For the best experience, open
https://m.punjabitribuneonline.com
on your mobile browser.
Advertisement

ਪੱਛਮੀ ਏਸ਼ੀਆ ’ਤੇ ਸੰਕਟ ਦੇ ਬੱਦਲ

04:33 AM Jun 24, 2025 IST
ਪੱਛਮੀ ਏਸ਼ੀਆ ’ਤੇ ਸੰਕਟ ਦੇ ਬੱਦਲ
Advertisement

ਸੀ ਉਦੈ ਭਾਸਕਰ

Advertisement

ਇਰਾਨੀ ਪਰਮਾਣੂ ਟਿਕਾਣਿਆਂ- ਫੋਰਡੋ, ਨਤਾਂਜ਼ ਤੇ ਇਸਫਾਹਾਨ ’ਤੇ ਅਮਰੀਕੀ ਫ਼ੌਜੀ ਹੱਲੇ ਇਜ਼ਰਾਈਲ ਇਰਾਨ ਟਕਰਾਅ ’ਚ ਮਹੱਤਵਪੂਰਨ ਤੇ ਨਿਸ਼ਚਿਤ ਵਾਧੇ ਦਾ ਪ੍ਰਤੀਕ ਹਨ। ਇਨ੍ਹਾਂ ਦੇ ਸੰਭਾਵੀ ਤੌਰ ’ਤੇ ਗੁੰਝਲਦਾਰ ਅਤੇ ਅਸਥਿਰਤਾ ਪੈਦਾ ਕਰਨ ਵਾਲੇ ਅਸਰ ਹੋ ਸਕਦੇ ਹਨ।
ਅਮਰੀਕਾ ਹੁਣ ਖੇਤਰੀ ਯੁੱਧ ਵਿੱਚ ਸਿੱਧੇ ਤੌਰ ’ਤੇ ਫ਼ੌਜੀ ਰੂਪ ’ਚ ਸ਼ਾਮਿਲ ਹੋ ਗਿਆ ਹੈ ਅਤੇ ਟਕਰਾਅ ’ਚ ਵਾਧੇ ਦੀ ਸੰਭਾਵਨਾ ਹੁਣ ਚਾਰ ਕਾਰਕਾਂ ਤੇ ਉਨ੍ਹਾਂ ਨਾਲ ਜੁੜੀਆਂ ਕਾਰਵਾਈਆਂ ’ਤੇ ਨਿਰਭਰ ਕਰੇਗੀ। ਪਹਿਲਾ ਹੈ ਇਰਾਨ, ਜੋ ਅਮਰੀਕੀ ਹਮਲਿਆਂ ਦਾ ਨਿਸ਼ਾਨਾ ਹੈ। ਤਹਿਰਾਨ ਨੇ ਹੋਰਮੁਜ਼ ਜਲ ਮਾਰਗ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਆਲਮੀ ਤੇਲ ਬਾਜ਼ਾਰ ’ਚ ਉਥਲ-ਪੁਥਲ ਮਚ ਜਾਵੇਗੀ ਅਤੇ ਭਾਰਤ ਵਰਗੇ ਹਾਈਡ੍ਰੋ-ਕਾਰਬਨ ਦਰਾਮਦ ਕਰਨ ਵਾਲੇ ਦੇਸ਼ਾਂ ’ਤੇ ਮਾੜਾ ਅਸਰ ਪਵੇਗਾ।
ਦੂਜਾ ਕਾਰਕ ਹੈ ਕੁਝ ਮੁਖਤਾਰ (ਪ੍ਰੌਕਸੀ) ਗਰੁੱਪ- ਹੂਤੀ, ਹਮਾਸ ਜਾਂ ਹਿਜ਼ਬੁੱਲਾ, ਜਿਹੜੇ ਅਮਰੀਕੀ ਅਤੇ ਇਜ਼ਰਾਇਲੀ ਅਸਾਸਿਆਂ (ਜਿਨ੍ਹਾਂ ਵਿੱਚ ਵਪਾਰਕ ਜਹਾਜ਼ ਵੀ ਸ਼ਾਮਿਲ ਹਨ) ਵਿਰੁੱਧ ਘੱਟ ਤੀਬਰਤਾ ਵਾਲੀ ਅਸਪੱਸ਼ਟ ਯੁੱਧ ਰਣਨੀਤੀ ਅਪਣਾ ਸਕਦੇ ਹਨ।
ਤੀਜਾ ਕਾਰਕ ਹੈ ਬਾਹਰੀ ਤਾਕਤ- ਰੂਸ ਜਾਂ ਚੀਨ, ਜਿਨ੍ਹਾਂ ਹਾਲ ਹੀ ’ਚ ਅਮਰੀਕਾ ਨੂੰ ਇਜ਼ਰਾਈਲ ਇਰਾਨ ਜੰਗ ਵਿੱਚ ਸਿੱਧੇ ਤੌਰ ’ਤੇ ਸ਼ਾਮਿਲ ਨਾ ਹੋਣ ਦੀ ਚਿਤਾਵਨੀ ਦਿੱਤੀ ਸੀ; ਹਾਲਾਂਕਿ ਘਰੇਲੂ ਤਰਜੀਹਾਂ ਦੇ ਮੱਦੇਨਜ਼ਰ, ਮਾਸਕੋ ਜਾਂ ਪੇਈਚਿੰਗ ਵੱਲੋਂ ਇਰਾਨ ਦੀ ਸਿੱਧੇ ਤੌਰ ’ਤੇ ਸੈਨਿਕ ਦਖ਼ਲ ਨਾਲ ਮਦਦ ਕਰਨ ਦੀ ਸੰਭਾਵਨਾ ਘੱਟ ਹੀ ਹੈ।
ਚੌਥਾ ਹੈ ਅਮਰੀਕਾ ਤੇ ਖ਼ਾਸ ਤੌਰ ’ਤੇ ਉਸ ਦੀ ਘਰੇਲੂ ਸਿਆਸਤ, ਜਿੱਥੇ ਰਿਪਬਲਿਕਨ ਪਾਰਟੀ ’ਚ ਅੰਦਰੂਨੀ ਤੌਰ ’ਤੇ ਇਰਾਨ ਹਮਲਿਆਂ ਬਾਰੇ ਇਤਰਾਜ਼ ਜਤਾਏ ਗਏ ਹਨ। ਅਮਰੀਕੀ ਜਨਤਾ ਦੀ ਰਾਇ ਵੀ ਅਹਿਮ ਹੈ, ਜਿਸ ਨੇ ਹੁਣ ਤੱਕ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੇ ਜੰਗ ਵਿਰੋਧੀ ਰੁਖ਼ ਦਾ ਸਮਰਥਨ ਕੀਤਾ ਹੈ, ਉਹ ਅਮਰੀਕਾ ਵੱਲੋਂ ਕਾਫ਼ੀ ਦੂਰ ਪੈਂਦੇ ਦੁਨੀਆ ਦੇ ਇੱਕ ਹਿੱਸੇ ’ਚ ਜੰਗ ਸਹੇੜਨ ਅਤੇ ਇਸ ’ਚ ਉਲਝਣ ਬਾਰੇ ਚਿੰਤਤ ਹੈ।
ਅਮਰੀਕਾ ਦੀ ਜਲਦਬਾਜ਼ੀ ਵਾਲੀ ਇਸ ਕਾਰਵਾਈ ਨੂੰ ਇਸ ਆਧਾਰ ’ਤੇ ਜਾਇਜ਼ ਠਹਿਰਾਇਆ ਜਾ ਰਿਹਾ ਹੈ ਕਿ ਇਰਾਨ ਕੋਲ ਕਿਸੇ ਵੀ ਕੀਮਤ ’ਤੇ ਪਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ- ਚਾਹੇ ਕੁਝ ਵੀ ਹੋਵੇ ਅਤੇ ਉਸ ਦਾ ਮੌਜੂਦਾ ਯੂਰੇਨੀਅਮ ਸੋਧ ਪ੍ਰੋਗਰਾਮ ਉਸੇ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਇਸ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਹੈ ਕਿ ਤਹਿਰਾਨ ਪਰਮਾਣੂ ਹਥਿਆਰ ਬਣਾਉਣ ਦੇ ਨੇੜੇ ਹੈ। ਅਮਰੀਕਾ ਅੰਦਰਲਾ ਵਿਰੋਧਾਭਾਸ ਇਸ ਹਮਲੇ ਦੇ ਨਿਆਂਸੰਗਤ ਹੋਣ ’ਤੇ ਸਵਾਲ ਖੜ੍ਹੇ ਕਰਦਾ ਹੈ। ਅਮਰੀਕਾ ਦੀ ਰਾਸ਼ਟਰੀ ਇੰਟੈਲੀਜੈਂਸ ਡਾਇਰੈਕਟਰ (ਡੀਐੱਨਆਈ) ਤੁਲਸੀ ਗਬਾਰਡ ਨੇ ਮਾਰਚ ਵਿੱਚ ਅਮਰੀਕੀ ਕਾਂਗਰਸ ਸਾਹਮਣੇ ਗਵਾਹੀ ਦਿੱਤੀ ਸੀ ਕਿ “ਅਮਰੀਕੀ ਖੁਫ਼ੀਆ ਜਮਾਤ ਇਹ ਮੁਲਾਂਕਣ ਕਰਦੀ ਰਹੀ ਹੈ ਕਿ ਇਰਾਨ ਪਰਮਾਣੂ ਹਥਿਆਰ ਨਹੀਂ ਬਣਾ ਰਿਹਾ।”
ਪਰ ਗਬਾਰਡ ਨੂੰ ਟਰੰਪ ਨੇ ਝਿੜਕਿਆ ਅਤੇ 20 ਜੂਨ ਨੂੰ ਕਿਹਾ ਕਿ ਡੀਐੱਨਆਈ ਉਸ ਵੇਲੇ ਗ਼ਲਤ ਸੀ ਜਦੋਂ ਉਸ ਨੇ ਇਹ ਕਿਹਾ ਸੀ ਕਿ ਇਰਾਨ ਵੱਲੋਂ ਪਰਮਾਣੂ ਹਥਿਆਰ ਬਣਾਏ ਜਾਣ ਦਾ ਕੋਈ ਸਬੂਤ ਨਹੀਂ ਹੈ। ਇਹ ਸਪੱਸ਼ਟ ਸੰਕੇਤ ਸੀ ਕਿ ਟਰੰਪ ਨੇ ਇਰਾਨ ’ਤੇ ਹਮਲਾ ਕਰਨ ਦਾ ਮਨ ਬਣਾ ਲਿਆ ਹੈ। ਤਹਿਰਾਨ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਉਹ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ਅਤੇ ਇਸ ਦੀ ਬਜਾਏ ਪਰਮਾਣੂ ਪ੍ਰਸਾਰ ਵਿਰੋਧੀ ਸੰਧੀ (ਐੱਨਪੀਟੀ) ਦੇ ਗ਼ੈਰ-ਪਰਮਾਣੂ ਹਥਿਆਰਾਂ ਵਾਲੇ ਮੁਲਕ (ਐੱਨਐੱਨਡਬਲਿਊਐੱਸ) ਵਜੋਂ ਪਰਮਾਣੂ ਸੁਧਾਰ ਦੇ ਆਪਣੇ ਅਧਿਕਾਰ ਦੀ ਰਾਖੀ ਕਰਨਾ ਚਾਹੁੰਦਾ ਹੈ। ਇਰਾਨ ਨੇ ਇਹ ਵੀ ਕਿਹਾ ਹੈ ਕਿ ਹਮਲਾਵਰਾਂ (ਇਜ਼ਰਾਈਲ ਤੇ ਅਮਰੀਕਾ) ਦੀਆਂ ਕਾਰਵਾਈਆਂ ਕੌਮਾਂਤਰੀ ਨਿਯਮਾਂ ਅਤੇ ਸੰਧੀਆਂ ਦੀ ਗੰਭੀਰ ਉਲੰਘਣਾ ਹਨ ਅਤੇ ਇਸ ਦਾ ਬਦਲਾ ਲਿਆ ਜਾਵੇਗਾ।
ਐਕਸ ’ਤੇ ਪਾਈ ਪੋਸਟ ਵਿੱਚ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਇਰਾਨ ’ਤੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, “ਮੈਂ ਅਮਰੀਕਾ ਵੱਲੋਂ ਇਰਾਨ ’ਤੇ ਬਲ ਦੀ ਵਰਤੋਂ ਤੋਂ ਬਹੁਤ ਚਿੰਤਤ ਹਾਂ। ਇਹ ਪਹਿਲਾਂ ਹੀ ਟਕਰਾਅ ਦੀ ਕਗਾਰ ’ਤੇ ਖੜ੍ਹੇ ਖੇਤਰ ’ਚ ਤਣਾਅ ਵਿੱਚ ਖ਼ਤਰਨਾਕ ਵਾਧਾ ਹੈ ਅਤੇ ਆਲਮੀ ਸ਼ਾਂਤੀ ਤੇ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ। ਮੈਂ ਮੈਂਬਰ ਦੇਸ਼ਾਂ ਨੂੰ ਤਣਾਅ ਘਟਾਉਣ ਅਤੇ ਸੰਯੁਕਤ ਰਾਸ਼ਟਰ ਐਲਾਨਨਾਮੇ ਤੇ ਕੌਮਾਂਤਰੀ ਕਾਨੂੰਨਾਂ ਦੇ ਬਾਕੀ ਨਿਯਮਾਂ ਅਧੀਨ ਆਪਣੇ ਫ਼ਰਜ਼ ਅਦਾ ਕਰਨ ਦੀ ਅਪੀਲ ਕਰਦਾ ਹਾਂ।”
ਕੀ ਅਮਰੀਕਾ, ਜਿਨ੍ਹਾਂ ਨੂੰ ਇਹ ਸਮੂਹਿਕ ਤਬਾਹੀ ਦੇ ਹਥਿਆਰਾਂ (ਡਬਲਿਊਐੱਮਡੀ) ਦੇ ਖ਼ਤਰੇ ਵਜੋਂ ਵੇਖਦਾ ਹੈ, ਨੂੰ ਰੋਕਣ ਲਈ ਇੱਕਪਾਸੜ ਤੌਰ ’ਤੇ ਕਾਰਵਾਈ ਕਰ ਸਕਦਾ ਹੈ ਅਤੇ ਕੀ ਰਾਸ਼ਟਰਪਤੀ ਟਰੰਪ ਦੀ ਇਹ ਕਾਰਵਾਈ ਵਾਸ਼ਿੰਗਟਨ ਵੱਲੋਂ ਕੌਮਾਂਤਰੀ ਕਾਨੂੰਨਾਂ ਤੇ ਸਬੰਧਿਤ ਸਮਝੌਤਿਆਂ ਨੂੰ ਕਾਇਮ ਰੱਖਣ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਨਹੀਂ ਹੈ? ਇਸ ਸਵਾਲ ਦਾ ਜਿਹੜਾ ਜਵਾਬ ਹੋਵੇਗਾ, ਉਹੀ ਉੱਭਰ ਰਹੀ ਵਿਸ਼ਵ ਵਿਵਸਥਾ ਜਾਂ ਫਿਰ ਬੇਤਰਤੀਬੀ ਨੂੰ ਨਵਾਂ ਰੂਪ ਦੇਵੇਗਾ।
ਮੰਨਿਆ ਜਾਂਦਾ ਰਿਹਾ ਹੈ ਕਿ ਪੱਛਮੀ ਏਸ਼ੀਆ ’ਚ ਇਜ਼ਰਾਈਲ ਨੇ 60ਵਿਆਂ ਦੇ ਅਖ਼ੀਰ ’ਚ ਫਰਾਂਸੀਸੀ ਸਹਾਇਤਾ ਅਤੇ ਅਮਰੀਕਾ ਦੇ ਮੌਨ ਸਮਰਥਨ ਨਾਲ ਗੁੱਝੇ ਰੂਪ ’ਚ ਪਰਮਾਣੂ ਸ਼ਕਤੀ ਹਾਸਿਲ ਕੀਤੀ ਸੀ। ਇਸ ਗੱਲ ਤੋਂ ਇਜ਼ਰਾਈਲ ਨਾ ਤਾਂ ਇਨਕਾਰ ਕਰਦਾ ਹੈ ਅਤੇ ਨਾ ਹੀ ਇਸ ਦੀ ਪੁਸ਼ਟੀ ਕਰਦਾ ਹੈ। ਇਜ਼ਰਾਈਲ ਨੇ ਭਾਰਤ ਅਤੇ ਪਾਕਿਸਤਾਨ ਵਾਂਗ ਐੱਨਪੀਟੀ ’ਤੇ ਦਸਤਖ਼ਤ ਵੀ ਨਹੀਂ ਕੀਤੇ ਹਨ।
ਇਜ਼ਰਾਈਲ ਵੱਲੋਂ 13 ਜੂਨ ਨੂੰ ਇਰਾਨ ’ਤੇ ਕੀਤੇ ਹਮਲੇ ਅਤੇ ਮੌਜੂਦਾ ਅਮਰੀਕੀ ਕਾਰਵਾਈ ਲਈ ਦਿੱਤਾ ਜਾ ਰਿਹਾ ਤਰਕ ਅਸਥਿਰ ਜਾਂ ਬਹਿਸਯੋਗ ਹੈ। ਇਸ ਦਾ ਮੁੱਢ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ 12 ਜੂਨ ਦੇ ਮਤੇ ਨੇ ਬੰਨ੍ਹਿਆ ਸੀ ਜਿਸ ਵਿੱਚ ਤਹਿਰਾਨ ਦੀ ਯੂਰੇਨੀਅਮ ਸੋਧਣ ਸਬੰਧੀ ਵਚਨਬੱਧਤਾ ਅਤੇ ਨਿਰੀਖਣਾਂ ’ਚ ਮਿਲੀਆਂ ਉਲੰਘਣਾਵਾਂ ਲਈ ਘੋਰ ਨਿੰਦਾ ਕੀਤੀ ਗਈ ਸੀ। ਪਰ ਏਜੰਸੀ ਨੇ ਇਹ ਸਿੱਟਾ ਨਹੀਂ ਕੱਢਿਆ ਸੀ ਕਿ ਇਰਾਨ ਪਰਮਾਣੂ ਹਥਿਆਰ ਬਣਾਉਣ ਦੇ ਬਹੁਤ ਨੇੜੇ ਸੀ। ਫਿਰ ਵੀ ਇਜ਼ਰਾਈਲ ਨੇ ਇਰਾਨ ’ਤੇ ਹਮਲਾ ਕੀਤਾ, ਆਪਣੀ ਇੱਕਪਾਸੜ ਕਾਰਵਾਈ ਨੂੰ ਸਵੈ-ਰੱਖਿਆ ਦੇ ਅਗਾਊਂ ਕਦਮ ਵਜੋਂ ਜਾਇਜ਼ ਠਹਿਰਾਇਆ। ਤਰਕ ਇਹ ਦਿੱਤਾ ਗਿਆ ਸੀ ਕਿ ਇਰਾਨ ਨੇ ਨੇੜਲੇ ਭਵਿੱਖ ’ਚ ਪਰਮਾਣੂ ਹਥਿਆਰ ਬਣਾ ਲੈਣੇ ਸਨ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਹ ਬਿਲਕੁਲ ਸਵੀਕਾਰ ਨਹੀਂ ਸੀ।
