ਪੱਤਰ ਪ੍ਰੇਰਕਲਹਿਰਾਗਾਗਾ, 14 ਅਪਰੈਲਪੁਲੀਸ ਨੇ ਫ਼ਰਜ਼ੀ ਵਿਆਹ ਕਰਵਾਉਣ ਦੇ ਦੋਸ਼ ਹੇਠ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਮਾਮਲੇ ਵਿੱਚ ਪੰਜ ਮਹਿਲਾਵਾਂ ਸਨ। ਥਾਣਾ ਸਦਰ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਪਿੰਡ ਕਾਲਬੰਜਾਰਾ ਨੇ ਬਿਆਨ ਦਰਜ ਕਰਵਾਏ ਕਿ ਪਾਲ ਕੌਰ ਵਾਸੀ ਕਲਰ ਭੈਣੀ ਥਾਣਾ ਪਾਤੜਾਂ ਨੇ ਵਿਆਹ ਕਰਵਾਉਣ ਲਈ ਇੱਕ ਲੱਖ ਰੁਪਏ ਮੰਗੇ ਸੀ, ਜਿਸ ਨੂੰ 10 ਹਜ਼ਾਰ ਰੁਪਏ ਪਹਿਲਾਂ ਅਤੇ 90 ਹਜ਼ਾਰ ਰੁਪਏ ਵਿਆਹ ਕਰਵਾਉਣ ਤੋਂ ਬਾਅਦ ਦਿੱਤੇ ਸਨ। ਉਸ ਨੇ 4 ਅਪਰੈਲ ਨੂੰ ਪਹੇਵਾ ਚੌਕ ਕੈਥਲ ਪਾਰਕ ਵਿੱਚ ਮਨਪ੍ਰੀਤ ਕੌਰ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਕਰਵਾ ਦਿੱਤਾ। ਉਹ ਮਨਪ੍ਰੀਤ ਕੌਰ ਨੂੰ ਆਪਣੇ ਪਿੰਡ ਕਾਲਬੰਜਾਰਾ ਲੈ ਕੇ ਆਇਆ ਤਾਂ ਸੱਤ ਅਪਰੈਲ ਨੂੰ ਪਿੰਡ ਵਿੱਚ ਕਿਸੇ ਦੇ ਘਰ ਕੰਮ ਲਈ ਗਿਆ ਸੀ, ਜਦੋਂ ਵਾਪਸ ਆਇਆ ਤਾਂ ਮਨਪ੍ਰੀਤ ਲਾਪਤਾ ਸੀ। ਉਸ ਨੇ ਦੋਸ਼ ਲਗਾਇਆ ਹੈ ਕਿ ਮਨਪ੍ਰੀਤ ਕੌਰ ਨੇ ਕਥਿਤ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਉਸ ਨਾਲ ਇਕ ਲੱਖ ਰੁਪਏ ਦੀ ਠੱਗੀ ਮਾਰੀ ਹੈ। ਲਹਿਰਾਗਾਗਾ ਪੁਲੀਸ ਨੇ ਵਿਚੋਲਣ ਪਾਲ ਕੌਰ ਕਲਰ ਭੈਣੀ ਥਾਣਾ ਪਾਤੜਾਂ, ਪਰਮਜੀਤ ਕੌਰ ਉਰਫ਼ ਮਨਪ੍ਰੀਤ ਕੌਰ ਵਾਸੀ ਬੀਡ ਜ਼ਿਲ੍ਹਾ ਹਿਸਾਰ, ਮੋਹਿਤ ਅਤੇ ਰਾਣੀ ਉਰਫ਼ ਸੋਨਾ, ਦਲਵੀਰ ਸਿੰਘ ਵਾਸੀ ਗੁਹਾਣਾ, ਜਸਵੀਰ ਕੌਰ ਵਾਸੀ ਗਾਜੇਵਾਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚੋਂ ਚਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ, ਜਦਕਿ ਦੋ ਜਣਿਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।