੱਖਣ ’ਚ ਸਰਕਾਰ ਨਾਕਾਮ: ਮਜੀਠੀਆ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸਮੇਂ ਵਿਚ ਪੂਰਨ ਗੁੰਡਾ ਰਾਜ ਤੇ ਫਿਰੌਤੀ ਵਸੂਲਣ ਦੇ ਹਾਲਾਤਾਂ ਵਿਰੁੱਧ ਜੰਡਿਆਲਾ ਗੁਰੂ ਦੇ ਲੋਕਾਂ ਨੇ ਪੂਰਨ ਬੰਦ ਰੱਖ ਕੇ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਵਪਾਰੀ ਨਿਰੰਤਰ ਆਖ ਰਹੇ ਹਨ ਕਿ ਉਨ੍ਹਾਂ ਨੂੰ ਫਿਰੌਤੀਆਂ ਦੇ ਫੋਨ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਸੂਬੇ ਵਿਚੋਂ ਹਿਜਰਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਅਜਿਹੇ ਹਾਲਾਤਾਂ ਨਾਲ ਨਜਿੱਠਣ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਿਸ ਤੋਂ ਲੋਕਾਂ ਨੂੰ ਭਰੋਸਾ ਦਿੱਤਾ ਜਾ ਸਕੇ ਕਿ ਸਰਕਾਰ ਉਨ੍ਹਾਂ ਦੀ ਰਾਖੀ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੀੜਤਾਂ ਦੇ ਨਾਲ ਖੜ੍ਹਾ ਹੈ।