ਫਰਾਂਸਵਿੱਚ ਰਾਮ ਨੌਮੀ ਸ਼ਰਧਾ ਨਾਲ ਮਨਾਈ
ਪੱਤਰ ਪ੍ਰੇਰਕ
ਯਮੁਨਾ ਨਗਰ, 8 ਅਪਰੈਲ
ਫਰਾਂਸ ਵਿੱਚ ਰਾਮ ਨੌਮੀ ਧੂਮਧਾਮ ਨਾਲ ਮਨਾਈ ਗਈ। ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਰਚੁਅਲੀ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਫਰਾਂਸ ਦੇ ਲੋਕਾਂ ਨੂੰ ਰਾਮ ਨੌਮੀ ਦੀ ਵਧਾਈ ਦਿੱਤੀ ਅਤੇ ਫਰਾਂਸ ਸਥਿਤ ਵਿਸ਼ਵ ਹਿੰਦੂ ਪਰਿਸ਼ਦ ਦੀ ਟੀਮ ਨੂੰ ਵੀ ਇਸ ਸਮਾਗਮ ਲਈ ਸ਼ੁਭਕਾਮਨਾਵਾਂ ਦਿੱਤੀਆਂ । ਸਮਾਗਮ ਦੀ ਪ੍ਰਧਾਨਗੀ ਵਿਸ਼ਵ ਹਿੰਦੂ ਪਰਿਸ਼ਦ ਦੇ ਸੰਯੁਕਤ ਜਨਰਲ ਸਕੱਤਰ ਅਤੇ ਅੰਤਰਰਾਸ਼ਟਰੀ ਤਾਲਮੇਲ ਮੁਖੀ ਸਵਾਮੀ ਵਿਗਿਆਨਾਨੰਦ ਨੇ ਕੀਤੀ । ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਰਾਮ ਵਿਦੇਸ਼ਾਂ ਵਿੱਚ ਵੀ ਓਨੇ ਹੀ ਸਤਿਕਾਰੇ ਜਾਂਦੇ ਹਨ ਜਿੰਨੇ ਕਿ ਭਾਰਤ ਵਿੱਚ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਯੁੱਧਿਆ ਵਿੱਚ ਸ੍ਰੀ ਰਾਮ ਦਾ ਸ਼ਾਨਦਾਰ ਮੰਦਰ ਬਣਾਇਆ ਗਿਆ ਹੈ ਜਿੱਥੇ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਸ਼ਰਧਾਲੂ ਪਹੁੰਚ ਰਹੇ ਹਨ । ਵਿਸ਼ਵ ਹਿੰਦੂ ਪਰਿਸ਼ਦ ਫਰਾਂਸ ਦੇ ਪ੍ਰਧਾਨ ਅਤੇ ਵਿਸ਼ਵ ਹਿੰਦੂ ਪਰਿਸ਼ਦ ਇੰਟਰਨੈਸ਼ਨਲ ਦੇ ਬੋਰਡ ਆਫ਼ ਟਰੱਸਟੀਜ਼ ਦੇ ਮੈਂਬਰ ਲਲਿਤ ਸ਼ਰਮਾ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਜਿਹੇ ਸਮਾਗਮ ਵਿਦੇਸ਼ਾਂ ਵਿੱਚ ਵੀ ਹੁੰਦੇ ਰਹਿਣਗੇ ਅਤੇ ਉੱਥੋਂ ਦੇ ਲੋਕ ਵੀ ਭਾਰਤ ਦੀ ਮਹਾਨ ਸੰਸਕ੍ਰਿਤੀ ਨਾਲ ਜੁੜੇ ਰਹਿਣਗੇ । ਇਸ ਮੌਕੇ ਸੰਜੀਵ ਪਾਲ, ਰਜਨੀਸ਼ ਸ਼ਰਮਾ, ਸੰਤੋਸ਼, ਮਨੀਸ਼, ਤਨਿਗਾ, ਵਾਸੂਦੇਵ, ਨਿਤਿਆ ਗੌਰਸੁੰਦਰ, ਇਸਕੋਨ ਟੈਂਪਲ ਪੈਰਿਸ ਦੇ ਸਾਬਕਾ ਪ੍ਰਧਾਨ ਧਰਮ, ਸੰਘ ਟੈਂਪਲ ਪੈਰਿਸ ਦੇ ਪ੍ਰਧਾਨ ਸ਼ਾਸ਼ਤਰੀ ਜੀ, ਸਵਾਮੀ ਨਾਰਾਇਣ ਟੈਂਪਲ ਪੈਰਿਸ ਦੇ ਪ੍ਰਧਾਨ ਸ਼ੈਲੇਸ਼, ਪੈਰਿਸ ਵਿੱਚ ਭਾਰਤੀ ਦੂਤਾਵਾਸ ਤੋਂ ਵਰਸ਼ਾ ਫਸਟ ਸੈਕਟਰੀ ਦਾ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਯੋਗਦਾਨ ਸੀ।