ਫ਼ਿਰੋਜ਼ਪੁਰ ਤੋਂ ਹਜ਼ੂਰ ਸਾਹਿਬ ਤੇ ਹਰਿਦੁਆਰ ਲਈ ਰੇਲ ਗੱਡੀਆਂ ਸ਼ੁਰੂ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 8 ਮਈ
ਪੰਜਾਬ ਦੇ ਸ਼ਰਧਾਲੂਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਕਿਉਂਕਿ ਰੇਲ ਮੰਤਰਾਲੇ ਨੇ ਫ਼ਿਰੋਜ਼ਪੁਰ ਛਾਉਣੀ ਤੋਂ ਸ੍ਰੀ ਹਜ਼ੂਰ ਸਾਹਿਬ ਅਤੇ ਹਰਿਦੁਆਰ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਸ਼ੁਰੂਆਤ ਕੀਤੀ ਹੈ। ਇਸ ਕਦਮ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਹੈ, ਜੋ ਲੰਬੇ ਸਮੇਂ ਤੋਂ ਇਨ੍ਹਾਂ ਰੇਲ ਸੇਵਾਵਾਂ ਦੀ ਮੰਗ ਕਰ ਰਹੇ ਸਨ।
ਰੇਲਵੇ ਅਧਿਕਾਰੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਹਰਿਦੁਆਰ ਜਾਣ ਵਾਲੀ ਰੇਲਗੱਡੀ ਹਰ ਬੁੱਧਵਾਰ ਨੂੰ ਰਾਤ 10:40 ਵਜੇ ਫ਼ਿਰੋਜ਼ਪੁਰ ਛਾਉਣੀ ਤੋਂ ਰਵਾਨਾ ਹੋਵੇਗੀ, ਅਤੇ ਫ਼ਰੀਦਕੋਟ, ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਧੂਰੀ, ਨਾਭਾ ਅਤੇ ਪਟਿਆਲਾ ਵਰਗੇ ਪ੍ਰਮੁੱਖ ਸਟੇਸ਼ਨਾਂ ਤੋਂ ਹੁੰਦੀ ਹੋਈ, ਅਗਲੇ ਦਿਨ ਸਵੇਰੇ 8:30 ਵਜੇ ਹਰਿਦੁਆਰ ਪਹੁੰਚੇਗੀ। ਇਸੇ ਤਰ੍ਹਾਂ, ਸ੍ਰੀ ਨਾਂਦੇੜ ਸਾਹਿਬ ਲਈ ਰੇਲਗੱਡੀ ਹਰ ਸ਼ੁੱਕਰਵਾਰ ਦੁਪਹਿਰ 1:25 ਵਜੇ ਫ਼ਿਰੋਜ਼ਪੁਰ ਛਾਉਣੀ ਤੋਂ ਰਵਾਨਾ ਹੋਵੇਗੀ ਅਤੇ ਐਤਵਾਰ ਤੜਕੇ ਲਗਪਗ 3:00 ਵਜੇ ਨਾਂਦੇੜ ਸਾਹਿਬ ਪਹੁੰਚੇਗੀ।
ਇਨ੍ਹਾਂ ਰੇਲ ਗੱਡੀਆਂ ਦੀ ਸ਼ੁਰੂਆਤ ਦਾ ਸਿਹਰਾ ਲੈਣ ਲਈ ਸਿਆਸੀ ਆਗੂਆਂ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਕਦਮ ਸ਼ਰਧਾਲੂਆਂ ਲਈ ਬਹੁਤ ਲਾਭਦਾਇਕ ਹੋਵੇਗਾ। ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ 10 ਮਈ, 2022 ਨੂੰ ਰੇਲ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ, ਜੋ ਉਸ ਸਮੇਂ ਦੀ ਡਿਵੀਜ਼ਨਲ ਰੇਲਵੇ ਮੈਨੇਜਰ ਸੀਮਾ ਸ਼ਰਮਾ ਨੂੰ ਦਿੱਤਾ ਗਿਆ ਸੀ। ਦੂਜੇ ਪਾਸੇ, ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਸਬੰਧ ਵਿੱਚ ਇੱਕ ਮੰਗ ਪੱਤਰ ਸੌਂਪਿਆ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਦੋਵੇਂ ਮਹੱਤਵਪੂਰਨ ਧਾਰਮਿਕ ਸਥਾਨਾਂ ਲਈ ਫ਼ਿਰੋਜ਼ਪੁਰ ਤੋਂ ਕੋਈ ਸਿੱਧੀ ਰੇਲ ਸੇਵਾ ਉਪਲਬਧ ਨਹੀਂ ਸੀ, ਜਿਸ ਕਾਰਨ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ, ਇਨ੍ਹਾਂ ਰੇਲ ਗੱਡੀਆਂ ਦੇ ਸ਼ੁਰੂ ਹੋਣ ਨਾਲ ਸਮੁੱਚੀ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਸ਼ਰਧਾਲੂਆਂ ਲਈ ਦੋਵਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਬਹੁਤ ਸੁਖਾਲਾ ਹੋ ਜਾਵੇਗਾ, ਤੇ ਯਾਤਰੀਆਂ ਨੂੰ ਨਾ ਸਿਰਫ਼ ਆਰਾਮਦਾਇਕ ਸਫ਼ਰ ਮਿਲੇਗਾ ਸਗੋਂ ਉਨ੍ਹਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ।