ਜਸਬੀਰ ਸਿੰਘ ਚਾਨਾਫਗਵਾੜਾ, 31 ਜਨਵਰੀਜ਼ਿਲ੍ਹਾ ਸੈਸ਼ਨ ਜੱਜ ਨੇ ਫਗਵਾੜਾ ਬਲਾਕ ਦੇ ਜੇਤੂ ਕਾਂਗਰਸੀ ਕੌਂਸਲਰਾ ਦੀਆਂ ਪੇਸ਼ਗੀ ਜ਼ਮਾਨਤਾਂ ਮਨਜ਼ੂਰ ਕਰ ਦਿੱਤੀਆਂ ਹਨ ਤਾਂ ਜੋ ਪੁਲੀਸ ਇਨ੍ਹਾਂ ਨੂੰ ਕਿਸੇ ਵੀ ਕੇਸ ’ਚ ਚੁੱਕ ਕੇ ਤੁਰੰਤ ਗ੍ਰਿਫ਼ਤਾਰ ਨਾ ਕਰ ਸਕੇ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਂਗਰਸ ਕਾਨੂੰਨੀ ਸੈੱਲ ਦੇ ਪ੍ਰਧਾਨ ਐਡਵੋਕੇਟ ਕਰਨਜੋਤ ਸਿੰਘ ਝਿੱਕਾ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਨਿਗਮ ਦਾ ਮੇਅਰ ਬਣਾਉਣ ਅਤੇ ਮੈਂਬਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੱਥਕੰਡੇ ਵਰਤ ਕੇ ਕੌਂਸਲਰਾਂ ਖਿਲਾਫ਼ ਸ਼ਿਕਾਇਤਾਂ ਤਿਆਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਸਬੰਧੀ ਉਨ੍ਹਾਂ ਵੱਲੋਂ ਕੁੱਲ 31 ਕਾਂਗਰਸੀਆਂ ਦੀਆਂ ਪੇਸ਼ਗੀ ਜ਼ਮਾਨਤਾਂ ਲਗਾਈਆਂ ਸਨ, ਜਿਸ ’ਤੇ ਸੁਣਵਾਈ ਕਰਦਿਆਂ ਅੱਜ ਐਡੀਸ਼ਨਲ ਸੈਸ਼ਨ ਜੱਜ ਗੁਰਮੀਤ ਸਿੰਘ ਟਿਵਾਣਾ ਨੇ 28 ਕਾਂਗਰਸੀਆਂ ਨੂੰ ਪੇਸ਼ਗੀ ਜ਼ਮਾਨਤ (ਬਲੈੱਕਟ) ਤੇ ਤਿੰਨ ਕੌਂਸਲਰਾ ਨੂੰ ਪੇਸ਼ਗੀ ਜ਼ਮਾਨਤ ਦਿੰਦਿਆਂ ਪੁਲੀਸ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ। ਵਰਨਣਯੋਗ ਹੈ ਕਿ ਪਹਿਲੀ ਫ਼ਰਵਰੀ ਨੂੰ ਹੋਣ ਵਾਲੀ ਨਗਰ ਨਿਗਮ ਦੀ ਚੋਣ ਤੋਂ ਪਹਿਲਾਂ ਪੁਲੀਸ ਵੱਲੋਂ ਮਾਰੇ ਜਾ ਰਹੇ ਛਾਪਿਆਂ ਕਾਰਨ ਕਾਂਗਰਸੀਆਂ ’ਚ ਕਾਫ਼ੀ ਘਬਰਾਹਟ ਸੀ।ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਵੱਲੋਂ ਲਗਾਤਾਰ ਘਰਾਂ ’ਚ ਜਾ ਕੇ ਕੌਂਸਲਰਾ ਤੇ ਹੋਰ ਕਾਂਗਰਸੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।