ਪੱਕਣ ’ਤੇ ਆਈ ਹਾੜ੍ਹੀ ਦੀ ਫ਼ਸਲ ’ਤੇ ਤਾਰੀ ਕਰੋਨਾ ਦਾ ਖੌਫ਼

ਪਿੰਡ ਦਾਲਮ ਦਾ ਕਿਸਾਨ ਬਲਜੀਤ ਸਿੰਘ ਘਰ ਖੜ੍ਹੀ ਕੰਬਾਈਨ ਵਿਖਾਉਂਦੇ ਹੋਏ।

ਰਾਜਨ ਮਾਨ
ਰਮਦਾਸ, 25 ਮਾਰਚ
ਪੰਜਾਬ ਵਿੱਚ ਕਰਫਿਊ ਲੱਗਣ ਕਾਰਨ ਹੁਣ ਕਿਸਾਨਾਂ ਨੂੰ ਸਿਰੇ ’ਤੇ ਆਈ ਹਾੜ੍ਹੀ ਦੀ ਫਸਲ ਡੁੱਬਣ ਦਾ ਵੀ ਡਰ ਸਤਾਉਣ ਲੱਗਾ ਹੈ। ਕਰਫਿਊ ਕਾਰਨ ਖੇਤੀ ਸੰਦ ਬਣਾਉਣ ਵਾਲੀਆਂ ਫੈਕਟਰੀਆਂ ਤੇ ਰਿਪੇਅਰ ਕਰਨ ਵਾਲੀਆਂ ਸਾਰੀਆਂ ਵਰਕਸ਼ਾਪਾਂ ਬੰਦ ਹਨ। ਕਈ ਕਿਸਾਨਾਂ ਨੇ ਨਵੇਂ ਸੰਦ ਖਰੀਦਣੇ ਹਨ ਅਤੇ ਕਈਆਂ ਨੇ ਪੁਰਾਣਿਆਂ ਦੀ ਮੁਰੰਮਤ ਕਰਵਾਉਣੀ ਹੈ। ਕੰਬਾਈਨਾਂ ਦੀ ਸਰਵਿਸ ਨੂੰ ਲੈ ਕੇ ਕਿਸਾਨ ਪਰੇਸ਼ਾਨ ਨਜ਼ਰ ਆ ਰਿਹਾ ਹੈ। ਚੜ੍ਹਦੇ ਅਪਰੈਲ ਵਿੱਚ ਪੰਜਾਬ ਦੇ ਮਾਲਵੇ ਖਿੱਤੇ ਵਿੱਚ ਹਾੜ੍ਹੀ ਦੀ ਫਸਲ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਅਤੇ ਕਿਸਾਨ ਇਨ੍ਹਾਂ ਦਿਨਾਂ ਵਿੱਚ ਆਪਣੇ ਸੰਦਾਂ ਦੀ ਖਰੀਦ ਫਰੋਖਤ ਕਰਦਾ ਹੈ। ਕਿਸਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਖੇਤੀ ਸੰਦਾਂ ਦੀ ਰਿਪੇਅਰ ਕਰਵਾਉਣ ਤੇ ਖੇਤੀ ਸੰਦ ਬਣਾਉਣ ਵਾਲੀਆ ਵਰਕਸ਼ਾਪਾਂ ਨੂੰ ਕਰਫਿਊ ਤੋਂ ਛੋਟ ਦਿੱਤੀ ਜਾਵੇ। ਕਿਸਾਨਾਂ ਨੂੰ ਇਸ ਵਾਰ ਹਾਲਾਤ ਖਰਾਬ ਹੋਣ ਕਾਰਨ ਦੂਸਰੇ ਰਾਜਾਂਤੋਂ ਆਉਣ ਵਾਲੇ ਮਜ਼ਦੂਰਾਂ ਦੇ ਨਾ ਆਉਣ ਦਾ ਡਰ ਵੀ ਸਤਾ ਰਿਹਾ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਕਰਫਿਊ ਦੌਰਾਨ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਦੇ ਦੁੱਧ ਦੀ ਸਪਲਾਈ, ਖੇਤੀ ਸੰਦਾਂ ਦੀ ਰਿਪੇਅਰ ਦੀਆਂ ਵਰਕਸ਼ਾਪਾਂ, ਦਵਾਈਆਂ ਦੀਆਂ ਦੁਕਾਨਾਂ ਅਤੇ ਕਰਿਆਨਾ ਸਟੋਰਾਂ ਨੂੰ ਛੋਟ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਫੈਲਣ ਵਾਲੀ ਬਿਮਾਰੀ ਕਾਰਨ ਪਹਿਲਾਂ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਕਰਫਿਊ ਕਰਨ ਤੇ ਹੁਣ ਮੋਦੀ ਸਰਕਾਰ ਵੱਲੋਂ ਇਸ ਨੂੰ 21 ਦਿਨਾਂ ਲਈ ਵਧਾਉਣ ਤੇ ਅਫਸਰਸ਼ਾਹੀ ਵੱਲੋਂ ਜਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਸ ਨਾਲ ਕਿਸਾਨਾਂ-ਮਜ਼ਦੂਰ ਤੇ ਹੋਰ ਮਿਹਨਤਕਸ਼ਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਜਾਣ ਦੀ ਸੰਭਾਵਨਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਜ਼ਰੂਰੀ ਵਸਤਾਂ, ਮੈਡੀਕਲ ਸਟੋਰਾਂ, ਕਰਿਆਨਾ ਦੁਕਾਨਦਾਰਾਂ ਤੇ ਫ਼ਲ-ਸਬਜ਼ੀਆਂ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਣ ਦੇ ਜੋ ਗੈਰ-ਅਮਲੀ ਫ਼ਰਮਾਨ ਜਾਰੀ ਕੀਤੇ ਗਏ ਹਨ ਉਹ ਅਫਸਰਸ਼ਾਹੀ ਦੀ ਨਾਕਾਬਲੀਅਤ ਅਤੇ ਲੋਕ ਵਿਰੋਧੀ ਵਤੀਰੇ ਨੂੰ ਦਰਸਾਉਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸੁਆਲ ਕੀਤਾ ਕਿ ਕੀ ਉਪਰੋਕਤ ਦੁਕਾਨਦਾਰਾਂ ਕੋਲ ਦਵਾਈਆਂ, ਕਰਿਆਨੇ ਦਾ ਸਾਮਾਨ ਤੇ ਫ਼ਲ-ਸਬਜ਼ੀਆਂ ਘਰ-ਘਰ ਪਹੁੰਚਾਉਣ ਜੋਗੀ ਮਨੁੱਖੀ ਸ਼ਕਤੀ ਹੈ? ਕੀ ਦਵਾਈਆਂ ਦਾ ਸਮੱਚੇ ਜ਼ਿਲੇ ਵਿੱਚ ਜਾਰੀ ਚਾਰ ਮੋਬਾਈਲ ਨੰਬਰਾਂ ਨਾਲ ਬਿਮਾਰ ਵਿਅਕਤੀਆਂ ਲਈ ਸਮੇਂ ਸਿਰ ਪ੍ਰਬੰਧ ਹੋ ਜਾਵੇਗਾ? ਉਨਾਂ ਮੰਗ ਕੀਤੀ ਕਿ ਮੈਡੀਕਲ ਸਟੋਰ, ਕਰਿਆਨਾ ਸਟੋਰ ਅਤੇ ਫ਼ਲ-ਸਬਜ਼ੀਆਂ ਦੀਆਂ ਦੁਕਾਨਾਂ ਨੂੰ ਸਾਰਾ ਦਿਨ ਖੋਲ੍ਹਿਆ ਜਾਵੇ ਤੇ ਸਗੋਂ ਇਨ੍ਹਾਂ ਦੀ ਗਿਣਤੀ ਵਧਾਉਣ ਦਾ ਪ੍ਰਸ਼ਾਸਨ ਪ੍ਰਬੰਧ ਕਰੇ। ਦੁੱਧ ਦਾ ਰੇਟ 10 ਤੋਂ 12 ਰੁਪਏ ਪ੍ਰਤੀ ਕਿਲੋ ਡਿੱਗ ਗਿਆ ਹੈ ਤੇ ਵੱਡੀਆਂ ਪ੍ਰਾਈਵੇਟ ਡੇਅਰੀਆਂ ਨੇ ਕਰਫਿਊ ਕਰ ਕੇ ਕਿਸਾਨਾਂ ਤੋਂ ਦੁੱਧ ਖਰੀਦਣਾ ਬੰਦ ਕਰ ਦਿੱਤਾ ਹੈ। ਇੱਥੋਂ ਤੱਕ ਕਿ ਵੇਰਕਾ ਮਿਲਕ ਪਲਾਂਟ ਤੇ ਅਮੁਲ ਵਰਗੀਆਂ ਕੰਪਨੀਆਂ ਨੇ ਵੀ ਕਿਸਾਨਾਂ ਕੋਲੋਂ ਦੁੱਧ ਦੀ ਖਰੀਦ ਘਟਾ ਦਿੱਤੀ ਹੈ। ਹਰ ਥਾਂ ਹਲਵਾਈਆਂ ਦੀ ਦੁਕਾਨਾਂ ਬੰਦ ਹੋਣ ਕਰ ਕੇ ਵੀ ਦੁੱਧ ਦੀ ਖਪਤ ਘੱਟ ਗਈ ਹੈ। ਉਨਾਂਂ ਸਰਕਾਰ ਕੋਲੋਂ ਮੰਗ ਕੀਤੀ ਕਿ ਦੁੱਧ ਉਤਪਾਦਨ ਦੀ ਯੋਗ ਵਰਤੋਂ ਲਈ ਵੱਡੀਆਂ ਫੈਕਟਰੀਆਂ ਨੂੰ ਚਲਾਇਆ ਜਾਵੇ ਤੇ ਦੁੱਧ ਦੀ ਢੋਆ-ਢੁਆਈ ਨੂੰ ਪਾਬੰਦੀਆਂ ਤੋਂ ਮੁਕਤ ਕੀਤਾ ਜਾਵੇ। ਪਿੰਡਾਂ ਵਿਚਲੇ ਸਿਹਤ ਢਾਂਚੇ ਨੂੰ ਕੰਮ ਕਰਨ ਦਿੱਤਾ ਜਾਵੇ ਨਾ ਕਿ ਉਨਾਂ ਤੇ ਪਰਚੇ ਕੀਤੇ ਜਾਣ। ਮੈਡੀਕਲ ਪ੍ਰੈਕਟੀਸ਼ਨਰਾਂ ‘ਤੇ ਕੀਤੇ ਪਰਚੇ ਰੱਦ ਕੀਤੇ ਜਾਣ। ਦਵਾਈਆਂ, ਕਰਿਆਨੇ ਤੇ ਫ਼ਲਾਂ ਸਬਜ਼ੀਆਂ ਦੀਆਂ ਦੁਕਾਨਾਂ ‘ਤੇ ਕੋਈ ਪਾਬੰਦੀ ਨਾ ਲਾਈ ਜਾਵੇ ਤੇ ਇਨ੍ਹਾਂ ਵਸਤਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਪ੍ਰਸਾਸ਼ਨ ਨੂੰ ਯਾਦ ਕਰਵਾਇਆ ਕਿ ਦੱਖਣੀ ਕੋਰੀਆ ਨੇ ਬਿਨਾਂ ਕਿਸੇ ਕਰਫਿਊ ਦੇ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਹੈ। ਇਸ ਲਈ ਉਨਾਂ ਦੇ ਕੰਮ ਢੰਗ ਤੋਂ ਸਿੱਖ ਕੇ ਘੱਟ ਤੋਂ ਘੱਟ ਪਾਬੰਦੀਆਂ ਲਾ ਕੇ, ਲੋਕਾਂ ਦੇ ਸਹਿਯੋਗ ਨਾਲ ਇਸ ਹਾਲਤ ਦਾ ਮੁਕਾਬਲਾ ਕੀਤਾ ਜਾਵੇ ਨਾ ਕਿ ਲੋਕਾਂ ਨਾਲ ਦੋਸ਼ੀਆਂ ਵਾਂਗ ਵਿਹਾਰ ਕੀਤਾ ਜਾਵੇ।