ਫਗਵਾੜਾ ਨਗਰ ਨਿਗਮ ਦੀ ਮੀਟਿੰਗ: ਕਾਂਗਰਸੀਆਂ ਨੇ ਮਤਰੇਏ ਸਲੂਕ ਦਾ ਮੁੱਦਾ ਚੁੱਕਿਆ
ਜਸਬੀਰ ਸਿੰਘ ਚਾਨਾ
ਫਗਵਾੜਾ, 10 ਜੂਨ
ਨਗਰ ਨਿਗਮ ਦੀ ਹੋਈ ਮੀਟਿੰਗ ’ਚ ਕਾਂਗਰਸੀ ਮੈਂਬਰਾ ਨੇ ਦੋਸ਼ ਲਗਾਇਆ ਕਿ ‘ਆਪ’ ਹਾਊਸ ਵੱਲੋਂ ਕਾਂਗਰਸੀ ਮੈਂਬਰਾਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਕਹਿਣੇ ’ਤੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਹਨ ਜਦਕਿ ਨਗਰ ਨਿਗਮ ਦੀ ਹੋਈ ਮੀਟਿੰਗ ’ਚ ਫ਼ੈਸਲੇ ਵੀ ਪਲਟੇ ਜਾ ਰਹੇ ਹਨ।
ਅੱਜ ਨਗਰ ਨਿਗਮ ਹਾਲ ’ਚ ਮੇਅਰ ਰਾਮਪਾਲ ਉੱਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ’ਚ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਵੀ ਸ਼ਾਮਿਲ ਸਨ। ਇਸ ਮੌਕੇ ਕਾਂਗਰਸੀ ਕੌਂਸਲਰ ਸੰਜੀਵ ਬੁੱਗਾ, ਤਰਨਜੀਤ ਸਿੰਘ ਵਾਲੀਆ, ਜਤਿੰਦਰ ਵਰਮਾਨੀ, ਸੁਸ਼ੀਲ ਮੈਣੀ ਸਮੇਤ ਕਈ ਕੌਂਸਲਰਾ ਨੇ ਕਿਹਾ ਕਿ ਸ਼ਹਿਰ ’ਚ ਸਟਰੀਟ ਲਾਈਟਾਂ ਦਾ ਮਾੜਾ ਹਾਲ ਹੈ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਉਸ ਦਾ ਪਹਿਲਾ ਹੀ ਰਿਕਾਰਡ ਠੀਕ ਨਹੀਂ ਹੈ। ਜੋ ਲਾਈਟਾਂ ਉਤਾਰੀਆਂ ਜਾਂਦੀਆ ਹਨ ਉਹ ਮੁੜ ਕੇ ਲੱਗਦੀਆਂ ਹੀ ਨਹੀਂ ਸਗੋਂ ਗਾਇਬ ਹੋ ਜਾਂਦੀਆਂ ਹਨ। ਇਸ ਲਈ ਇਹ ਕੰਮ ਕਿਸੇ ਹੋਰ ਕੰਪਨੀ ਨੂੰ ਦਿੱਤਾ ਜਾਵੇ ਜਾਂ ਨਿਗਮ ਇਹ ਆਪਣੇ ਸਟਾਫ਼ ਨੂੰ ਸੌਂਪੇ ਜਿਸ ’ਤੇ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ’ਤੇ ਮੁੜ ਵਿਚਾਰ ਹੋ ਰਿਹਾ ਹੈ।
ਕਾਂਗਰਸੀ ਕੌਂਸਲਰਾ ਨੇ ਕਿਹਾ ਕਿ ਨਿਗਮ ਵਲੋਂ ਸਕੀਮ ਨੰਬਰ 3 ’ਚ ਬਣਾਏ ਗਏ ਬਾਥਰੂਮ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਉਕਤ ਵਿਅਕਤੀ ਬਾਥਰੂਮ ਤੋੜ ਕੇ ਮਲਬਾ ਵੀ ਚੁੱਕ ਕੇ ਲੈ ਗਏ ਸਨ ਅੱਜ ਤੱਕ ਕੋਈ ਵੀ ਦੋਸ਼ੀ ਕਾਬੂ ਨਹੀਂ ਆਇਆ ਤੇ ਪੁਲੀਸ ਵਲੋਂ ਕੇਸ ਵੀ ਅਣਪਛਾਤਿਆਂ ਖਿਲਾਫ਼ ਦਰਜ ਕੀਤਾ ਗਿਆ ਹੈ ਜਦਕਿ ਸਭ ਨੂੰ ਪਤਾ ਹੋਣ ਦੇ ਬਾਵਜੂਦ ਇਹ ਜਾਣ ਬੁੱਝ ਕੇ ਕੀਤਾ ਗਿਆ ਹੈ। ਉਨ੍ਹਾਂ ਬਰਸਾਤੀ ਮੌਸਮ ਤੋਂ ਪਹਿਲਾ ਬੰਦ ਪਏ ਨਾਲਿਆਂ ਦੀ ਤੁਰੰਤ ਸਫ਼ਾਈ ਕਰਵਾਉਣ ਤੇ ਕਈ ਟੁੱਟੀਆਂ ਸੜਕਾ ਰਿਪੇਅਰ ਕਰਨ ਦੀ ਮੰਗ ਕੀਤੀ। ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਕਾਂਗਰਸੀਆਂ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਲੇਖਾ ਕਮੇਟੀ ਦੇ ਮੈਂਬਰਾਂ ’ਚ ਪਹਿਲਾ ਪਦਮ ਦੇਵ ਸੁਧੀਰ ਤੇ ਦਲਜੀਤ ਕੌਰ ਨੂੰ ਸ਼ਾਮਿਲ ਕੀਤਾ ਗਿਆ ਸੀ ਪਰ ਬਾਅਦ ’ਚ ਇਨ੍ਹਾਂ ਏਜੰਡਾ ਬਦਲ ਕੇ ਉਸ ’ਚ ਦਲਜੀਤ ਕੌਰ ਦਾ ਨਾਮ ਹਟਾ ਕੇ ਰਵੀ ਕੁਮਾਰ ਦਾ ਨਾਮ ਸ਼ਾਮਿਲ ਕਰ ਦਿੱਤਾ। ਇਸ ਨਾਲ ਹਾਊਸ ਦੀ ਮਰਿਆਦਾ ਭੰਗ ਹੁੰਦੀ ਹੈ ਜਿਸ ਤੋਂ ਬਾਅਦ ਮਾਹੌਲ ਪੂਰਾ ਗਰਮਾ ਗਿਆ ਤੇ ਕਾਂਗਰਸੀ ਕੌਂਸਲਰ ਤੇ ‘ਆਪ’ ਦੇ ਕੌਂਸਲਰ ਰਵੀ ਕੁਮਾਰ ਤਲਖ਼ਕਲਾਮੀ ਹੋਈ ਤੇ ਮਿਹਣੋ ਮਿਹਣੀ ਹੋਏ।