ਏਸ਼ੀਆ ਦਾ ਰਣਨੀਤਕ ਢਾਂਚਾ ਬਹੁਤ ਗੁੰਝਲਦਾਰ ਹੈ, ਜਿਸ ਵਿੱਚੋਂ ਚੀਨ ਉਨ੍ਹਾਂ ਪੰਜ ਪਰਮਾਣੂ ਸ਼ਕਤੀਆਂ (ਅਮਰੀਕਾ ਦੀ ਅਗਵਾਈ ਵਿੱਚ) ਦਾ ਹਿੱਸਾ ਹੈ ਜਿਨ੍ਹਾਂ ਕੇਵਲ ਖ਼ੁਦ ਨੂੰ ਇਹ ਸ਼ਕਤੀਆਂ ਰੱਖਣ ਦਾ ਹੱਕ ਦਿੱਤਾ ਹੋਇਆ ਹੈ ਜਦੋਂਕਿ ਦੂਜਿਆਂ ਨੂੰ ਉਹ ਇਸ ਤੋਂ ਮਨ੍ਹਾ ਕਰਦੇ ਹਨ। ਜਦ 1968 ਵਿੱਚ ਐੱਨਪੀਟੀ ਪੇਸ਼ ਕੀਤਾ ਗਿਆ ਸੀ ਤਾਂ ਭਾਰਤ ਨੇ ਦਲੀਲ ਦਿੱਤੀ ਸੀ ਕਿ ਇਹ ‘ਨਿਹੱਥਿਆਂ ਨੂੰ ਹਥਿਆਰਾਂ ਤੋਂ ਦੂਰ’ ਕਰਨ ਵਰਗਾ ਹੈ ਤੇ ਅਜਿਹੀ ਪੱਖਪਾਤੀ ਸੰਧੀ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਅਤੇ ਇਜ਼ਰਾਈਲ ਨੇ ਵੀ ਦਸਤਖ਼ਤ ਨਹੀਂ ਕੀਤੇ ਸਨ।
ਹੁਣ ਪਹਿਲੀਆਂ ਪੰਜ ਤਾਕਤਾਂ ਦੇ ਨਾਲ-ਨਾਲ ਚਾਰ ਹੋਰ ਮੁਲਕ ਪਰਮਾਣੂ ਹਥਿਆਰਾਂ ਨਾਲ ਲੈਸ ਹਨ: ਭਾਰਤ ਤੇ ਪਾਕਿਸਤਾਨ, ਜਿਨ੍ਹਾਂ 1998 ’ਚ ਆਪਣੀ ਇਸ ਸਮਰੱਥਾ ਦਾ ਐਲਾਨ ਕੀਤਾ; ਇਜ਼ਰਾਈਲ ਜਿਸ ਨੇ ਅਜੇ ਪੁਸ਼ਟੀ ਨਹੀਂ ਕੀਤੀ ਅਤੇ ਉੱਤਰੀ ਕੋਰੀਆ ਜਿਸ ਨੇ ਇਸ ਬਾਰੇ ਆਪੇ ਐਲਾਨ ਕੀਤਾ ਹੋਇਆ ਹੈ। ਜੇ ਇਹ ਮੁਲਕ ਪੂਰੇ ਯਕੀਨ ਨਾਲ ਕਹਿੰਦੇ ਹਨ ਕਿ ਪਰਮਾਣੂ ਹਥਿਆਰਾਂ ਤੋਂ ਬਿਨਾਂ ਉਨ੍ਹਾਂ ਦੀ ਮੌਜੂਦਾ ਸ਼ਾਸਨ ਪ੍ਰਣਾਲੀ ਤੇ ਬੁਨਿਆਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ, ਫਿਰ ਇਰਾਨ ਨੂੰ ਕਿਵੇਂ ਮਨਾਇਆ ਜਾ ਸਕਦਾ ਹੈ ਕਿ ਉਸ ਨੂੰ ਪਰਮਾਣੂ ਹਥਿਆਰਾਂ ਜਾਂ ਯੂਰੇਨੀਅਮ ਸੋਧ ਦੇ ਉਨ੍ਹਾਂ ਹੱਕਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਜੋ ਐੱਨਪੀਟੀ ਉੱਤੇ ਦਸਤਖ਼ਤ ਕਰਨ ਵਾਲੇ ਮੁਲਕ ਵਜੋਂ ਉਸ ਦੇ ਬਣਦੇ ਹਨ?
