ਪੱਥਰਾਂ ਨਾਲ ਭਰਿਆ ਟਰੱਕ ਪਲਟਿਆ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 4 ਜੁਲਾਈ
ਇੱਥੇ ਮੁਕੇਰੀਆਂ ਰੋਡ ’ਤੇ ਪੁਰਾਣਾ ਸ਼ਾਲਾ ਨਜ਼ਦੀਕ ਸ਼ੁੱਕਰਵਾਰ ਸਵੇਰੇ ਤੜਕਸਾਰ ਤਿੰਨ ਵਜੇ ਦੇ ਕਰੀਬ ਮੁਕੇਰੀਆਂ ਵੱਲੋਂ ਆ ਰਿਹਾ ਪੱਥਰ ਨਾਲ ਭਰਿਆ ਟਰੱਕ ਸੜਕ ਕਿਨਾਰਿਆਂ ਦੀ ਮਿੱਟੀ ਕੱਚੀ ਹੋਣ ਕਾਰਨ ਪਲਟ ਗਿਆ। ਗ਼ਨੀਮਤ ਰਹੀ ਕਿ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਕਰ ਕੇ ਟਰੱਕ ਜ਼ਮੀਨ ਵਿੱਚ ਨਹੀਂ ਡਿੱਗਿਆ ਇਸ ਕਰ ਕੇ ਡਰਾਈਵਰ ਦਾ ਬਚਾਅ ਹੋ ਗਿਆ।
ਜ਼ਿਕਰਯੋਗ ਹੈ ਕਿ ਇਹ ਸੜਕ ਬਿਲਕੁਲ ਨਵੀਂ ਬਣੀ ਹੈ ਅਤੇ ਸੜਕ ਕਿਨਾਰੇ ਪਾਈ ਗਈ ਮਿੱਟੀ ਮੀਂਹਾਂ ਕਾਰਨ ਪੋਲੀ ਪੈ ਗਈ ਹੈ। ਇਸ ਮੌਕੇ ਪਹੁੰਚੇ ਟਰੱਕ ਦੇ ਮਾਲਕ ਕਿਰਨ ਕੁਮਾਰ ਨੇ ਦੱਸਿਆ ਕਿ ਉਹ ਪੱਥਰ ਦਾ ਵਪਾਰ ਕਰਦੇ ਹਨ। ਹਾਜੀਪੁਰ ਤੋਂ ਪੱਥਰ ਭਰ ਕੇ ਉਨ੍ਹਾਂ ਦਾ ਡਰਾਈਵਰ ਸੋਹਣ ਲਾਲ ਅਜਨਾਲੇ ਨੂੰ ਜਾ ਰਿਹਾ ਸੀ। ਉਹ ਜਦੋਂ ਪੁਰਾਣਾ ਸ਼ਾਲਾ ਤੋਂ ਥੋੜ੍ਹੀ ਅੱਗੇ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਆ ਰਹੀ ਗੱਡੀ ਨੂੰ ਬਚਾਉਂਦਿਆਂ ਉਸ ਨੇ ਆਪਣੀ ਗੱਡੀ ਕੱਚੇ ’ਤੇ ਲਾਹ ਲਈ ਪਰ ਕਿਨਾਰਿਆਂ ਦੀ ਮਿੱਟੀ ਪੋਲੀ ਹੋਣ ਕਾਰਨ ਇਕਦਮ ਟਰੱਕ ਪਲਟ ਗਿਆ। ਉਨ੍ਹਾਂ ਦੱਸਿਆ ਕਿ ਦਰੱਖਤਾਂ ਕਰ ਕੇ ਟਰੱਕ ਉਨ੍ਹਾਂ ਵਿੱਚ ਫਸ ਗਿਆ ਤੇ ਡਰਾਈਵਰ ਕਿਸੇ ਤਰ੍ਹਾਂ ਬਾਰੀ ਖੋਲ੍ਹ ਕੇ ਬਾਹਰ ਆ ਗਿਆ। ਇਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਟਰੱਕ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜਾ ਟਰੱਕ ਮੰਗਵਾ ਕੇ ਪੱਥਰ ਦੂਜੀ ਗੱਡੀ ਵਿੱਚ ਭਰ ਕੇ ਭੇਜਿਆ ਜਾ ਰਿਹਾ ਹੈ। ਇਸ ਮਗਰੋਂ ਨੁਕਸਾਨੇ ਵਾਹਨ ਨੂੰ ਹਟਵਾਇਆ ਜਾਵੇਗਾ।