ਪੱਤ ਝੜੇ ਪੁਰਾਣੇ ਵੇ...
ਗੁਰਦੀਪ ਢੁੱਡੀ
ਪਾਰਟੀ ਦੇ ਇੰਤਜ਼ਾਮ ਲਈ ਹੋਟਲ-ਕਮ-ਰੈਸਟੋਰੈਂਟ ਪਹੁੰਚੇ। ਰਿਸੈੱਪਸ਼ਨ ਵੱਲ ਅਹੁਲੇ ਤਾਂ ਉੱਥੇ ਚਿੱਟੀ ਕਮੀਜ਼, ਕਾਲ਼ੇ ਰੰਗ ਦੀ ਟਾਈ ਲਾਈ ਮੇਜ਼ ਦੇ ਪਿਛਲੇ ਪਾਸੇ ਸਾਵਧਾਨ ਪੁਜੀਸ਼ਨ ਵਿਚ ਬੈਠੇ ਨੌਜਵਾਨਾਂ ਵਰਗੇ ਬੰਦੇ ਦੀ ਸ਼ਖ਼ਸੀਅਤ ਦਿਲਖਿੱਚਵੀਂ ਜਿਹੀ ਜਾਪੀ ਜਿਵੇਂ ਕਿਸੇ ਸਰਕਾਰੀ ਦਫ਼ਤਰ ਦਾ ਕੋਈ ਵੱਡਾ ਅਧਿਕਾਰੀ ਹੋਵੇ। “ਆਓ ਸਰ, ਬੈਠੋ। ਵੈੱਲਕਮ ਜੀ।” ਉਸ ਨੇ ਬੋਲਣ ਵੇਲੇ ਪੂਰਾ ਸਲੀਕਾ ਅਪਣਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਆਪਣੀ ਵਿਸ਼ੇਸ਼ ਹਸਤੀ ਦਾ ਦਿਖਾਵਾ ਵੀ ਕੀਤਾ। ਚਿਹਰੇ ਦੇ ਹਾਵ-ਭਾਵ ਤੋਂ ਜਾਪਦਾ ਸੀ ਜਿਵੇਂ ਉਹ ਕੋਈ ਹੁਕਮ ਕਰਨ ਵਾਲਾ ਹੀ ਹੋਵੇ। “ਹੁਕਮ ਸਰ! ਕਿੰਨੇ ਬੰਦਿਆਂ ਦਾ ਪ੍ਰਬੰਧ ਕਰਨਾ ਹੈ? ਮੈਨਿਊ ਕੀ ਹੋਵੇਗਾ? ਡਰਿੰਕ ਦਾ ਵੀ ਪ੍ਰਬੰਧ ਕਰਨਾ ਹੈ?” ਕਾਹਲ਼ੇ ਅੰਦਾਜ਼ ’ਚ ਸਵਾਲਾਂ ਦੀ ਝੜੀ ਲਾਉਂਦਿਆਂ ਉਹਨੇ ਕਾਲ ਬੈੱਲ ਦੀ ਘੰਟੀ ਵੀ ਦੱਬ ਦਿੱਤੀ। ਨੌਕਰ ਸਮਝ ਗਿਆ ਤੇ ਟ੍ਰੇਅ ’ਚ ਚਾਰ ਗਿਲਾਸ ਪਾਣੀ ਦੇ ਲੈ ਆਇਆ। ਸਾਹਿਬ-ਸਲਾਮ ਕਰਦੇ ਹੋਏ ਨੇ ਉਹਨੇ ਪਾਣੀ ਪੇਸ਼ ਕੀਤਾ; ਇਹ ਅੰਦਾਜ਼ ਕਈ ਤਰ੍ਹਾਂ ਦੇ ਸੁਨੇਹੇ ਦਿੰਦਾ ਸੀ।
“ਅਸੀਂ ਰਿਟਾਇਰਮੈਂਟ ਪਾਰਟੀ ਕਰਨੀ ਆ, 31 ਤਰੀਕ ਨੂੰ।”
