ਫ਼ਰੀਦਾਬਾਦ: ਦੁਕਾਨਾਂ ਉੱਤੇ ਰਾਸ਼ਨ ਦੀ ਤੋਟ

ਫਰੀਦਾਬਾਦ ਵਿੱਚ ਦੁਕਾਨ ਅੱਗੇ ਖਰੀਦਾਦਾਰਾਂ ਦੀ ਲੱਗੀ ਭੀੜ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 25 ਮਾਰਚ
ਦੁਨੀਆ ਭਰ ਵਿੱਚ ਫੈਲੇ ਕਰੋਨਾਵਾਇਰਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਦੇ ਦੇਸ਼ ਪੱਧਰੀ ‘ਲੌਕਡਾਊਨ’’ ਦੇ ਮੱਦੇਨਜ਼ਰ ਹਰਿਆਣਾ ਦੇ ਇਸ ਸੰਘਣੀ ਆਬਾਦੀ ਵਾਲੇ ਸ਼ਹਿਰ ਫਰੀਦਾਬਾਦ ਦੀਆਂ ਰਾਸ਼ਨ ਦੀਆਂ ਦੁਕਾਨਾਂ ’ਚੋਂ ਰੋਜ਼ਾਨਾ ਦਾ ਸਾਮਾਨ ਜਿਵੇਂ ਆਟਾ, ਦਾਲਾਂ, ਖੰਡ, ਚੌਲ, ਦਲੀਆ ਆਦਿ ਮੁਕਣਾ ਸ਼ੁਰੂ ਹੋ ਗਿਆ ਹੈ। ਤਾਲਾਬੰਦੀ ਲੰਬਾ ਚੱਲਣ ਕਾਰਨ ਲੋਕਾਂ ਨੇ ਪਹਿਲਾਂ ਹੀ ਘਰਾਂ ਵਿੱਚ ਸਾਮਾਨ ਭੰਡਾਰ ਕਰ ਲਿਆ। ਸਵੇਰੇ ਕਈ ਦੁਕਾਨਾਂ ’ਤੇ ਲੋਕਾਂ ਨੇ ਸਰਕਾਰ ਦੀ ‘ਸਮਾਜਿਕ ਦੂਰੀ’ ਬਣਾ ਕੇ ਰੱਖਣ ਦੀਆਂ ਹਦਾਇਤਾਂ ਦੀ ਅਣਦੇਖੀ ਵੀ ਕੀਤੀ। ਦੁੱਧ ਲੈਣ ਲਈ ਲੋਕਾਂ ਨੇ ਸਵੇਰੇ ਹੁੰਦੇ ਹੀ ਬਾਹਰ ਨਿਕਲ ਕੇ ਦੁਕਾਨਾਂ ਵੱਲ ਰੁਖ਼ ਕਰ ਲਿਆ।
ਹਾਲਾਂਕਿ ਪੁਲੀਸ ਵੱਲੋਂ ਲਗਾਤਾਰ ਗਸ਼ਤ ਕਰਕੇ ਅਜਿਹੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ, ਜੋ ਪਾਬੰਦੀ ਵਾਲੀ ਸੂਚੀ ਵਿੱਚ ਸ਼ਾਮਲ ਹਨ। ਮੰਡੀਆਂ ’ਚ ਵੀ ਸ਼ਾਮ ਵੇਲੇ ਭੀੜ ਵੇਖੀ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਪਿੱਛੋਂ ਡੀਲਰਾਂ ਵੱਲੋਂ ਪੂਰੀ ਸਪਲਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਸਾਮਾਨ ਨਹੀਂ ਮਿਲ ਰਿਹਾ। ਕੁੱਝ ਦੁਕਾਨਦਾਰਾਂ ਵੱਲੋਂ ਜ਼ਮ੍ਹਾਂਖੋਰੀ ਕਰਨ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨੀਂ ਲੰਬੇ ਦਿਨ ਦਾ ਲੌਕਡਾਊਨ ਐਲਾਨਣ ਮਗਰੋਂ ਲੋਕਾਂ ਲਈ ਮੁੱਢਲੀਆਂ ਲੋੜਾਂ ਦਾ ਸੰਕਟ ਖੜ੍ਹਾ ਹੋ ਗਿਆ। ਕਰੋਨਾਵਾਇਰਸ ਕਾਰਨ ਭਾਰਤ ਵਿੱਚ 600 ਤੋਂ ਵੱਧ ਕੇਸ ਸਾਹਮਣੇ ਆਏ ਹਨ, ਜਦਕਿ ਦਸ ਦੇ ਲਗਪਗ ਮੌਤਾਂ ਹੋ ਚੁੱਕੀਆਂ ਹਨ।