ਫ਼ਰਜ਼ੀ ਵੀਜ਼ਿਆਂ ਰਾਹੀਂ ਸਪੇਨ ਭੇਜਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਏਜੰਟ ਗ੍ਰਿਫ਼ਤਾਰ
ਨਵੀਂ ਦਿੱਲੀ, 8 ਜੂਨ
ਪੰਜਾਬ ਦੇ ਤਿੰਨ ਵਿਅਕਤੀਆਂ ਨੂੰ ਫ਼ਰਜ਼ੀ ਸ਼ੈਨੇਗਨ ਵੀਜ਼ੇ ਅਤੇ ਜਾਅਲੀ ਟਿਕਟਾਂ ਰਾਹੀਂ ਸਪੇਨ ਭੇਜਣ ਦੀ ਕੋਸ਼ਿਸ਼ ਦੇ ਕਥਿਤ ਦੋਸ਼ੀ ਨੂੰ ਪੁਲੀਸ ਨੇ ਕੌਮੀ ਰਾਜਧਾਨੀ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ’ਤੇ ਤਿੰਨੋਂ ਵਿਅਕਤੀਆਂ ਨੂੰ ਉਨ੍ਹਾਂ ਦੇ ਦਸਤਾਵੇਜ਼ ਅਤੇ ਟਿਕਟਾਂ ਨਕਲੀ ਪਾਏ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਵਿਅਕਤੀਆਂ ਨੂੰ ਸਪੇਨ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਗੈਰ-ਕਾਨੂੰਨੀ ਯਾਤਰਾ ਲਈ ਕੁੱਲ 17 ਲੱਖ ਰੁਪਏ ਵਸੂਲੇ ਗਏ ਸਨ। ਪੁਲੀਸ ਮੁਤਾਬਕ, ਅੰਮ੍ਰਿਤਸਰ ਦਾ ਵਸਨੀਕ 25 ਸਾਲਾ ਕਮਲਦੀਪ ਸਿੰਘ ਤਿੰਨੋਂ ਦੀ ਗ੍ਰਿਫ਼ਤਾਰੀ ਮਗਰੋਂ ਫ਼ਰਾਰ ਹੋ ਗਿਆ ਸੀ ਪਰ ਕਰੀਬ 300 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਨੇ ਦੱਸਿਆ ਕਿ ਉਹ ਇਕ ਹੋਰ ਏਜੰਟ ਸੋਨੂੰ ਵਾਲੀਆ ਦੇ ਨਾਲ ਮਿਲ ਕੇ ਤਿੰਨਾਂ ਨੂੰ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ ਭੇਜਣ ਦਾ ਕੰਮ ਕਰ ਰਿਹਾ ਸੀ। ਸੋਨੂੰ ਵਾਲੀਆ ਨੂੰ ਪੰਜਾਬ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਅਧਿਕਾਰੀ ਨੇ ਦੱਸਿਆ, ‘‘29 ਮਈ ਨੂੰ ਅੰਮ੍ਰਿਤਸਰ ਤੋਂ ਤਿੰਨ ਯਾਤਰੀ ਮੈਡਰਿਡ ਜਾਣ ਲਈ ਆਈਜੀਆਈ ਹਵਾਈ ਅੱਡੇ ’ਤੇ ਪਹੁੰਚੇ। ਏਅਰਲਾਈਨ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਟਿਕਟਾਂ ਨੂੰ ਫ਼ਰਜ਼ੀ ਦੱਸਿਆ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਭੇਜ ਦਿੱਤਾ। ਜਾਂਚ ਤੋਂ ਬਾਅਦ ਉਨ੍ਹਾਂ ਦੇ ਪਾਸਪੋਰਟ ’ਤੇ ਲੱਗੇ ਸ਼ੈਨੇਗਨ ਵੀਜ਼ਿਆਂ ਦੇ ਫ਼ਰਜ਼ੀ ਹੋਣ ਦੀ ਪੁਸ਼ਟੀ ਕੀਤੀ ਗਈ।’’
ਸ਼ੈਨੇਗਨ ਵੀਜ਼ਾ ਗੈਰ-ਯੂਰਪੀ ਸੰਘ ਦੇਸ਼ ਦੇ ਲੋਕਾਂ ਨੂੰ ਸ਼ੈਨੇਗਨ ਦੇਸ਼ਾਂ (ਸਾਰੇ ਯੂਰਪ ’ਚ) ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੰਦਾ ਹੈ ਅਤੇ ਇਸ ਦੇ ਅੰਦਰ ਸਰਹੱਦਾਂ ਪਾਰ ਮੁਫ਼ਤ ਯਾਤਰਾ ਦੀ ਇਜਾਜ਼ਤ ਦਿੰਦਾ ਹੈ। ਸ਼ਿਕਾਇਤ ਤੋਂ ਬਾਅਦ ਐੱਫਆਈਆਰ ਦਰਜ ਕਰ ਕੇ ਜਾਂਚ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