“ਵੈੱਲਕਮ ਜੀ, ਜੀ ਆਇਆਂ ਨੂੰ।” ਮੇਰੇ ਕੁਝ ਹੋਰ ਬੋਲਣ ਤੋਂ ਪਹਿਲਾਂ ਹੀ ਉਹ ਬੋਲ ਪਿਆ ਅਤੇ ਰਜਿਸਟਰ ਦੇਖਣ ਦਾ ਬਹਾਨਾ ਜਿਹਾ ਕਰਨ ਲੱਗ ਪਿਆ। “ਫ਼ਿਲਹਾਲ, ਸਾਡਾ ਮਿੰਨੀ ਹਾਲ ਵਿਹਲਾ ਹੈ। ਤੁਸੀਂ ਬੁਕਿੰਗ ਕਰਵਾ ਜਾਓ”, ਆਖਦਿਆਂ ਉਹਨੇ ਸਾਡੀ ਸਹਿਮਤੀ ਆਪੇ ਹੀ ਮੰਨ ਲਈ।
“ਚੱਲੋ, ਹਾਲ ਵਿਖਾ ਦਿਓ।” ਮੇਰੇ ਸਹਿਯੋਗੀ ਆਖਿਆ।
“ਆਓ, ਆਪਾਂ ਨਿਗਾਹ ਮਾਰ ਲੈਂਦੇ ਹਾਂ। ਪਾਰਟੀ ਚੱਲ ਰਹੀ ਹੈ, ਜਨਮ ਦਿਨ ਦੀ ਪਾਰਟੀ ਆ। ਮੇਰਾ ਖ਼ਿਆਲ, ਸਕੂਲ ਦੇ ਲੜਕੇ ਆ।” ਮੋਢਿਆਂ ਨੂੰ ਵਿਸ਼ੇਸ਼ ਤਰ੍ਹਾਂ ਹਿਲਾਉਂਦਿਆਂ ਉਹਨੇ ਅੱਖਾਂ ਵੀ ਮਟਕਾਉਣ ਵਾਂਗ ਕੀਤੀਆਂ। ਹਾਲ ਦਾ ਦ੍ਰਿਸ਼ ਦੇਖ ਕੇ ਮੈਂ ਤਾਂ ਬੌਂਦਲਿਆਂ ਵਰਗਾ ਹੋ ਗਿਆ। ਸਾਰੇ ਕਿਸੇ ਪ੍ਰਾਈਵੇਟ ਸਕੂਲ ਦੇ ਮੁੰਡੇ ਕੁੜੀਆਂ ਸਨ। ਤਿੰਨ ਚਾਰ ਮੇਜ਼ਾਂ ’ਤੇ ਬੈਠੇ ਮੁੰਡੇ ਸ਼ਰਾਬ ਪੀਂਦੇ ਅਤੇ ਮੀਟ ਖਾਂਦੇ ਖਰਮਸਤੀ ਕਰ ਰਹੇ ਸਨ ਅਤੇ ਕੁਝ ਬਰਗਰ, ਪੀਜ਼ੇ ਖਾਂਦੇ ਹੋਏ ਕੋਲਡ ਡਰਿੰਕ ਨੂੰ ਸ਼ਰਾਬ ਦੇ ਪੈੱਗਾਂ ਵਾਂਗ ਹੀ ਕਰ ਰਹੇ ਸਨ। ਹੁੱਲੜਬਾਜ਼ੀ ਵਿਚ ਉਹ ਵੀ ਸ਼ਰਾਬੀਆਂ ਵਰਗੇ ਹੀ ਜਾਪਦੇ ਸਨ। ਮੈਨੂੰ ਆਪਣੇ ਸਕੂਲ ਦੇ ਨੌਵੀਂ ਦਸਵੀਂ ਜਮਾਤ ਦੇ ਦਿਨ ਯਾਦ ਆ ਗਏ।
ਸਾਡਾ ਸਕੂਲ ਪਿੰਡ ਦੇ ਬਾਹਰਵਾਰ ਵਾਂਗ, ਘਰਾਂ ਦੇ ਨੇੜੇ ਹੀ ਸੀ। ਇਸ ਦੇ ਚੜ੍ਹਦੇ ਪਾਸੇ ਭਲੂਰ ਪਿੰਡ ਨੂੰ ਰਾਹ ਜਾਂਦਾ ਸੀ ਅਤੇ ਇਸ ਦੇ ਉੱਤੋਂ ਦੀ ਲੰਘ ਕੇ ਮੰਡਵਾਲੇ ਨੂੰ ਜਾਈਦਾ ਸੀ। ਭਲੂਰ ਵਾਲੇ ਰਾਹ ਨਾਲ ਥੋੜ੍ਹਾ ਹਟਵਾਂ ਬਾਗ ਸੀ। ਇਸ ਪਾਸੇ ਉੱਚੀ ਕੰਡਿਆਲ਼ੀ ਤਾਰ ਦੀ ਵਾੜ ਕੀਤੀ ਹੋਈ ਸੀ। ਲੰਮੇ ਚੌੜੇ ਥਾਂ ਵਿਚ ਮਾਲਟਿਆਂ ਅਤੇ ਸੰਤਰਿਆਂ ਦੇ ਬੂਟੇ ਦੂਰੋਂ ਹੀ ਸੈਨਤਾਂ ਮਾਰਦੇ ਜਾਪਦੇ ਸਨ। ਸਿਆਲ਼ ਦੇ ਦਿਨੀਂ ਜਦੋਂ ਠੰਢ ਥੋੜ੍ਹੀ-ਥੋੜ੍ਹੀ ਛਣਨੀ ਜਿਹੀ ਸ਼ੁਰੂ ਹੋ ਜਾਂਦੀ ਤਾਂ ਅਸੀਂ ਤਿੰਨ ਦੋਸਤ (ਬਿੱਕਰ, ਰੂੜਾ ਤੇ ਮੈਂ) ਆਨਿਆਂ ਚੁਆਨੀਆਂ ਦੇ ਹਿਸਾਬ ਬਰਾਬਰ ਦੇ ਪੈਸੇ ਪਾ ਕੇ ਮਾਲਟੇ ਸੰਤਰੇ ਖਾਣ ਚਲੇ ਜਾਂਦੇ। ਮਾਲਕ ਤਾਂ ਸ਼ਾਮ ਵੇਲੇ ਬਾਗ ਵਿਚ ਘੱਟ ਹੀ ਹੁੰਦੇ ਸਨ, ਉੱਥੇ ਆਮ ਤੌਰ ’ਤੇ ਕਰਿੰਦੇ ਹੀ ਹੁੰਦੇ ਸਨ। ਪੜ੍ਹਦਿਆਂ ਹੋਣ ਕਰ ਕੇ ਸਾਡੇ ਉੱਥੇ ਜਾਣ ’ਤੇ ਉਹ ਸਾਡਾ ਸਵਾਗਤ ਕਰਨ ਵਾਲਿਆਂ ਵਾਂਗ ਕਰਦੇ। ਅਸੀਂ ਭਲੇਮਾਣਸ ਬਣ ਕੇ ਉਨ੍ਹਾਂ ਦੇ ਠਹਿਰਨ ਵਾਲੀ ਥਾਂ ਕੋਲ ਬੈਠ ਜਾਂਦੇ। ਕਰਿੰਦੇ ਸਾਨੂੰ ਪੈਸਿਆਂ ਨਾਲੋਂ ਵੀ ਵੱਧ ਮਾਲਟੇ ਸੰਤਰੇ ਤੋੜ ਕੇ ਦੇ ਦਿੰਦੇ। ਉੱਥੇ ਹੀ ਬੈਠ ਕੇ ਅਸੀਂ ਖਾ ਕੇ ਘਰ ਵਾਪਸ ਆ ਜਾਂਦੇ। ਥੋੜ੍ਹੇ ਜਿਹੇ ਪੈਸਿਆਂ ਦੇ ਕੁਝ ਮਾਲਟੇ ਜਾਂ ਸੰਤਰੇ ਅਸੀਂ ਘਰ ਵਾਸਤੇ ਵੀ ਲੈ ਆਉਂਦੇ। ਇਹ ਸਾਡਾ ਇਸ ਉਮਰ ਦਾ ਖਰਚਾ ਸੀ ਜਿਹੜਾ ਸਾਲ ਵਿਚ ਕੁਝ ਕੁ ਦਿਨ ਹੀ ਹੁੰਦਾ ਸੀ। ਸ਼ਹਿਰ ਆਉਣਾ, ਫਿਲਮ ਦੇਖਣਾ ਜਾਂ ਕੁਝ ਹੋਰ ਅਜਿਹਾ ਕਰਨਾ, ਸਾਡੇ ਵਾਸਤੇ ਅਣਹੋਈ ਗੱਲ ਸੀ।
ਹੁਣ ਪੜ੍ਹਨ ਵਾਲੇ ਬੱਚਿਆਂ ਵਿਚੋਂ ਥੋੜ੍ਹਾ ਜਿਹਾ ਸਰਦੇ ਪੁੱਜਦੇ ਘਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਜਾਂਦੇ ਹਨ। ਇੱਥੇ, ਜਿੱਥੇ ਫ਼ੀਸਾਂ ਵਾਹਵਾ ਹੁੰਦੀਆਂ, ਉੱਥੇ ਬੱਚਿਆਂ ਦਾ ਜੇਬ ਖਰਚਾ ਵੀ ਚੋਖਾ ਹੁੰਦਾ ਹੋਵੇਗਾ। ਹੋ ਸਕਦਾ ਹੈ, ਇਨ੍ਹਾਂ ਬੱਚਿਆਂ ਨੂੰ ਇਹ ਅਹਿਸਾਸ ਵੀ ਹੁੰਦਾ ਹੋਵੇ ਕਿ ਸਕੂਲ ਦੇ ਅਧਿਆਪਕ ਪੜ੍ਹਾਉਣ ਦਾ ਕੋਈ ਪਰਉਪਕਾਰ ਨਹੀਂ ਕਰਦੇ ਕਿਉਂਕਿ ਉਹ ਤਾਂ ਚੋਖੀਆਂ ਫੀਸਾਂ ਭਰ ਕੇ ਪੜ੍ਹਾਈ ਕਰਦੇ ਹਨ। ਇਸੇ ਕਰ ਕੇ ਇਹ ਬੱਚੇ ਅਧਿਆਪਕਾਂ ਤੋਂ ਡਰਨ ਦੀ ਥਾਂ ਮਿੱਤਰਤਾ ਵਾਲਾ ਸਲੂਕ ਕਰਦੇ ਦੇਖੇ ਜਾ ਸਕਦੇ ਹਨ ਅਤੇ ਸਕੂਲ ਵਿਚ ਹੀ ਪਾਰਟੀਆਂ ਵਗੈਰਾ ਵੀ ਕਰ ਲੈਂਦੇ ਹਨ। ਸਾਡੇ ਵਾਸਤੇ ਤਾਂ ਦਸਵੀਂ ਦੇ ਸਾਲਾਨਾ ਪੇਪਰਾਂ ਤੋਂ ਪਹਿਲਾਂ ਦੀ ਵਿਦਾਇਗੀ ਪਾਰਟੀ ਸਮੇਂ ਅਧਿਆਪਕਾਂ ਕੋਲ ਖੜ੍ਹ/ਬੈਠ ਕੇ ਖਾਣਾ ਵੀ ਔਖਾ ਲੱਗਦਾ ਸੀ ਪਰ ਹੁਣ ਤਾਂ ਨੌਵੀਂ ਦਸਵੀਂ ਜਮਾਤ ਦੇ ਬੱਚੇ ਆਪਣਾ ਜਨਮ ਦਿਨ ਵੀ ‘ਸੈਲੀਬਰੇਟ’ ਕਰਦੇ ਹਨ।
ਸਮਾਂ ਬਦਲ ਗਿਆ ਹੈ ਅਤੇ ਹੁਣ ਸਾਡੇ ਵਰਗਿਆਂ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ‘ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ’ ਪਰ ਇਹ ਰੁੱਤ ਕਿਹੋ ਜਿਹੀ ਹੈ? ਇਹ ਬਦਲੀ ਹੋਈ ਰੁੱਤ ਦੀ ਦਿਸ਼ਾ ਕਿਧਰੇ ਭਟਕਣ ਦੇ ਰਾਹ ਤਾਂ ਨਹੀਂ ਪਾ ਦੇਵੇਗੀ? ਇਸ ਵਿਚ ਕਿਸ ਦਾ ਤੇ ਕਿੰਨਾ ਕਸੂਰ ਹੈ?... ਇਹ ਵੀ ਵਿਚਾਰਨ ਵਾਲੀ ਗੱਲ ਹੈ, ਜਾਂ ਇਹ ਕਿੰਨੀ ਕੁ ਠੀਕ ਹੈ ਤੇ ਕਿੰਨੀ ਕੁ ਗ਼ਲਤ ਹੈ?
ਸੰਪਰਕ: 95010-20731