ਇਰਾਨੀ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਹਮਲਿਆਂ ਦੇ ‘ਚਿਰ ਸਥਾਈ ਸਿੱਟੇ’ ਨਿਕਲਣਗੇ। ਤਹਿਰਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਹੈ: “ਉਨ੍ਹਾਂ ਨੇ ਪਰਮਾਣੂ ਟਿਕਾਣਿਆਂ ’ਤੇ ਹਮਲਾ ਕਰ ਕੇ ਬਹੁਤ ਵੱਡੀ ਲਾਲ ਰੇਖਾ ਉਲੰਘੀ ਹੈ। ਸਾਨੂੰ ਆਪਣੇ ਸਵੈ-ਰੱਖਿਆ ਦੇ ਅਧਿਕਾਰ ਦੇ ਆਧਾਰ ’ਤੇ ਜਵਾਬ ਦੇਣਾ ਪਵੇਗਾ।”
ਰਾਸ਼ਟਰਪਤੀ ਟਰੰਪ ਤਾਕਤ ਦੇ ਸਿਧਾਂਤ ਅਤੇ ਥੋੜ੍ਹਚਿਰੀ ਵਿਹਾਰਕ ਰਾਜਨੀਤੀ (ਨੈਤਿਕ ਜਾਂ ਵਿਚਾਰਕ ਸੋਚ ਦੀ ਥਾਂ) ਦੇ ਅਧੀਨ ਹੋ ਚੁੱਕੇ ਹਨ। ਉਹ ਬਰਾਬਰੀ ਦੇ ਸਿਧਾਂਤ ਦੀ ਅਟੱਲ ਸ਼ਕਤੀ ਨੂੰ ਤਿਆਗ ਰਹੇ ਹਨ। ਨਤੀਜੇ ਵਜੋਂ ਵਿਸ਼ਵਵਿਆਪੀ ਪਰਮਾਣੂ ਮਸਲੇ ਦਾ ਪ੍ਰਬੰਧਨ ਵਰਤਮਾਨ ਨਾਲੋਂ ਕਿਤੇ ਵੱਧ ਚੁਣੌਤੀਪੂਰਨ ਤੇ ਅਸਥਿਰ ਹੋ ਜਾਵੇਗਾ। ਇਹ ਮੌਜੂਦਾ ਯੁੱਧ ਨੂੰ ਖ਼ਤਰਨਾਕ ਢੰਗ ਨਾਲ ਫ਼ੈਸਲਾਕੁਨ ਰੂਪ ਦੇਵੇਗਾ।
*ਲੇਖਕ ਸੁਸਾਇਟੀ ਫਾਰ ਪਾਲਿਸੀ ਸਟੱਡੀਜ਼ ਦੇ ਡਾਇਰੈਕਟਰ ਹਨ।

Advertisement
Advertisement

Advertisement
Author Image

Jasvir Samar

View all posts

Advertisement