ਫਗਵਾੜਾ ਮੇਅਰ ਚੋਣ: ਹਾਈ ਕੋਰਟ ਨੇ ਸਾਬਕਾ ਜਸਟਿਸ ਨੂੰ ਆਬਜ਼ਰਵਰ ਨਿਯੁਕਤ ਕੀਤਾ
ਜਸਬੀਰ ਸਿੰਘ ਚਾਨਾ
ਫਗਵਾੜਾ, 29 ਜਨਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਗਵਾੜਾ ਨਗਰ ਨਿਗਮ ਦੀ ਚੋਣ ਕਰਵਾਉਣ ਲਈ ਹਾਈ ਕੋਰਟ ਦੇ ਸਾਬਕਾ ਜਸਟਿਸ ਹਰਬੰਸ ਲਾਲ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ ਤਾਂ ਜੋ ਇਹ ਚੋਣ ਸਾਫ਼-ਸੁਥਰੇ ਢੰਗ ਨਾਲ ਕੀਤੀ ਜਾ ਸਕੇ।
25 ਜਨਵਰੀ ਨੂੰ ਇਸ ਚੋਣ ਨੂੰ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਚਾਨਕ ਛੱਡ ਕੇ ਚੱਲੇ ਗਏ ਸਨ। ਇਸ ਕਾਰਨ ਕਾਂਗਰਸੀ ਕੌਂਸਲਰਾਂ ਨੇ ਇਸ ਸਬੰਧ ’ਚ ਹਾਈ ਕੋਰਟ ’ਚ ਪਟੀਸ਼ਨ ਪਾਈ ਸੀ। ਉਨ੍ਹਾਂ ਕਿਹਾ ਕਿ 25 ਜਨਵਰੀ ਦੀ ਚੋਣ ਵੀ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਲਟਕਾ ਦਿੱਤੀ। ਇਸ ਸਬੰਧੀ ਅੱਜ ਕਰੀਬ ਤਿੰਨ ਘੰਟੇ ਹੋਈਆਂ ਸੁਣਵਾਈਆਂ ’ਚ ਅਦਾਲਤ ਨੇ ਇਹ ਨਿਯੁਕਤੀ ਕੀਤੀ ਹੈ। ਅਦਾਲਤ ਨੇ ਇਸ ਸਬੰਧ ’ਚ ਕੱਲ੍ਹ ਡਿਵੀਜ਼ਨਲ ਕਮਿਸ਼ਨਰ ਨੂੰ ਬੁੱਧਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨਵਨੀਤ ਕੌਰ ਬੱਲ ਨੂੰ ਭੇਜ ਦਿੱਤਾ।
ਉਨ੍ਹਾਂ ਤੋਂ ਹਾਈ ਕੋਰਟ ਨੇ ਇਸ ਕੰਮ ਨੂੰ ਸਾਫ਼-ਸੁਥਰੇ ਢੰਗ ਨਾਲ ਸਿਰੇ ਚੜ੍ਹਾਉਣ ਦਾ ਹਲਫ਼ੀਆ ਬਿਆਨ ਵੀ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਂਗਰਸ ਕਾਨੂੰਨੀ ਸੈੱਲ ਦੇ ਪ੍ਰਧਾਨ ਕਰਨਜੋਤ ਸਿੰਘ ਝਿੱਕਾ ਨੇ ਦੱਸਿਆ ਕਿ ਅਦਾਲਤ ਨੇ ਦਿੱਤੇ ਹੁਕਮਾਂ ’ਚ ਨਗਰ ਨਿਗਮ ਨੂੰ ਹਦਾਇਤ ਕੀਤੀ ਹੈ ਕਿ ਉਹ ਚੋਣ ਕਰਵਾਉਣ ਵਾਲੇ ਸਾਬਕਾ ਜਸਟਿਸ ਨੂੰ ਇੱਕ ਲੱਖ ਰੁਪਏ ਵੀ ਅਦਾ ਕਰਨਗੇ।
ਅੱਜ ਇਹ ਫ਼ੈਸਲਾ ਆਉਣ ਨਾਲ ਜੋੜ-ਤੋੜ ਦੇ ਕੰਮ ਨੂੰ ਵੀ ਠੱਲ੍ਹ ਪੈ ਗਈ ਹੈ। ਵਰਨਣਯੋਗ ਹੈ ਕਿ ਕੱਲ੍ਹ ਹੀ ਤਿੰਨ ਕਾਂਗਰਸੀ ਕੌਂਸਲਰ ਤੇ ਕੁੱਝ ਦਿਨ ਪਹਿਲਾਂ ਇੱਕ ਭਾਜਪਾ ਦਾ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋਇਆ ਸੀ ਤੇ ਇਨ੍ਹਾਂ ’ਚੋਂ ਕਈ ਮੇਅਰ ਬਣਨ ਦੇ ਚਾਹਵਾਨ ਸਨ ਪਰ ਅੱਜ ਦੇ ਫ਼ੈਸਲੇ ਤੋਂ ਬਾਅਦ ਕਈਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।